ਅੰਮ੍ਰਿਤਸਰ 4 ਫਰਵਰੀ (ਖ਼ਬਰ ਖਾਸ ਬਿਊਰੋ)
ਥਾਣਾ ਛੇਹਰਟਾ ਦੀ ਪੁਲਿਸ ਨੇ ਮੰਗਲਵਾਰ ਰਾਤ ਨੂੰ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੋ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ਼ ਹਰੀਕੇ ਦੇ ਇਸ਼ਾਰੇ ‘ਤੇ ਫਿਰੋਤੀਆਂ ਵਸੂਲ ਰਹੇ ਸਨ। ਪੁਲਿਸ ਵਲੋਂ ਹਿਰਾਸਤ ਵਿਚ ਲਏ ਦੋਸ਼ੀਆਂ ਵਿਚੋ ਇਕ ਦੋਸ਼ੀ ਜਗਰੂਪ ਸਿੰਘ ਉਰਫ਼ ਚਰਨਾ ਨੇ ਪੁਲਿਸ ਨੂੰ ਉਲਟੀ ਆਉਣ ਦਾ ਬਹਾਨਾ ਲਾਇਆ। ਜਿਉਂ ਹੀ ਪੁਲਿਸ ਨੇ ਉਸਨੂੰ ਪੁਲਿਸ ਗੱਡੀ ਤੋਂ ਹੇਠਾਂ ਉਤਾਰਿਆ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਨ ਲਈ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਪੁਲਿਸ ਅਨੁਸਾਰ ਇੰਸਪੈਕਟਰ ਵਿਨੋਦ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਤਰਨਤਾਰਨ ਦੇ ਪੱਟੀ ਦਾ ਰਹਿਣ ਵਾਲਾ ਜਗਰੂਪ ਸਿੰਘ ਉਰਫ ਚਰਨਾ, ਤਲਵੰਡੀ ਮੇਹਰ ਦਾ ਰਹਿਣ ਵਾਲਾ ਜੁਗਰਾਜ ਸਿੰਘ ਉਰਫ ਕਾਜ਼ੀ ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਲਖਬੀਰ ਸਿੰਘ ਉਰਫ ਦੇ ਇਸ਼ਾਰੇ ‘ਤੇ ਕਾਰੋਬਾਰੀਆਂ ਨੂੰ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਵਸੂਲ ਰਹੇ ਹਨ। ਪੁਲਿਸ ਨੇ ਸੂਚਨਾ ਮਿਲਣ ਉਤੇ ਛਾਪਾ ਮਾਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਇੱਕ 32 ਬੋਰ ਦਾ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਤਿੰਨੋਂ ਦੋਸ਼ੀ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਦੀ ਰੇਕੀ ਕਰਨ ਆਏ ਸਨ। ਇਸ ਤੋਂ ਪਹਿਲਾਂ, ਮੁਲਜ਼ਮ ਨੇ ਕਾਰੋਬਾਰੀ ਦੇ ਘਰ, ਕਾਰਾਂ ਅਤੇ ਕੰਮ ਵਾਲੀ ਥਾਂ ਦੀਆਂ ਫੋਟੋਆਂ ਖਿੱਚੀਆਂ ਸਨ ਅਤੇ ਉਨ੍ਹਾਂ ਨੂੰ ਆਪਣੇ ਮੋਬਾਈਲ ਫੋਨ ਰਾਹੀਂ ਲਖਬੀਰ ਸਿੰਘ ਹਰੀਕੇ ਨੂੰ ਵਿਦੇਸ਼ ਭੇਜਿਆ ਸੀ। ਵਿਦੇਸ਼ ਬੈਠਾ ਦੋਸ਼ੀ ਲਖਬੀਰ ਸਿੰਘ ਹਰੀਕੇ ਕਾਰੋਬਾਰੀ ਨੂੰ ਉਸਦੀ ਫੋਟੋ ਭੇਜ ਕੇ ਧਮਕੀ ਦੇ ਰਿਹਾ ਸੀ ਅਤੇ ਲੱਖਾਂ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਜਦੋਂ ਪੁਲਿਸ ਤਿੰਨਾਂ ਮੁਲਜ਼ਮਾਂ ਨੂੰ ਥਾਣੇ ਲਿਆ ਰਹੀ ਸੀ, ਤਾਂ ਗੈਂਗਸਟਰ ਚਰਨਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੁਲਿਸ ਦੀ ਗੱਡੀ ਵਿੱਚ ਡਰ ਮਹਿਸੂਸ ਕਰ ਰਿਹਾ ਸੀ।ਪੁਲਿਸ ਅਨੁਸਾਰ ਚਰਨਾ ਨੇ ਉਲਟੀ ਆਉਣ ਦੀ ਗੱਲ ਕਹੀ । ਪੁਲਿਸ ਨੇ ਉਸਨੂੰ ਆਪਣੀ ਗੱਡੀ ਤੋਂ ਹੇਠਾਂ ਉਤਾਰ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਮੌਕਾ ਸੰਭਾਲਦਿਆਂ ਏਐਸਆਈ ਪਵਨ ਕੁਮਾਰ ਦੀ ਸਰਵਿਸ ਪਿਸਤੌਲ ਡੱਬ ਵਿੱਚੋਂ ਕੱਢ ਲਈ ਅਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਇਸੀ ਦੌਰਾਨ ਪੁਲਿਸ ਨੇ ਮੌਕਾ ਸੰਭਾਲਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਏ ਚਰਨਾ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋਸ਼ੀ ਨੂੰ ਫੜ ਲਿਆ।