ਜਲੰਧਰ 27 ਜਨਵਰੀ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫਿਲੌਰ ਤੇ ਹੋਰ ਆਗੂਆਂ ਨੇ ਅਕਾਲੀ ਆਗੂਆਂ ਉਤੇ ਸਿੰਘ ਸਾਹਿਬਾਨ ਉਤੇ ਦਬਾਅ ਬਣਾਉਣ ਦਾ ਯਤਨ ਕਰਨ ਦਾ ਦੋਸ਼ ਲਾਇਆ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਸਿੰਘ ਸਾਹਿਬਾਨ ਤੇ ਆਪਣਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ 2 ਦਸੰਬਰ ਦੇ ਹੁਕਮਨਾਮਿਆਂ ਦੀ ਭਾਵਨਾ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਈ ਦਫਾ ਆਪਣੇ ਆਦੇਸ਼ਾਂ ਰਾਹੀਂ ਸਪਸ਼ਟ ਤੌਰ ਤੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਕਮਨਾਮਿਆਂ ਨੂੰ ਮੰਨਣ ਤੋਂ ਆਨਾਕਾਨੀ ਨਾ ਕੀਤੀ ਜਾਵੇ। ਉਹਨਾਂ ਨੇ ਇਹ ਵੀ ਆਖਿਆ ਹੈ ਕੀ ਗਿਆਨੀ ਹਰਪ੍ਰੀਤ ਸਿੰਘ ਦੀ ਪੜਤਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਕਰ ਸਕਦੇ। ਇਸ ਦੇ ਬਾਵਜੂਦ ਇਹ ਪੜਤਾਲ ਜਾਰੀ ਹੈ ਤੇ ਸਿੰਘ ਸਾਹਿਬਾਨ ਦੇ ਹੁਕਮ ਦੀ ਸਿੱਧੇ ਤੌਰ ਤੇ ਉਲੰਘਣਾ ਕੀਤੀ ਜਾ ਰਹੀ ਹੈ। ਹੁਣ ਇਹ ਗੱਲ ਸਾਫ ਨਜ਼ਰ ਆ ਰਹੀ ਹੈ ਕਿ ਅਕਾਲੀ ਆਗੂ ਇਹ ਸਾਰੀਆਂ ਚਾਲਾਂ ਸਿੱਖੀ ਸਿਧਾਂਤ ਅਤੇ ਮੀਰੀ ਪੀਰੀ ਦੇ ਸੰਕਲਪ ਵਿਰੁੱਧ ਚਲਾ ਰਹੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਸੀ ਖੇਤਰ ਦੌਰਾਨ ਜੋ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣ ਬੁੱਝ ਕੇ ਤੇ ਬਦਲਾਓ ਭਾਵਨਾ ਮੁਤਾਬਿਕ ਨਿਸ਼ਾਨਾ ਬਣਾਇਆ ਇਸ ਦੀ ਸਿੱਖ ਪੰਥ ਵੱਲੋਂ ਚਓ ਚਪੇਰਿਆਂ ਤੋਂ ਕਰੜੀ ਨਿੰਦਾ ਕੀਤੀ ਗਈ ਹੈ ਸਮੁੱਚਾ ਸਿੱਖ ਪੰਥ ਅਤੇ ਪੰਜਾਬ ਦੇ ਹਿਤੈਸ਼ੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਇਸ ਔਖੀ ਘੜੀ ਦੇ ਸਮੇਂ ਖੜੇ ਹਨ ਤੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਉਹਨਾਂ ਨੂੰ ਸਾਡਾ ਸਾਰਿਆਂ ਦਾ ਪੂਰਨ ਸਹਿਯੋਗ ਹੈ ਜਿਸ ਤਰ੍ਹਾਂ ਸਿੰਘ ਸਾਹਿਬਾਨ ਦੇ ਨਾਲ ਨਿੱਜੀ ਕਿੜਾਂ ਕੱਢਣ ਦਾ ਵਰਤਾਰਾ ਸ਼ੁਰੂ ਕੀਤਾ ਅਤੇ ਉਨਾਂ ਦੇ ਮਾਣ ਸਨਮਾਨ ਦੀ ਪਰਵਾਹ ਨਾ ਕਰਦੇ ਹੋਏ ਕਿਰਦਾਰ ਕੁਸ਼ੀ ਕਰਨ ਦੇ ਵੱਡੇ ਉਪਰਾਲੇ ਵੀ ਹੋਏ ਹਨ ਕਈ ਅਕਾਲੀ ਲੀਡਰਾਂ ਵੱਲੋਂ, ਇਸ ਨਾਲ ਸਿੱਖ ਜਗਤ ਵਿੱਚ ਬੜੀ ਰੋਸ ਦੀ ਲਹਿਰ ਬਣੀ ਹੈ ਜੋ ਲੋਕ ਇਸ ਦੇ ਪਿੱਛੇ ਹਨ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਵਰਤਾਰੇ ਨਾਲ ਸਮੁੱਚੀ ਕੌਮ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।.
ਸਿੰਘ ਸਾਹਿਬਾਨਾਂ ਦੀ ਇਕੱਤਰਤਾ 28 ਤਰੀਕ ਵਾਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਮੂਹ ਸੰਗਤਾਂ ਦੇ ਮਨਾਂ ਵਿੱਚ ਬੜੀ ਹੈਰਾਨੀ ਅਤੇ ਅਨਿਸ਼ਚਿਤਤਾ ਪੈਦਾ ਹੋਈ ਹੈ ਸਿੰਘ ਸਾਹਿਬਾਨਾਂ ਦੀ ਇਸ ਇਕੱਤਰਤਾ ਨੂੰ ਬਹੁਤ ਅਹਿਮੀਅਤ ਨਾਲ ਦੇਖਿਆ ਜਾ ਰਿਹਾ ਸੀ ਕਰਕੇ ਹੁਕਮਨਾਮਿਆਂ ਨੂੰ ਮੰਨਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਨਾਕਾਨੀ ਕਰ ਰਹੀ ਹੈ। ਇਸ ਲਈ ਜੋ ਦੁਬਿਧਾ ਪਿਛਲੇ ਸਮੇਂ ਵਿੱਚ ਪੈਦਾ ਹੋਈ ਸੀ ਤੇ ਅਕਾਲੀ ਆਗੂ ਮੀਰੀ ਪੀਰੀ ਦੇ ਸਿਧਾਂਤ ਨੂੰ ਚੁਣੌਤੀ ਦੇ ਰਹੇ ਸਨ ਉਸ ਨੂੰ ਲੈ ਕੇ ਸਿੰਘ ਸਾਹਿਬਾਨ ਦੀ ਇਕੱਤਰਤਾ ਅਤੀ ਜਰੂਰੀ ਬਣਦੀ ਸੀ ਜਿਸ ਵਿੱਚ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮੇ ਦੀ ਪਾਲਣਾ ਦੇ ਸੰਬੰਧ ਵਿੱਚ ਸਪਸ਼ਟ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਬੰਧ ਕਰਦੇ।
ਆਗੂਆਂ ਨੇ ਕਿਹਾ ਕਿ ਸਿੰਘ ਸਾਹਿਬਾਨ ਗਿਆਨੀ ਰਘਵੀਰ ਸਿੰਘ ਜੀ ਨੇ ਮੁੜ ਮੀਡੀਆ ਨਾਲ ਸਬੰਧਨ ਹੁੰਦਿਆ ਆਖਿਆ ਹੈ ਕਿ 7 ਮੈਂਬਰੀ ਕਮੇਟੀ ਸਾਰੀ ਭਰਤੀ ਦੀ ਨਿਗਰਾਨੀ ਅਤੇ ਉਸਦੀ ਦੇਖਰੇਖ ਹੇਠ ਹੋਵੇ ਉਹਨਾਂ ਦੀ ਇਸ ਗੱਲ ਤੋਂ ਇਹ ਆਦੇਸ਼ ਪੰਥ ਵਾਸਤੇ ਜਾਂਦਾ ਹੈ ਕਿ ਹੁਕਮਨਾਮਿਆਂ ਦੇ ਮੁਤਾਬਿਕ ਸਮੁੱਚੀ ਭਰਤੀ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਵੇ ਅਤੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਬਦਸਲੂਕੀ ਕੀਤੀ ਜਾ ਰਹੀ ਹੈ। ਉਸ ਨੂੰ ਲੈ ਕੇ ਆਖਿਆ ਹੈ ਕਿ ਉਹਨਾਂ ਦਾ ਮਾਣ ਸਤਿਕਾਰ ਕਾਇਮ ਰੱਖਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਏ ਹੁਕਮਨਾਮੇ ਤੁਰੰਤ ਮੰਨਣੇ ਚਾਹੀਦੇ ਸਨ ਅਤੇ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਣਾ ਚਾਹੀਦਾ ਸੀ। ਇਸ ਲੀਡਰਸ਼ਿਪ ਦੀ ਢਿੱਲ ਮੱਠ ਕਾਰਨ ਸਿੱਖ ਕੌਮ ਨੂੰ ਬੜੀ ਨਮੋਸ਼ੀ ਝੱਲਣੀ ਪੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਧਾਮੀ ਸਾਹਿਬ ਦਾ ਬਹੁਤ ਵੱਡਾ ਫਰਜ਼ ਬਣਦਾ ਸੀ ਕਿ ਉਹ ਸਾਰੇ ਹੁਕਮਨਾਮੇ ਲਾਗੂ ਕਰਵਾਉਂਦੇ। ਜੋ ਤਰਕ ਅਤੇ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਸਿੱਖ ਪੰਥ ਦੇ ਸਿਧਾਂਤ ਨੂੰ ਲੈ ਕੇ ਉਹ ਸਾਰੀਆਂ ਗਲਤ ਅਤੇ ਬੇਬੁਨਿਆਦ ਹਨ। ਸਿੱਖ ਇਤਿਹਾਸ ਵਿੱਚ ਪਹਿਲੀ ਦਫਾ ਇਹ ਦੇਖਣ ਨੂੰ ਮਿਲਿਆ ਹੈ ਕਿ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਹੁਕਮਨਾਮਿਆਂ ਨੂੰ ਚੁਣੌਤੀ ਵੀ ਦੇ ਰਹੀ ਹੈ ਅਤੇ ਮੰਨਣ ਤੋਂ ਭੱਜ ਰਹੀ ਹੈ।
ਅੱਜ ਦੇ ਸਮੇਂ ਪੰਥਕ ਹਾਲਾਤ ਤੇ ਸਥਿਤੀ ਬਹੁਤ ਡਾਵਾਂ ਡੋਲ ਨਜ਼ਰ ਆਉਂਦੀ ਹੈ ਅਤੇ ਦੋ ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਸੰਗਤਾਂ ਵਿੱਚ ਬਣਿਆ ਉਤਸ਼ਾਹ ਅਤੇ ਜਜ਼ਬਾ ਜਿਉਂ ਦਾ ਤਿਉਂ ਹੀ ਰਹਿ ਗਿਆ ਹੈ ਇਸ ਲਈ ਸਮੁੱਚੇ ਸਿੱਖ ਪੰਥ, ਧਾਰਮਿਕ ਸੰਸਥਾਵਾਂ,ਸਿੱਖ ਬੁੱਧੀਜੀਵੀਆਂ ਅਤੇ ਪੰਥਕ ਹਿਤੈਸ਼ੀਅੀਆਂ ਨੂੰ ਸਾਂਝੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਾਉਣ ਵਾਸਤੇ ਆਪਣੇ ਯਤਨ ਕਰਨੇ ਚਾਹੀਦੇ ਹਨ ਤੇ ਸਿੰਘ ਸਹਿਬਾਨ ਦੇ ਨਾਲ ਤਕੜੇ ਹੋ ਕੇ ਖੜਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਭਗੌੜਿਆਂ ਨੂੰ ਜਿਨ੍ਹਾਂ ਨੇ ਸਾਡੇ ਸਿਧਾਂਤ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਡੱਟ ਕੇ ਜਵਾਬ ਦੇ ਸਕੀਏ ਅਤੇ ਉਹਨਾਂ ਦਾ ਵਿਰੋਧ ਕੀਤਾ ਜਾਵੇ।