ਚੰਡੀਗੜ੍ਹ 23 ਜਨਵਰੀ (ਖ਼ਬਰ ਖਾਸ ਬਿਊਰੋ)
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਅਸਾਮ ਦੀ ਡਿਬਰੂਗੜ ਜੇਲ ਵਿਚ ਬੰਦ ਹੈ, ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬਜ਼ਟ ਸੈਸ਼ਨ ਵਿਚ ਸ਼ਾਮਲ ਹੋਣ ਦੀ ਮੰਗ ਕੀਤੀ। ਪਟੀਸ਼ਨਰ ਨੇ ਸੰਵਿਧਾਨ ਦੇ ਅਨੁਛੇਦ 14, 19 ਅਤੇ 21 ਦਾ ਹਵਾਲਾ ਦਿੰਦੇ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੇ ਵਕੀਲਾਂ ਰਾਹੀਂ ਦਾਇਰ ਕੀਤੀ ਪਟਿਸ਼ਨ ਵਿਚ ਹਵਾਲਾ ਦਿੱਤਾ ਹੈ ਕਿ ਉਹ 19 ਲੱਖ ਲੋਕਾਂ ਦਾ ਨੁਮਾਇੰਦਾ ਹੈ। ਸੈਸ਼ਨ ਵਿੱਚ ਆਪਣੀ ਮੌਜੂਦਗੀ ਯਕੀਨੀ ਬਣਾਉਣਾ ਤੇ ਲੋਕਾਂ ਦੀਆਂ ਮੰਗਾਂ ਨੂੰ ਉਭਾਰਨਾਂ ਉਨ੍ਹਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਦਾ ਹਿੱਸਾ ਹੈ।

ਅੰਮ੍ਰਿਤਪਾਲ ਸਿੰਘ ਵਿਰੁੱਧ ਦੋ ਮੁਕਦਮੇ ਦਰਜ਼ ਹਨ। FIR ਨੰਬਰ 29 (16 ਫਰਵਰੀ, 2023) ਅਤੇ FIR ਨੰਬਰ 39 (24 ਫਰਵਰੀ, 2023) ਤਹਿਤ ਉਸ ‘ਤੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ, 18 ਮਾਰਚ, 2023 ਨੂੰ, ਅੰਮ੍ਰਿਤਸਰ ਦੇ ਡਿਪਟੀ ਮੈਜਿਸਟ੍ਰੇਟ ਵੱਲੋਂ ਉਸਦੇ ਵਿਰੁੱਧ ਨਜ਼ਰਬੰਦੀ ਹੁਕਮ ਜਾਰੀ ਕੀਤਾ ਗਿਆ, ਜਿਸ ਨੂੰ 22 ਅਪ੍ਰੈਲ, 2024 ਤੱਕ ਵਧਾ ਦਿੱਤਾ ਗਿਆ।
ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਇਸ ਸਮੇਂ ਡਿਬਰੂਗੜ੍ਹ (ਅਸਾਮ) ਜੇਲ੍ਹ ਵਿੱਚ ਬੰਦ ਹਨ। ਹਾਲਾਂਕਿ 22 ਅਪ੍ਰੈਲ 2024 ਨੂੰ ਉਸਦੀ ਨਜ਼ਰਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ 13 ਮਾਰਚ 2024 ਨੂੰ ਇੱਕ ਨਵਾਂ ਨਜ਼ਰਬੰਦੀ ਆਦੇਸ਼ ਜਾਰੀ ਕੀਤਾ ਗਿਆ ਸੀ, ਪਰ ਇਸ ਵਿੱਚ ਮਿਆਦ ਦਾ ਜ਼ਿਕਰ ਨਹੀਂ ਸੀ। ਇਸ ਹੁਕਮ ਨੂੰ ਰਾਜ ਸਰਕਾਰ ਨੇ 3 ਜੂਨ 2024 ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ 6 ਜੂਨ 2024 ਨੂੰ ਤਰੀਕਾਂ ਨੂੰ ਸੋਧਦੇ ਹੋਏ ਇੱਕ ਹੋਰ ਹੁਕਮ ਜਾਰੀ ਕੀਤਾ ਗਿਆ ਸੀ।
ਪਟੀਸ਼ਨਕਰਤਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸਦੇ ਨਜ਼ਰਬੰਦੀ ਆਦੇਸ਼ ਵਿੱਚ ਵਾਰ-ਵਾਰ ਗਲਤੀਆਂ ਅਤੇ ਸੋਧਾਂ ਪ੍ਰਸ਼ਾਸਨ ਦੀ ਪੂਰੀ ਲਾਪਰਵਾਹੀ ਨੂੰ ਦਰਸਾਉਂਦੀਆਂ ਹਨ। ਅੰਮ੍ਰਿਤਪਾਲ ਸਿੰਘ 2024 ਦੀਆਂ ਆਮ ਚੋਣਾਂ ਵਿੱਚ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਸਨ। ਉਸਨੇ 4 ਲੱਖ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਚੋਣ ਜਿੱਤੀ ਸੀ।