ਸਮਰਾਲਾ 17 ਜਨਵਰੀ (ਖ਼ਬਰ ਖਾਸ ਬਿਊਰੋ)
ਨਜ਼ਦੀਕੀ ਪਿੰਡ ਗੌਂਸਗੜ ਦੇ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਖੁਦ ਨੂੰ ਗੋਲੀ ਮਾਰਕੇ ਖੁਦਕਸ਼ੀ ਕਰ ਲਈ। ਨੌਜਵਾਨ ਨੇ ਘਟਨਾਂ ਨੂੰ ਅੰਜਾਮ ਆਪਣੀ ਫਾਰਚੂਨਰ ਗੱਡੀ ਵਿਚ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਦਿੱਤਾ ਹੈ।
ਪਤਾ ਲੱਗਿਆ ਹੈ ਕਿ ਸੁਰਿੰਦਰ ਸਿੰਘ ਛਿੰਦਾ ਕਰੀਬ ਇਕ ਸਾਲ ਪਹਿਲਾਂ ਅਮਰੀਕਾ ਤੋਂ ਵਤਨ ਪਰਤਿਆ ਸੀ। ਰੋਜ ਦੀ ਤਰਾਂ ਉਹ ਸਵੇਰੇ ਡੇਅਰੀ ਵਿਚ ਦੁੱਧ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਘਰੋਂ ਚਲਾ ਗਿਆ। ਇਸਤੋਂ ਬਾਅਦ ਪਿੰਡ ਦੇ ਹੀ ਨੇੜੇ ਉਸਨੇ ਫਾਰਚੂਨਰ ਗੱਡੀ ਵਿਚ ਆਪਣੇ ਆਪ ਨੂੰ ਗੋਲੀ ਮਾਰ ਅਤੇ ਗੱਡੀ ਬੇਕਾਬੂ ਹੋ ਕੇ ਖੇਤਾਂ ਵਿਚ ਚਲੇ ਗਈ। ਚਸਮਦੀਦਾਂ ਦਾ ਕਹਿਣਾ ਹੈ ਕਿ ਫਾਰਚੂਨਰ ਗੱਡੀ ਖੰਭੇ ਨਾਲ ਟਕਰਾਉਣ ਬਾਅਦ ਖੇਤਾਂ ਵਿਚ ਡਿੱਗਣ ਨਾਲ ਉਸ ਵਿਚੋਂ ਧੂੰਆਂ ਨਿਕਲਣ ਲੱਗ ਪਿਆ।
ਪੁਲਿਸ ਮੁਤਾਬਕਿ ਜਗਰੂਪ ਸਿੰਘ ਨਾਮਕ ਵਿਅਕਤੀ ਨੇ ਲਹੂ ਲੁਹਾਣ ਹੋਏ ਨੌਜਵਾਨ ਨੂੰ ਸ਼ੀਸ਼ਾ ਤੋੜਕੇ ਬਾਹਰ ਕੱਢਿਆ। ਨੌਜਵਾਨ ਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਵਜੋਂ ਹੋਈ, ਜਿਸਦੀ ਛਾਤੀ ਵਿਚ ਗੋਲੀ ਲੱਗੀ ਹੋਈ ਸੀ। ਪੁਲਿਸ ਅਨੁਸਾਰ ਸੁਰਿੰਦਰ ਛਿੰਦਾ ਦੇ ਦੋ ਗੋਲੀਆਂ ਇਕ ਲੱਤ ਤੇ ਦੂਜੀ ਉਸਦੀ ਛਾਤੀ ਤੋਂ ਆਰਪਾਰ ਨਿਕਲ ਗਈ।
ਪੁਲਿਸ ਜ਼ਿਲਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ, ਡੀਐੱਸਪੀ (ਡੀ) ਸੁਖਪ੍ਰੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਸ ਵਲੋਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੁਰਿੰਦਰ ਛਿੰਦਾ ਦਾ ਲਾਇਸੈਂਸੀ ਅਸਲਾ ਗੰਨ ਹਾਊਸ ਵਿਚ ਜਮ੍ਹਾ ਸੀ ਅਤੇ ਅੱਜ ਹੀ ਉਸਨੇ ਰਿਵਾਲਵਰ ਰੀਲੀਜ਼ ਕਰਵਾਇਆ ਸੀ।