ਚੰਡੀਗੜ੍ਹ , 15 ਜਨਵਰੀ (ਖ਼ਬਰ ਖਾਸ ਬਿਊਰੋ)
ਗੱਲ-ਗੱਲ ਉਤੇ ਬਾਬਾ ਸਾਹਿਬ ਡਾ ਅੰਬੇਦਕਰ ਦਾ ਨਾਮ ਜਪਣ ਵਾਲੀ ਪੰਜਾਬ ਸਰਕਾਰ ਨੇ ਇਸ ਵਾਰ ਕੈਲੰਡਰ ਵਿਚ ਬਾਬਾ ਸਾਹਿਬ ਡਾ ਬੀ.ਆਰ ਅੰਬੇਦਕਰ ਦੀ ਫੋਟੋ ਨੂੰ ਥਾਂ ਨਹੀਂ ਦਿੱਤੀ। ਇਸਨੂੰ ਲੈ ਕੇ ਦਲਿਤ ਲੀਡਰਸ਼ਿਪ ਭੜਕ ਗਈ ਹੈ। ਆਮ ਆਦਮੀ ਪਾਰਟੀ ਦੀ ਦਲਿਤ ਲੀਡਰਸ਼ਿਪ ਅੰਦਰੋ ਅੰਦਰ ਬਹੁਤ ਦੁਖੀ ਹੈ, ਪਰ ਅਨੁਸ਼ਾਸਨ ਕਾਰਨ ਉਹ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹਨ।
ਬਹੁਜਨ ਸਮਾਜ ਪਾਰਟੀ ਦੇ ਇਕੋ ਇਕ ਵਿਧਾਇਕ ਡਾ ਨਛੱਤਰ ਪਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਸਾਬਕਾ ਆਈ.ਏ.ਐੱਸ ਅਧਿਕਾਰੀ ਸੁੱਚਾ ਰਾਮ ਲੱਧੜ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ’ਤੇ ਹਮਲਾ ਕਰਦਿਆ ਦੋਸ਼ ਲਾਇਆ ਕਿ ਆਪ ਸਰਕਾਰ ਬਾਬਾ ਸਾਹਿਬ ਦੇ ਨਾਮ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਸਹੀ ਮਾਅਨਿਆਂ ਵਿਚ ਆਪ ਦਲਿਤਾਂ ਦੇ ਦਿਲੋਂ ਵਿਰੋਧੀ ਹੈ।
ਦੋਵੇਂ ਦਲਿਤ ਆਗੂਆਂ ਨੇ ਕਿਹਾ ਕਿ ਇਸਦਾ ਸਾਬੂਤ ਹੈ ਕਿ ਆਪ ਸਰਕਾਰ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਚੇਅਰਮੈਨ ਦੀ ਪੋਸਟ, ਸਾਬਕਾ ਚੇਅਰਪਰਸਨ ਤੇਜਿੰਦਰ ਕੌਰ ( ਸੇਵਾ ਮੁਕਤ ਆਈ.ਏ.ਐੱਸ) ਦੀ ਸੇਵਾਮੁਕਤੀ ਤੋ ਬਾਅਦ ਅਕਤੂਬਰ 2021 ਤੋਂ ਖਾਲੀ ਪਈ ਹੈ। ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਕਮਿਸ਼ਨ ਦਾ ਚੇਅਰਮੈਨ ਤੇ ਮੈਂਬਰਾਂ ਦੀ ਲਈ ਕੋਈ ਕਦਮ ਨਹੀਂ ਚੁੱਕਿਆ। ਜਿਸ ਕਰਕੇ ਦਲਿਤ ਵਰਗ ਨਾਲ ਸਬੰਧਤ ਲੋਕਾਂ ਨੂੰ ਨਿਆਂ ਲੈਣ ਲਈ ਭਟਕਣਾ ਪੈ ਰਿਹਾ ਹੈ।
ਡਾ ਨਛੱਤਰ ਪਾਲ ਨੇ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ ਅਨੁਸੂਚਿਤ ਜਾਤੀ ਤੇ ਪਿਛੜੇ ਵਰਗ ਦੀ ਭਲਾਈ ਲਈ ਕੋਈ ਵੀ ਕੰਮ ਨਹੀਂ ਕੀਤਾ। ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਸੰਵਿਧਾਨ ਨਿਰਮਾਤਾ ਡਾ ਬੀ.ਆਰ ਅੰਬੇਦਕਰ ਦੇ ਸੰਵਿਧਾਨ ਮੁਤਾਬਿਕ ਕੰਮ ਕਰਨ ਦਾ ਦਾਅਵਾ ਕਰਦੇ ਹਨ। ਉਹਨਾਂ ਕਿਹਾ ਕਿ ਹੁਣ ਤਾਂ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਕੈਲੰਡਰ ਵਿਚੋਂ ਵੀ ਹਟਾ ਦਿੱਤੀ ਹੈ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਆਪ ਬਾਬਾ ਸਾਹਿਬ ਦੀ ਫੋਟੋ ਸਿਰਫ਼ ਦਲਿਤ ਵਰਗ ਨੂੰ ਗੁੰਮਰਾਹ ਕਰਨ ਲਈ ਵਰਤ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜ ਨਗਰ ਨਿਗਮਾਂ ਦੀਆਂ ਹੋਈਆਂ ਚੋਣਾਂ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਕੋਈ ਵੀ ਅਸਾਮੀ ਦਲਿਤ ਵਰਗ ਲਈ ਰਾਖਵੀਂ ਨਹੀਂ ਰੱਖੀ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਆਪ ਬਾਬਾ ਸਾਹਿਬ ਦੀ ਫੋਟੋ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤ ਰਹੀ ਹੈ।
”ਸੁੱਕਾ ਹੇਜ ਮਤੇਈ ਦਾ, ਮੂੰਹ ਚੁੰਮੇ ਟੁੱਕ ਨਹੀਂ ਦੇਈਦਾ”
ਭਾਜਪਾ ਨੇਤਾ ਐੱਸ ਆਰ ਲੱਧੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਲਿਤ ਵਿਰੋਧੀ ਤੇ ਗਰੀਬਾਂ ਵਿਰੋਧੀ ਹਨ।
ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਜਦੋਂ ਕਿ ਪੰਜਾਬ ਵਿੱਚ ਤਿੰਨ ਸਾਲ ਅਤੇ ਦਿੱਲੀ ਵਿਖੇ ‘ਆਪ’ ਦਾ ਰਾਜ ਆਇਆ ਬਾਰਾਂ ਸਾਲ ਹੋ ਗਏ ਹਨ। ਉਹਨਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਅਤੇ ਭਗਵੰਤ ਮਾਨ ਹਮੇਸ਼ਾਂ ਬਾਬਾ ਸਾਹਿਬ ਡਾ ਅੰਬੇਡਕਰ ਦੇ ਸੋਹਲੇ ਬਥੇਰੇ ਗਾਉਂਦੇ ਨਜ਼ਰ ਆਉਂਦੇ ਹਨ। ਲੇਕਿਨ ਬਾਬਾ ਸਾਹਿਬ ਦੇ ਫ਼ਲਸਫ਼ੇ ਨੂੰ ਨਾ ਸਿਰਫ ਨਜ਼ਰਅੰਦਾਜ਼ ਕਰਦੇ ਹਨ ਬਲਕਿ ਉਸ ਦੇ ਉਲਟ ਕੰਮ ਕਰਦੇ ਹਨ।
ਉਹਨਾਂ ਕਿਹਾ ਕਿ ਦੇਸ ਵਿਚ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਸਭਤੋ ਵੱਧ 35% ਦਲਿਤ ਵੱਸੋਂ ਹੈ, ਪਰ 25% ਰਾਖਵਾਂਕਰਣ ਮਿਲ ਰਿਹਾ ਹੈ ਜੋ ਸੰਵਿਧਾਨ ਦੇ ਉਲਟ ਹੈ ਕਿਉਂਕਿ ਦੇਸ਼ ਦਾ ਸੰਵਿਧਾਨ ਵੱਸੋਂ ਮੁਤਾਬਿਕ ਰਾਖਵਾਂਕਰਣ ਦੀ ਵਕਾਲਤ ਕਰਦਾ ਹੈ । ਉਹਨਾਂ ਕਿਹਾ ਕਿ ਆਪ ਸਰਕਾਰ ਨੇ ਵੀ ਸਿਰਫ਼ ਝੂਠੇ ਵਾਅਦਿਆਂ ਦੀ ਰਾਜਨੀਤੀ ਕੀਤੀ ਹੈ ਤੇ ਝੂਠੀ ਇਸ਼ਤਿਹਾਰਬਾਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤ ਵੋਟ ਬੈਂਕ ਹੀ ਆਪ ਦੇ ਕੱਫਣ ਵਿਚ ਆਖ਼ਰੀ ਕਿੱਲ ਠੋਕੇਗਾ।