ਚੰਡੀਗੜ੍ਹ 7 ਜਨਵਰੀ, (ਖ਼ਬਰ ਖਾਸ ਬਿਊਰੋ)
ਪੰਜ ਨਗਰ ਨਿਗਮਾ ਪਟਿਆਲਾ,ਲੁਧਿਆਣਾ, ਫਗਵਾੜਾ, ਜਲੰਧਰ ਅਤੇ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਜ਼ਲਦੀ ਮੇਅਰ ਮਿਲ ਜਾਵੇਗਾ। ਜਦਕਿ ਲੁਧਿਆਣਾ ਸ਼ਹਿਰ ਵਿਚ ਮੇਅਰ ਦੀ ਕੁਰਸੀ ਉਤੇ ਇਕ ਔਰਤ ਬਿਰਾਜ਼ਾਮਾਨ ਹੋਵੇਗੀ। ਯਾਨੀ ਲੁਧਿਆਣਾ ਨਗਰ ਨਿਗਮ ਮੇਅਰ ਦਾ ਅਹੁੱਦਾ ਔਰਤ ਲਈ ਰਾਖਵਾਂ ਕੀਤਾ ਗਿਆ ਹੈ। ਕੌਂਸਲਰ ਚੁਣੀ ਗਈ ਕੋਈ ਵੀ ਔਰਤ ਜਿਸ ਕੋਲ ਮੇਅਰ ਬਣਨ ਲਈ ਕੌਂਸਲਰਾਂ ਦਾ ਬਹੁਮਤ ਹੈ, ਮੇਅਰ ਬਣ ਸਕੇਗੀ।
ਸਥਾਨਕ ਸਰਕਾਰਾਂ ਵਿਭਾਗ ਨੇ ਮੰਗਲਵਾਰ ਨੂੰ ਪੰਜ ਨਗਰ ਨਿਗਮਾਂ ਦਾ ਮੇਅਰ ਚੁਣਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ ਲੁਧਿਆਣਾ ਵਿੱਚ ਮੇਅਰ ਦਾ ਅਹੁਦਾ ਇੱਕ ਔਰਤ ਲਈ ਰਾਖਵਾਂ ਕੀਤਾ ਗਿਆ ਹੈ। ਬਾਕੀ ਚਾਰ ਨਗਰ ਨਿਗਮ ਜਨਰਲ ਹੋਣਗੇ। ਯਾਨੀ ਉਥੇ ਕੋਈ ਵੀ ਜੋ ਕੌਂਸਲਰ ਸਾਥੀਆਂ ਦਾ ਬਹੁਮਤ ਲੈਣ ਵਿਚ ਜਾਂ ਫਿਰ ਸਰਕਾਰ ਦਾ ਭਰੋਸਾ ਜਿੱਤਣ ਵਿਚ ਕਾਮਯਾਬ ਹੁੰਦਾ ਹੈ, ਮੇਅਰ ਬਣ ਸਕੇਗਾ।
ਚੇਤੇ ਰਹੇ ਕਿ ਪੰਜ ਨਗਰ ਨਿਗਮਾਂ ਲਈ ਪਿਛਲੇ ਸਾਲ 21 ਦਸੰਬਰ 2024 ਨੂੰ ਵੋਟਾਂ ਪਈਆਂ ਸਨ। ਉਸੇ ਦਿਨ ਗਿਣਤੀ ਵੀ ਹੋ ਗਈ ਸੀ। ਪਟਿਆਲਾ ਨੂੰ ਛੱਡਕੇ ਆਮ ਆਦਮੀ ਪਾਰਟੀ ਕੋਲ ਪੂਰਨ ਬਹੁਮਤ ਨਹੀਂ ਹੈ। ਕਾਂਗਰਸ ਕੋਲ ਵੀ ਕਿਤੇ ਪੂਰਨ ਬਹੁਮਤ ਨਹੀਂ ਹੈ। ਇਸ ਲਈ ਮੇਅਰ ਬਣਾਉਣ ਲਈ ਆਪ ਅਤੇ ਕਾਂਗਰਸ ਵਿਚ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ‘ਪੰਜਾਬ ਰਿਜ਼ਰਵੇਸ਼ਨ ਮੇਅਰ ਆਫਿਸ ਮਿਊਂਸੀਪਲ ਕਾਰਪੋਰੇਸ਼ਨ ਰੂਲਜ਼ 2017’ ਮੇਅਰਾਂ ਵਿਚਾਲੇ ਰੋਟੇਸ਼ਨ ਸਬੰਧੀ ਬਣਾਏ ਗਏ ਹਨ। ਨਗਰ ਕੌਸਲ, ਨਗਰ ਪੰਚਾਇਤਾਂ ਕੈਟਾਗਰੀ ਏ.ਬੀ,ਸੀ ਅਨੁਸਾਰ ਪ੍ਰਧਾਨ ਦਾ ਅਹੁੱਦਾ ਅੱਖਰ ਦੇ ਆਧਾਰ ਨਾਲ ਰਾਖਵਾਂ ਹੁੰਦਾ ਹੈ, ਜਦਕਿ ਨਿਗਮਾ ਲਈ ਰੋਸਟਰ ਰਜਿਸਟਰ ਅਨੁਸਾਰ ਰਾਖਵਾਂਕਰਨ ਕੀਤਾ ਜਾਂਦਾ ਹੈ।