ਪਟਿਆਲਾ 30 ਦਸੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਸਰਕਾਰ ਵੱਲੋਂ ਜ਼ਬਰਦਸਤੀ ਚੁੱਕ ਕੇ ਲੈ ਜਾਣ ਦੀ ਸਥਿਤੀ ਨਾਲ ਨਜਿੱਠਣ ਲਈ ਕਿਸਾਨਾਂ ਨੇ ਜਿਸ ਟਰਾਲੀ ਵਿਚ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ, ਉਸਦੇ ਆਲੇ-ਦੁਆਲੇ ਹੋਰ ਟਰਾਲੀਆਂ ਦਾ ਘੇਰਾ ਬਣਾ ਦਿੱਤਾ ਹੈ ਤਾਂ ਜੋ ਪੁਲਿਸ ਦੀਆਂ ਡੱਲੇਵਾਲ ਨੂੰ ਜਬਰਨ ਚੁੱਕਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਸਕੇ।
ਸੌਮਵਾਰ ਨੂੰ ਇਲਾਕੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਡੱਲੇਵਾਲ ਨੂੰ ਕਿਸੇ ਵੀ ਸਮੇਂ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਚਰਚਾ ਜ਼ੋਰਾਂ ਉਤੇ ਰਹੀ। ਪਟਿਆਲਾ ਪੁਲਿਸ ਲਾਈਨ ਵਿਚ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਇਕੱਤਰ ਹੋਣ ਦੀ ਜਾਣਕਾਰੀ ਮਿਲੀ ਹੈ। ਜਦਕਿ ਪਾਤੜਾ ਪੁਲਿਸ ਥਾਣੇ ਵਿਚ ਵੀ ਪੁਲਿਸ ਨੇ ਬਖਤਰ ਬੰਦ ਗੱਡੀਆ, ਐਂਬੂਲੈਂਸ ਤੇ ਹੋਰ ਗੱਡੀਆ ਤੈਨਾਤ ਕਰ ਦਿੱਤੀਆ ਹਨ। ਡੱਲੇਵਾਲ ਨੇ ਐਤਵਾਰ ਸ਼ਾਮ ਨੂੰ ਹੀ ਵੱਧ ਤੋਂ ਵੱਧ ਲੋਕਾਂ ਨੂੰ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ, ਜਿਸ ਦਾ ਅਸਰ ਵੀ ਦੇਖਣ ਨੂੰ ਵੀ ਮਿਲਿਆ। ਖਨੌਰੀ ਬਾਰਡਰ ‘ਤੇ ਪਹੁੰਚੇ ਲੋਕਾਂ ਖਾਸਕਰ ਨੌਜਵਾਨਾਂ ਨੇ ਇਕ ਤਰ੍ਹਾਂ ਨਾਲ ਇਸ ਮੋਰਚੇ ‘ਚ ਸੁਰੱਖਿਆ ਅਤੇ ਗਸ਼ਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ।
ਕਿਸਾਨ ਜਥੇਬੰਦੀ ਦੇ ਸੀਨੀਅਰ ਆਗੂਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਮੋਰਚੇ ਵਾਲੀ ਥਾਂ ’ਤੇ ਵੱਖ-ਵੱਖ ਥਾਵਾਂ ’ਤੇ ਡਿਊਟੀ ’ਤੇ ਲਾਇਆ ਹੋਇਆ ਸੀ। ਇਨ੍ਹਾਂ ਮੋਰਚਿਆਂ ‘ਤੇ ਤਾਇਨਾਤ ਜਵਾਨ ਅਤੇ ਹੋਰ ਲੋਕ ਰਾਤ ਭਰ ਸਰਗਰਮ ਰਹੇ। ਇਸ ਦੇ ਨਾਲ ਹੀ ਸੋਮਵਾਰ ਦੀ ਸਵੇਰ ਹੁੰਦੇ ਹੀ ਮੋਰਚੇ ਵਾਲੀ ਥਾਂ ‘ਤੇ ਲਾਊਡ ਸਪੀਕਰਾਂ ਰਾਹੀਂ ਐਲਾਨ ਕੀਤੇ ਗਏ ਕਿ ਸੁਰੱਖਿਆ ਅਤੇ ਗਸ਼ਤ ਲਈ ਡਿਊਟੀ ‘ਤੇ ਤਾਇਨਾਤ ਕਰਮਚਾਰੀ ਚੌਕਸ ਰਹਿਣ।
ADGP ਜਸਕਰਣ ਸਿੰਘ ਨੇ ਕੀਤੀ ਡੱਲੇਵਾਲ ਨਾਲ ਮੁਲਾਕਾਤ –
ਉਧਰ ਅੱਜ ਸੇਵਾਮੁਕਤ ADGP ਜਸਕਰਨ ਸਿੰਘ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਹਾਲਚਾਲ ਪੁੱਛਿਆ। ਜਸਕਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਡੱਲੇਵਾਲ ਦੇ ਸਿਹਤ ਸਬੰਧੀ ਟੈਸਟ ਕਰਵਾਉਣ ਦੀ ਲੋੜ ਹੈ।ਡਾਕਟਰੀ ਟੀਮ ਨਾਲ ਡੱਲੇਵਾਲ ਨਾਲ ਹੋਈ ਗੱਲਬਾਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਇਸ ਸਬੰਧੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਇਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣਗੇ।
ਬਾਜਵਾ ਨੇ ਭਾਜਪਾ ਤੇ ਆਪ ਸਰਕਾਰ ਦੀ ਕੀਤੀ ਨਿੰਦਾ, ਜਾਣੋ ਕਿਉਂ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਟਿਆਲਾ ਪੁਲਿਸ ਲਾਈਨਜ਼ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੇ ਜਾਣ ਦੀਆਂ ਰਿਪੋਰਟਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਕੀ ਇਹ ਤਿਆਰੀ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ ਜਾਂ ਨੁਕਸਾਨ ਪਹੁੰਚਾਉਣ ਲਈ ਹੈ? ਉਹਨਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਕਰਦੀ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ। ਇਹ ਉਹਨਾਂ ਲੋਕਾਂ ਦੇ ਖਿਲਾਫ ਵਿਸ਼ਵਾਸਘਾਤ ਦੀ ਇੱਕ ਨਾ ਮੁਆਫ਼ੀਯੋਗ ਕਾਰਵਾਈ ਹੋਵੇਗੀ । ”
ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਯੋਗਤਾ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮਾਨ ਨੇ ਇਸ ਜ਼ਰੂਰੀ ਮਾਮਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਤੋਂ ਸਮਾਂ ਕਿਉਂ ਨਹੀਂ ਮੰਗਿਆ? ਉਹ ਇਸ ਦੀ ਅਗਵਾਈ ਕਰਨ ਦੀ ਬਜਾਏ ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ‘ਤੇ ਕਿਉਂ ਛੱਡ ਰਿਹਾ ਹੈ? ਉਨ੍ਹਾਂ ਨੇ ਕਿਹਾ, ਕਿਸਾਨਾਂ ਦੀਆਂ ਮੰਗਾਂ, ਖਾਸ ਤੌਰ ‘ਤੇ ਘੱਟੋ-ਘੱਟ ਸਮਰਥਨ ਮੁੱਲ ਲਈ, ਸਿਰਫ ਰਾਜ ਦੇ ਮੁੱਦੇ ਨਹੀਂ ਹਨ – ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਦਖ਼ਲ ਦੀ ਲੋੜ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਐਮਐਸਪੀ ਲਈ ਸੰਘਰਸ਼ ਕਰ ਰਹੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਜਾਂ ਦਬਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਵਿਸ਼ਵਾਸਘਾਤ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਭਾਜਪਾ ਅਤੇ ਆਮ ਆਦਮੀ ਪਾਰਟੀ ਸੁਚੇਤ ਕਰਦਿਆ ਕਿਹਾ ਕਿ ਪੰਜਾਬ ਦੀ ਆਵਾਜ਼ ਅਤੇ ਇਸ ਦੇ ਕਿਸਾਨਾਂ ਦੇ ਹੱਕਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ, ਸ਼ਾਂਤਮਈ ਪ੍ਰਦਰਸ਼ਨਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਪੰਜਾਬ ਦੀ ਇੱਜ਼ਤ ਅਤੇ ਇਸ ਦੇ ਕਿਸਾਨ ਭਾਈਚਾਰੇ ਦੀ ਹਰ ਕੀਮਤ ‘ਤੇ ਰਾਖੀ ਕਰਨ ਦੀ ਅਪੀਲ ਕੀਤੀ।