ਪੀਲੀਭੀਤ ਪੁਲਿਸ ਮੁਕਾਬਲੇ ‘ਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਪਿੰਡ ਪੁੱਜੀਆਂ, ਭੈਣਾਂ ਨੇ ਭਰਾ ਦੇ ਸਿਹਰਾ ਬੰਨ ਕੀਤਾ ਅੰਤਿਮ ਸੰਸਕਾਰ

ਗੁਰਦਾਸਪੁਰ 25 ਦਸੰਬਰ (ਖ਼ਬਰ ਖਾਸ ਬਿਊਰੋ)

ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਯੂਪੀ ਅਤੇ ਪੰਜਾਬ ਪੁਲੀਸ ਦੇ ਨਾਲ ਮੁਕਾਬਲੇ ਵਿਚ ਮਾਰੇ ਗਏ ਗੁਰਦਾਸਪੁਰ ਜਿਲ੍ਹੇ ਦੇ ਤਿੰਨੋਂ ਨੌਜਵਾਨਾਂ ਦੀ ਲਾਸ਼ਾਂ ਬੁੱਧਵਾਰ ਨੂੰ ਕਲਾਨੋਰ ਪੁੱਜੀਆ। ਜਿਹਨਾਂ ਦਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਸਮਾਜਿਕ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਹਾਲਾਂਕਿ ਮ੍ਰਿਤਕ ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਨਿੱਕਾ ਸ਼ਾਹੂਰ ਦੀ ਲਾਸ਼ ਦਾ ਸੰਸਕਾਰ ਕਰਨ ਤੋ ਪਰਿਵਾਰ ਨੇ ਮਨਾ ਕਰ ਦਿੱਤਾ। ਜਿਸ  ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਰਿਵਾਰ ਨੇ ਦੋਸ਼ ਲਾਇਆ ਕਿ ਉਹਨਾਂ ਦੇ ਮੁੰਡੇ ਦੇ ਸਰੀਰ ਉਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਸੀ। ਪਰਿਵਾਰਕ ਮੈਂਬਰਾਂ ਨੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਦੋਸ਼ ਲਾਇਆ। ਪਰ ਪੁਲਿਸ ਨੇ ਪਰਿਵਾਰ ਨੂੰ ਸਮਝਾ ਦਿੱਤਾ ਜਿਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਹੋਣ ਬਾਅਦ ਪੁਲਿਸ ਦੇ ਸਾਹ ਵੀ ਸਾਹ ਆਇਆ।

ਜਾਣਕਾਰੀ ਅਨੁਸਾਰ ਜਦੋਂ ਕਲਾਨੌਰ ਵਿਚ ਤਿੰਨ ਨੌਜਵਾਨਾਂ ਦੀਆਂ ਇਕੱਠੀਆਂ ਲਾਸ਼ਾਂ ਪੁੱਜੀਆਂ ਤਾਂ ਇਕ ਵਾਰ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ  ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਉਸ ਦੀਆਂ ਚਚੇਰੀਆਂ ਭੈਣਾਂ ਨੇ ਗੁਰਵਿੰਦਰ ਦੇ ਸਿਰ ਉਤੇ ਸਿਹਰਾ ਬੰਨਿਆ ਅਤੇ ਉਸਦਾ ਲਾੜੀ ਮੌਤ ਨਾਲ ਵਿਆਹ ਕੀਤਾ ਗਿਆ। ਸਮਾਜਿਕ ਤੌਰ ਉਤੇ ਜਦੋਂ ਕੋਈ ਕੁਆਰਾ ਨੌਜਵਾਨ ਮਰਦਾ ਹੈ ਤਾਂ ਪਰਿਵਾਰਕ ਮੈਂਬਰ ਉਸਦੇ ਸਿਹਰਾ ਜਾਂ ਕਲਗੀ ਬੰਨਕੇ ਤੋਰਦੇ ਹਨ। ਇਸੇ ਤਰ੍ਹਾਂ ਵਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਪੁਲਿਸ ਸੁਰੱਖਿਆ ਵਿਚਕਾਰ ਪਿੰਡ ਅਗਵਾਨ ਵਿੱਚ ਕੀਤਾ ਗਿਆ।

ਹੋਰ ਪੜ੍ਹੋ 👉  86,000 ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋਇਆ; 3.92 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ : ਮੁੱਖ ਮੰਤਰੀ

ਦੱਸਿਆ ਜਾਂਦਾ ਹੈ ਕਿ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ (18) ਵਾਸੀ ਨਿੱਕਾ ਸ਼ਹੂਰ, ਗੁਰਵਿੰਦਰ ਸਿੰਘ (25) ਪੁੱਤਰ ਗੁਰਦੇਵ ਸਿੰਘ ਵਾਸੀ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ਼ ਰਵੀ (23) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਗਵਾਨ ਦੀ ਲਾਸ਼ ਨੂੰ ਲੈ ਕੇ ਆ ਰਹੀ ਐਂਬੂਲੈਂਸ ਰਸਤੇ ਵਿਚ ਹਾਦਸ਼ੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਲਾਸ਼ਾਂ ਦੇ ਗੁਰਦਾਸਪੁਰ ਪਹੁੰਚਣ ਵਿਚ ਦੇਰੀ ਹੋ ਗਈ। ਤਿੰਨਾਂ ਨੌਜਵਾਨਾਂ ਦਾ ਉਹਨਾਂ ਦੇ ਜੱਦੀ ਪਿੰਡ ਵਿਚ ਅੰਤਿਮ ਸੰਸਕਾਰ ਕੀਤਾ ਗਿਆ।

ਪੁਲਿਸ ਮੁਕਾਬਲੇ ਵਿਚ ਮਾਰੇ ਗਏ ਤਿੰਨੋਂ ਨੌਜਵਾਨ  ਗਰੀਬ ਪਰਿਵਾਰਾਂ ਨਾਲ ਸਬੰਧਤ ਦੱਸੇ ਜਾਂਦੇ ਹਨ। ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਵੱਧ ਰਹੇ ਨਸ਼ੇ ਕਾਰਨ ਨੌਜਵਾਨ ਗਲਤ ਰਾਹ ‘ਤੇ ਤੁਰ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ਿਆਂ ‘ਤੇ ਕਾਬੂ ਪਾਉਣਾ ਪਵੇਗਾ।

ਹੋਰ ਪੜ੍ਹੋ 👉  ਪੰਜਾਬ ਪੁਲਿਸ ਵੱਲੋਂ ਹਿੰਦੂਤਵ ਦੀ ਸੇਵਾ ਵਿੱਚ ‘ਖਾਲਿਸਤਾਨ’ ਦੇ ਨਾਂ ’ਤੇ ਫਰਜ਼ੀ ਮੁਕਾਬਲਿਆਂ ਦਾ ਸਿਲਸਿਲਾ ਜਾਰੀ: ਕੇਂਦਰੀ ਸਿੰਘ ਸਭਾ

ਅੱਧਾ ਘੰਟਾ ਰੁਕਿਆ ਜਸ਼ਨਪ੍ਰੀਤ ਸਿੰਘ ਦਾ ਸੰਸਕਾਰ-
ਜਦੋਂ ਮ੍ਰਿਤਕ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਨਿੱਕਾ ਸ਼ਾਹੂਰ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਲਾਸ਼ ਦੇਖਣ ਬਾਅਦ ਅੰਤਿਮ ਰਸਮਾਂ ਰੋਕ ਦਿੱਤੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਸਰੀਰ ‘ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ। ਉਸ ਦਾ ਫਰਜ਼ੀ ਮੁਕਾਬਲਾ ਕੀਤਾ ਗਿਆ ਹੈ। ਜਿਸ ਕਾਰਨ ਉਸ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਾਮਲੇ ਦੀ ਸੂਚਨਾ ਮਿਲਦਿਆਂ ਡੀਐਸਪੀ ਅਮੋਲਕ ਸਿੰਘ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਪੁਲਿਸ ਦੇ ਭਰੋਸੇ ਬਾਅਦ ਪਰਿਵਾਰ ਨੇ ਮ੍ਰਿਤਕ ਦਾ ਸਸਕਾਰ ਕੀਤਾ।

ਹੋਰ ਪੜ੍ਹੋ 👉  ਪੰਜਾਬ ਦੇ ਤਕਨੀਕੀ ਖੇਤਰ ਵਿੱਚ ਸਿੱਖਿਆ ਕ੍ਰਾਂਤੀ, ਆਈ.ਟੀ.ਆਈਜ਼. ‘ਚ ਦਾਖਲਿਆਂ ਵਿੱਚ ਭਾਰੀ ਵਾਧਾ ਦਰਜ

ਡੀਐਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਤਿੰਨਾਂ ਅਤਿਵਾਦੀਆਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਕਰ ਦਿੱਤਾ ਗਿਆ ਹੈ। ਉਪਰੋਕਤ ਤਿੰਨਾਂ ਅੱਤਵਾਦੀਆਂ ਵੱਲੋਂ ਬਖਸ਼ੀਵਾਲ ਚੌਕੀ ‘ਤੇ ਗ੍ਰੇਨੇਡ ਸੁੱਟਿਆ ਗਿਆ। ਜਿਹਨਾ ਪੀਲੀਭੀਤ ਵਿਚ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਹੀ ਤਿੰਨਾਂ ਦਾ ਪੋਸਟਮਾਰਟਮ ਯੂਪੀ ਵਿੱਚ ਕੀਤਾ ਗਿਆ।

ਵਰਨਣਯੋਗ ਹੈ ਕਿ ਸਰਹੱਦੀ ਖੇਤਰ ਕਲਾਨੌਰ ਦੀ ਬਖਸ਼ੀਵਾਲ ਪੁਲੀਸ ਚੌਕੀ ’ਤੇ 18 ਦਸੰਬਰ ਦੀ ਰਾਤ ਨੂੰ ਹਮਲਾ ਹੋਇਆ ਸੀ। ਪੁਲਿਸ ਚੌਂਕੀ ਉਤੇ ਹਮਲਾ ਕਰਨ ਵਾਲੇ ਤਿੰਨੋ ਮੁਲਜ਼ਮਾਂ ਦਾ 23 ਦਸੰਬਰ ਨੂੰ ਪੀਲੀਭੀਤ ਵਿਚ ਪੁਲਿਸ ਮੁਕਾਬਲਾ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਇਹ ਤਿੰਨੇ ਅੱਤਵਾਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਸੰਗਠਨ ਦੇ ਮੈਂਬਰ ਸਨ। ਜਦਕਿ ਪਰਿਵਾਰਕ ਮੈਂਬਰ ਪੁਲਿਸ ਦੇ ਦਾਅਵੇ ਨੂੰ ਝੂਠ ਦੱਸ ਰਹੇ ਹਨ।

 

Leave a Reply

Your email address will not be published. Required fields are marked *