ਪੜੋ, ਸਿਆਸਤ ਦੀ ਖ਼ਾਸ ਖ਼ਬਰ –
ਯਾਦਵ ਨੇ ਕਿਸਨੂੰ ਕਿਹਾ, ਸਿੱਧੂ ਨੂੰ ਚੋਣ ਲੜਨ ਲਈ ਮਨਾਓ
ਚੰਡੀਗੜ 26 (ਖ਼ਬਰ ਖਾਸ ਬਿਊਰੋ)
ਰਾਜਨੀਤੀ ਵਿਚ ਕੋਈ ਕਿਸੇ ਦਾ ਪੱਕਾ ਮਿੱਤਰ ਨਹੀਂ ਅਤੇ ਕੋਈ ਪੱਕਾ ਦੁਸ਼ਮਣ ਨਹੀਂ। ਸਿਆਸੀ ਆਗੂ ਸਿਰਫ਼ ਆਪਣੀ ਕੁਰਸੀ ਸੁਰਖਿਅਤ ਅਤੇ ਵੱਡੇ ਤੋ ਵੱਡੇ ਅਹੁੱਦੇ ਉਤੇ ਬਣਿਆ ਰਹਿੰਣਾ ਲੋਚਦਾ ਹੈ। ਇਹੀ ਰਾਜਸੀ ਆਗੂ ਦੀ ਦਿਲੀ ਇੱਛਾ ਹੁੰਦੀ ਹੈ।
ਕਾਂਗਰਸ ਦੇ ਤੇਜ਼ ਤਰਾਰ ਨੇਤਾ ਨਵਜੋਤ ਸਿੱਧੂ ਦੀ ਵੀ ਵੱਡੀ ਖਾਹਿਸ ਸੀ।ਉਹ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪਰ ਹਾਈਕਮਾਨ ਨੇ ਦਲਿਤ ਪੱਤਾ ਖੇਡਦੇ ਹੋਏ ਇਹ ਮੁੱਖ ਮੰਤਰੀ ਵਾਲਾ ਸਿਹਰਾ ਚਰਨਜੀਤ ਸਿੰਘ ਚੰਨੀ ਦੇ ਸਿਰ ਸਜ਼ਾ ਦਿੱਤਾ। ਇਸਤੋ ਨਵਜੋਤ ਸਿੱਧੂ ਖਫ਼ਾ ਹੋ ਗਏ। ਇਕੱਲੇ ਸਿੱਧੂ ਹੀ ਨਹੀਂ, ਹੋਰ ਵੀ ਕਈ ਨੇਤਾ ਗੁ੍ੱਸੇ ਹੋ ਗਏ ਸਨ। ਕਈਆਂ ਨੇ ਚੀਸ ਦਿਲ ਵਿਚ ਹੀ ਪੀ ਲਈ ਅਤੇ ਕਈ ਮੂੰਹ ਬਣਾਕੇ ਬੈਠ ਗਏ। ਸਿਆਸੀ ਆਗੂ ਜਾਣਦੇ ਹਨ ਕਿ ਜਦੋਂ ਚੋਣਾਂ ਵਾਲਾ ਭੰਡਾਰਾ ਸ਼ੁਰੂ ਹੋਣਾ ਤਾਂ ਵੀ ਸਾਰਿਆ ਦੀ ਪੁੱਛ ਪੈਣੀ ਹੈ। ਅਖਾੜੇ ਵਿਚ ਝੰਡੀ ਦੀ ਕੁਸ਼ਤੀ ਜਿੱਤਣ ਲਈ ਵੱਡੇ ਭਲਵਾਨਾਂ ਦੀ ਲੋੜ ਤਾਂ ਹੁੰਦੀ ਹੀ ਹੈ।
ਪਾਰਟੀ ਚਾਹੁੰਦੀ ਸੀ ਕਿ ਸਿੱਧੂ ਪਟਿਆਲਾ ਤੋਂ ਚੋਣ ਲੜੇ
ਕਾਂਗਰਸ ਹਾਈਕਮਾਨ ਨਵਜੋਤ ਸਿੱਧੂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ” ਸ਼ਾਹੀ ਪਰਿਵਾਰ ” ਦੇ ਖਿਲਾਫ਼ ਯਾਨੀ ਪਰਨੀਤ ਕੌਰ ਦੇ ਖਿਲਾਫ਼ ਚੋਣ ਮੁਹਿੰਮ ਵਿਚ ਉਤਾਰਨਾ ਚਾਹੁੰਦੀ ਸੀ ਕਿਉਂਕਿ ਸਿੱਧੂ ਤੇ ਕੈਪਟਨ ਪਰਿਵਾਰ ਵਿਚ ਛੱਤੀ ਦਾ ਅੰਕੜਾ ਹੈ। ਪਰ ਸਿੱਧੂ ਦਾ ਵਤੀਰਾ ਵਿਆਹ ਵਿਚ ਰੁੱਸੇ ਫੁੱਫੜ ਵਰਗਾ ਰਿਹਾ। ਸਿੱਧੂ ਜਾਣਦਾ ਸੀ ਕਿ ਹੁਣ ਪਾਰਟੀ ਹਾਈਕਮਾਨ ਨੂੰ ਲੋੜ ਹੈ। ਇਸ ਤਰਾਂ ਪਾਰਟੀ ਹਾਈਕਮਾਨ ਨੇ ਸਿੱਧੂ ਨੂੰ ਚੋਣ ਲੜਾਉਣ ਤੇ ਮਨਾਉਣ ਲਈ ਦੇਵੇਂਦਰ ਯਾਦਵ , ਜੋ ਪੰਜਾਬ ਮਾਮਲਿਆ ਦੇ ਇੰਚਾਰਜ਼ ਹੈ, ਦੀ ਡਿਊਟੀ ਲਗਾਈ। ਦੇਵੇਂਦਰ ਯਾਦਵ ਨੇ ਪੰਜਾਬ ਕਾਂਗਰਸ ਦੇ ਇਕ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਨੂੁੰ ਫੋਨ ਕਰਕੇ ਸਿੱਧੂ ਨੂੰ ਚੋਣ ਲੜਾਉਣ ਲਈ ਮਨਾਉਣ ਦੀ ਗੱਲ ਕਹੀ। ਅੱਗਿਓ ਪ੍ਰਧਾਨ ਸਾਹਿਬ ਨੇ ਜਵਾਬ ਦਿੱਤਾ ਕਿ ਉਹ (ਸਿੱਧੂ) ਤਾਂ ਹਾਈਕਮਾਨ ਦਾ ਬੰਦਾ ਤੇ ਹਾਈਕਮਾਨ (ਰਾਹੁਲ ਤੇ ਪ੍ਰਿਅੰਕਾ) ਖੁਦ ਫੋਨ ਕਰ ਲਏ। ਚਲੋ , ਸਾਬਕਾ ਪ੍ਰਧਾਨ ਨੇ ਸਿੱਧੂ ਨੂੰ ਮਨਾ ਵੀ ਲਿਆ ਤੇ ਉਹ ਚੋਣ ਲੜਨ ਲਈ ਤਿਆਰ ਵੀ ਹੋ ਗਿਆ।
ਕਿਵੇਂ ਮਿਲੀ ਡਾ ਗਾਂਧੀ ਨੂੰ ਟਿਕਟ
ਹਾਲਾਂਕਿ ਨਵਜੋਤ ਸਿੱਧੂ ਆਪਣੀ ਪਤਨੀ ਡਾ ਨਵਜੋਤ ਸਿੱਧੂ ਦੀ ਸਰਜਰੀ ਹੋਣ ਕਰਕੇ ਪਹਿਲਾਂ ਚੋਣ ਲੜਨ ਲਈ ਨਾ ਨੁੱਕਰ ਕਰਦਾ ਸੀ, ਪਰ ਬਾਅਦ ਵਿਚ ਤਿਆਰ ਵੀ ਹੋ ਗਿਆ। ਜਦੋ ਸਿੱਧੂ ਦੇ ਚੋਣ ਲੜਨ ਲਈ ਤਿਆਰ ਹੋਣ ਦਾ ਪੰਜਾਬ ਕਾਂਗਰਸ ਦੇ ਦੋ ਵੱਡੇ ਅਹੁੱਦਿਆ ਉਤੇ ਬੈਠੇ ਦੋਵਾਂ ਆਗੂਆ ਨੂੰ ਪਤਾ ਲੱਗਾ ਤਾਂ ਫਿਰ ਸ਼ੁਰੂ ਹੋਈ ਲੱਤ ਖਿੱਚਣ ਦੀ ਕਸਰਤ। ਇਸ ਤਰਾਂ ਸਿੱਧੂ ਨੂੰ ਰੋਕਣ ਲਈ ਡਾ ਧਰਮਵੀਰ ਗਾਂਧੀ ਨੂੰ ਕਾਂਗਰਸ ਵਿਚ ਸ਼ਾਮਲ ਕਰਕੇ ਉਮੀਦਵਾਰ ਬਣਾ ਦਿੱਤਾ ਗਿਆ। ਪਟਿਆਲਾ ਲੋਕ ਸਭਾ ਹਲਕੇ ਦੇ ਕੁੱਝ ਨੇਤਾ ਨਰਾਜ਼ ਵੀ ਹੋਏ। ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਪਟਿਆਲਾ ਦੇ ਵੱਡੇ ਕੱਦ ਦੇ ਨੇਤਾ ਡਾ ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ਤੋ ਨਰਾਜ਼ਗੀ ਦਿਖਾ ਰਹੇ ਹਨ ਪਰ ਅੰਦਰਲੀ ਖ਼ਬਰ ਹੈ ਕਿ ਨਰਾਜ਼ਗੀ ਦਾ ਕਾਰਨ ਸਿੱਧੂ ਦੀ ਅਣਦੇਖੀ ਵੀ ਹੈ।
ਦੂਲੋ ਕਿਥੋਂ ਚਾਹੁੰਦਾ ਸੀ ਲੜਨਾ
ਜਲੰਧਰ ਲੋਕ ਸਭਾ ਹਲਕੇ ਤੋ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾ ਦਿੱਤਾ ਤਾਂ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਹੁਸ਼ਿਆਰਪੁਰ ਤੋਂ ਚੋਣ ਲੜਨ ਦੇ ਇਛੁੱਕ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਦੂਲੋ ਦੇ ਹੱਕ ਵਿਚ ਸਨ। ਪਾਰਟੀ ਦੀ ਸੈਂਟਰ ਇਲੈਕਸ਼ਨ ਕਮੇਟੀ ਵਿਚ ਦੂਲੋ ਤੇ ਆਦੀਆ ਸਿਰਫ਼ ਦੋ ਨਾਵਾਂ ਤੇ ਚਰਚਾ ਹੋਈ। ਲੱਗਭਗ ਦੂੁਲੋ ਦੀ ਟਿਕਟ ਫਾਈਨਲ ਸੀ, ਫਿਰ ਤਿੰਨ ਵੱਡੇ ਨੇਤਾਵਾਂ ਨੇ ਮਹਿਲਾ ਆਗੂਆ ਦਾ ਪੱਤਾ ਖੇਡ਼ਦੇ ਹੋਏ ਦੂਲੋ ਦੀ ਟਿਕਟ ਕਟਵਾ ਦਿੱਤੀ। ਇਹਨਾਂ ਤਿੰਨ ਆਗੂਆ ਵਿਚ ਇਕ ਦਲਿਤ ਤੇ ਦੋ ਜਨਰਲ ਵਰਗ ਦੇ ਆਗੂ ਹਨ, ਜਿਨਾਂ ਦੀ ਦਿੱਲੀ ਨਾਲ ਦਿਲੀ ਨੇੜਤਾ ਵੀ ਹੈ। ਇਸ ਤਰਾਂ ਤਿੰਨ ਆਗੂਆ ਨੇ ਨਵਜੋਤ ਸਿੱਧੂ ਤੇ ਸ਼ਮਸ਼ੇਰ ਦੂਲੋ ਦੀ ਬੇੜੀ ਵਿਚ ਵੱਟੇ ਪਾ ਦਿੱਤੇ।