ਚੰਡੀਗੜ੍ਹ 23 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੜਕ ਉਤੇ ਸਟੰਟ ਕਰਦੇ ਸਮੇਂ ਦੁਰਘਟਨਾਂ ਹੋਣ ਨੂੰ ਲਾਪਰਵਾਹੀ ਤੇ ਬੇਰਹਿਮੀ ਨਾਲ ਡਰਾਇਵਿੰਗ ਕਰਨ ਦਾ ਮਾਮਲਾ ਨਾ ਮੰਨਦੇ ਹੋਏ ਇਸਨੂੰ ਅਸੰਵੇਦਨਸ਼ੀਲ ਤੇ ਘੋਰ ਲਾਪਰਵਾਹੀ ਮੰਨਦੇ ਹੋਏ ਇਰਾਦਾ ਕਤਲ ਦੀ ਸ਼੍ਰੇਣੀ ਵਿਚ ਰੱਖਿਆ ਹੈ।
ਹਾਈ ਕੋਰਟ ਦੀ ਇਹ ਟਿੱਪਣੀ ਇਕ ਮੋਡੀਫਾਈਡ ਟਰੈਕਟਰ ਨਾਲ ਹੋਏ ਹਾਦਸੇ ‘ਚ ਬਾਈਕ ਸਵਾਰ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਕੀਤੀ ਹੈ। ਘਟਨਾ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਲਖਬੀਰ ਸਿੰਘ (ਟਰੈਕਟਰ ਚਾਲਕ) ਨੇ ਵਾਧੂ ਟਰਬੋ ਪੰਪ ਲਗਾ ਕੇ ਆਪਣੇ ਟਰੈਕਟਰ ਦੀ ਸਪੀਡ ਵਧਾ ਦਿੱਤੀ ਸੀ। ਮ੍ਰਿਤਕ ਗੁਰਜੰਟ ਸਿੰਘ ਆਪਣੇ ਦੋਸਤ ਨਾਲ ਬਾਈਕ ‘ਤੇ ਸਟੰਟ ਕਰ ਰਿਹਾ ਸੀ। ਇਸ ਦੌਰਾਨ ਮੁਲਜ਼ਮਾਂ ਨੇ ਟਰੈਕਟਰ ਦੇ ਅਗਲੇ ਹਿੱਸੇ ਨੂੰ ਹਵਾ ਵਿੱਚ ਚੁੱਕ ਕੇ ਸਟੰਟ ਕੀਤਾ, ਜਿਸ ਕਾਰਨ ਟਰੈਕਟਰ ਦਾ ਅਗਲਾ ਹਿੱਸਾ ਬਾਈਕ ਸਵਾਰ ਦੇ ਉੱਪਰ ਡਿੱਗ ਗਿਆ।
ਹਾਦਸੇ ਤੋਂ ਬਾਅਦ ਗੁਰਜੰਟ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਲਖਬੀਰ ਸਿੰਘ ਨੇ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸੜਕ ‘ਤੇ ਸਟੰਟ ਕਰਨਾ ਅਤੇ ਉਹ ਵੀ ਟ੍ਰੈਫਿਕ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ, ਜਨਤਕ ਸੁਰੱਖਿਆ ਲਈ ਗੰਭੀਰ ਖਤਰਾ ਹੈ। ਜੇਕਰ ਅਜਿਹੇ ਸਟੰਟ ਕਾਰਨ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਇਹ ਦੋਸ਼ੀ ਕਤਲ ਦੇ ਘੇਰੇ ਵਿੱਚ ਆਉਂਦਾ ਹੈ।
ਅਦਾਲਤ ਨੇ ਇਸ ਮਾਮਲੇ ਵਿੱਚ ਇੱਕ ਵੀਡੀਓ ਕਲਿੱਪ ਦਾ ਹਵਾਲਾ ਦਿੰਦੇ ਹੋਏ ਕਿਹਾ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਜਨਤਕ ਸੜਕ ਉੱਤੇ ਤੇਜ਼ ਰਫ਼ਤਾਰ ਨਾਲ ਸਟੰਟ ਕਰ ਰਿਹਾ ਸੀ। ਜੇਕਰ ਅਜਿਹੇ ਮਾਮਲਿਆਂ ਵਿੱਚ ਢਿੱਲ ਵਰਤੀ ਗਈ ਤਾਂ ਪਹਿਲਾਂ ਤੋਂ ਹੀ ਅਸੁਰੱਖਿਅਤ ਸੜਕਾਂ ਹੋਰ ਖ਼ਤਰਨਾਕ ਬਣ ਜਾਣਗੀਆਂ।
ਅਦਾਲਤ ਨੇ ਕਿਹਾ ਕਿ ਪਟੀਸ਼ਨਰ ਨੂੰ ਇਸ ਮਾਮਲੇ ਵਿੱਚ ਅਪਰਾਧ ਦੇ ਪ੍ਰਭਾਵ ਨੂੰ ਦੇਖਦੇ ਹੋਏ ਅਗਾਊਂ ਜ਼ਮਾਨਤ ਦੇਣਾ ਉਚਿਤ ਨਹੀਂ ਹੈ।