ਚੰਡੀਗੜ੍ਹ, 23 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਹੋ ਰਹੇ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲੇ ਸਲਾਨਾ ਨਾਟ ਉਤਸਵ ਦਾ ਚੌਥਾ ਦਿਨ ਗੁਰਸ਼ਰਨ ਸਿੰਘ ਦੀ ਸ਼ੈਲੀ ਨੂੰ ਸਮਰਪਤ ਰਿਹਾ, ਜਿਸ ਵਿੱਚ ਚੰਡੀਗੜ੍ਹ ਸਕੂਲ ਆਫ਼ ਡਰਾਮਾ ਨੇ ਇੱਕਤਰ ਸਿੰਘ ਦੀ ਨਿਰਦੇਸ਼ਨਾ ‘ਗੁਰਸ਼ਰਨ ਸਿੰਘ ਦੇ ਰੰਗ’ ਤਹਿਤ ਤਿੰਨ ਨਾਟਕਾਂ ਦੀ ਲੜੀ ਪੇਸ਼ ਕੀਤੀ। ਇਹ ਸ਼ੈਲੀ ਦੱਸਦੀ ਹੈ ਕਿ ਜੇ ਨਾਟਕ ਨੇ ਸਮਾਜ ਦਾ ਕੋਈ ਸਵਾਲ ਹੀ ਨਹੀਂ ਉਠਾਉਣਾ ਤਾਂ ਨਾਟਕ ਕਰਨਾ ਹੀ ਕਿਉਂ ਹੈ?
ਇਸ ਨਾਟ-ਲੜੀ ਗੁਰਮੁਖ ਸਿੰਘ ਮੁਸਾਫਰ ਦੀ ਕਹਾਣੀ ‘ਪਗਲਾ’ ਤੋਂ ਸ਼ੁਰੂ ਹੋਈ, ਜਿਸ ਵਿੱਚ ਪੜ੍ਹ-ਲਿਖ ਕੇ ਰੁਜ਼ਗਾਰ ਲਈ ਤਰਸਦੇ ਨੌਜਵਾਨ ਨੂੰ ਖਾਂਦੇ-ਪੀਂਦੇ ਲੋਕ ਪਾਗਲ ਕਰਾਰ ਦਿੰਦੇ ਹਨ ਅਤੇ ਉਸਦੀ ਗਰਭਵਤੀ ਪਤਨੀ ਦੇ ਬੱਚਾ ਜੰਮਣ ਨੂੰ ਸੂਰੀ ਦੇ ਬੱਚਾ ਪੈਦਾ ਕਰਨ ਨਾਲ ਜੋੜਿਆ ਜਾਂਦਾ ਹੈ। ਇਸਦਾ ਦੂਜਾ ਹਿੱਸਾ ‘ਪਲੈਨਿੰਗ’ ਨਾਂ ਦੀ ਝਾਕੀ ਪੇਸ਼ ਕੀਤੀ ਗਈ। ਇਸ ਕਮੇਡੀ ਦੇ ਮੁੱਖ ਕਿਰਦਾਰ ਦੀਆਂ ਲੜਾਈਆਂ ਸਭ ਤਰਕੀਬਾਂ ਫੇਲ੍ਹ ਹੋ ਜਾਂਦੀਆਂ ਹਨ ਤਾਂ ਸਰਕਾਰਾਂ ’ਤੇ ਕਟਾਖਸ਼ ਕਰਦਾ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਸਕੀਮਾਂ ਵੀ ਤਾਂ ਫੇਲ੍ਹ ਹੀ ਹੁੰਦੀਆਂ ਹਨ; ਉਨ੍ਹਾਂ ਦੇ ਮੁਖੀ ਕਿਹੜਾ ਸ਼ਰਮਿੰਦੇ ਹੋ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ।
ਇਸ ਨਾਟ-ਲੜੀ ਦਾ ਤੀਜ਼ਾ ਨਾਟਕ ‘ਨਵਾਂ ਜਨਮ’ ਸੀ, ਜਿਸ ਵਿੱਚ ਭਾਰਤ ਦੀ ਜਾਤੀਵਾਦੀ ਵਿਵਸਥਾ ਦਾ ਨੰਗ ਜ਼ਾਹਰ ਕੀਤਾ ਗਿਆ ਸੀ। ਇਹ ਨਾਟਕ ਸਰਵਮੀਤ ਦੀ ਕਹਾਣੀ ‘ਕਲਾਣ’ ’ਤੇ ਆਧਾਰਤ ਸੀ। ਇਸਦਾ ਮੁੱਖ ਕਿਰਦਾਰ ਸ਼ਿੱਬੂ ਸਾਂਸੀ 50 ਸਾਲਾਂ ਦਾ ਹੋਣ ਤੱਕ ਵੱਡੇ ਲੋਕਾਂ ਦੀਆਂ ਬੁੱਤੀਆਂ ਕਰਦਾ ਹੈ; ਉਨ੍ਹਾਂ ਦੇ ਪਰਿਵਾਰਕ ਇਤਿਹਾਸ ਦੀਆਂ ਸਿਫਤਾਂ ਕਰਦੀ ਕਲਾਣ ਪੜ੍ਹਦਾ ਹੈ। ਉਸਦਾ ਪੁੱਤਰ ਸਰਕਾਰੀ ਨੌਕਰੀ ਮਿਲਣ ਬਾਅਦ ਵੱਡੇ ਲੋਕਾਂ ਦੀਆਂ ਝੂਠੀਆਂ ਸਿਫਤਾਂ ਕਰਨ ਤੋਂ ਰੋਕਦਾ ਹੈ, ਉਨ੍ਹਾਂ ਦੇ ਪੁਰਾਣੇ ਕੱਪੜੇ ਪਾਉਣ ਤੋਂ ਰੋਕਦਾ ਹੈ ਅਤੇ ਜੂਠ ਲਿਆ ਕੇ ਖਾਣ ਦਾ ਵਿਰੋਧ ਕਰਦਾ ਹੈ। ਇਸਦੇ ਉਲਟ ਸ਼ਿੱਬੂ ਸਾਂਸੀ ਸਦੀਆਂ ਪੁਰਾਣੀਆਂ ਰਵਾਇਤਾਂ ਨਿਭਾਏ ਜਾਣ ’ਤੇ ਜ਼ੋਰ ਦਿੰਦਾ ਹੈ।
ਅੰਤ ਵਿੱਚ ਪੁੱਤਰ ਉਸਦੇ 50ਵੇਂ ਜਨਮ ਦਿਨ ’ਤੇ ਕਾਰਡ ਛਿਪਾ ਕੇ ਸਭ ਨੂੰ ਸੱਦਾ ਪੱਤਰ ਭੇਜਦਾ ਹੈ। ਇਸ ਮਾਮਲੇ ਵਿੱਚ ਜਾਤ-ਪਾਤ ਤੋਂ ਮੁਕਤ ਪੰਡਿਤ ਵੀ ਸ਼ਾਮਲ ਹੈ। ਜਦੋਂ ਪਿੰਡ ਦਾ ਸਰਦਾਰ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਮੁੱਖ ਕਿਰਦਾਰ ਨੂੰ ਸਮਝ ਆ ਜਾਂਦੀ ਹੈ ਕਿ ਦੋਸਤ ਤਾਂ ਆਏ ਹਨ, ਪਰ ‘ਜਨਮਾਨ’ ਨਹੀਂ ਆਏ। ਇਸ ਤਰ੍ਹਾਂ ਉਹ ਵੱਡੇ ਲੋਕਾਂ ਦੀ ਸੱਚੀ ਕਲਾਣ ਪੜ੍ਹਦਾ ਹੈ ਤੇ ਦੱਸਦਾ ਹੈ ਕਿ ਇਨ੍ਹਾਂ ਦੇ ਵੱਡ ਵਡੇਰੇ ਕਿਸ ਕਿਰਦਾਰ ਦੇ ਮਾਲਕ ਸਨ। ਇਸਨੂੰ ਹੀ ਉਹ ਆਪਣਾ ‘ਨਵਾਂ ਜਨਮ’ ਆਖਦਾ ਹੈ।
ਇਹ ਨਾਟ-ਲੜੀ ਜਾਗੇ ਹੋਏ ਲੋਕਾਂ ਦੀ ਚੇਤਨਾ ਦਾ ਨੂੰ ਦਰਸ਼ਕ ਤੱਕ ਲੈ ਕੇ ਜਾਂਦੀ ਹੈ ਅਤੇ ਉਨ੍ਹਾਂ ਵੱਡੇ ਲੋਕਾਂ ਦਾ ਸਿਆਸੀ-ਸਮਾਜੀ ਕਿਰਦਾਰ ਨੰਗਾ ਕਰ ਰਹੀ ਸੀ, ਜੋ ਸਦੀਆਂ ਦੀਆਂ ਰਵਾਇਤਾਂ ਦੇ ਪਰਦੇ ਹੇਠ ਆਪਣੀ ਝੂਠੀ ਸਰਦਾਰੀ ਕਾਇਮ ਰੱਖਣ ਲਈ ਯਤਨਸ਼ੀਲ ਹਨ। ਇਹ ਭਵਿੱਖਮੁਖੀ ਨਾਟ-ਲੜੀ ਦਰਸ਼ਕਾਂ ਦੇ ਦਿਲੋ-ਦਿਮਾਗ਼ ’ਤੇ ਸੁਖਾਵਾਂ ਅਸਰ ਪਾ ਰਹੀ ਸੀ। ਨਾਟ-ਲੜੀ ਨੂੰ ਇੱਕਤਰ ਸਿੰਘ, ਹਰਵਿੰਦਰ ਔਜਲਾ, ਜਰਨੈਲ ਸਿੰਘ, ਗੁਰਪਿਆਰ ਸਿੰਘ ਅਤੇ ਪ੍ਰਭਜੋਤ ਕੌਰ ਨੇ ਅਦਾਕਾਰੀ ਕੀਤੀ।