ਰੂਪਨਗਰ, 23 ਦਸੰਬਰ (ਖ਼ਬਰ ਖਾਸ ਬਿਊਰੋ)
ਰੂਪਨਗਰ ਪੁਲਿਸ ਵਲੋਂ 11 ਹੱਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਮਲੈਂਗਿਕ ਵਿਅਕਤੀ ਰਾਮ ਸਰੂਪ ਉਰਫ ਸੋਢੀ ਪਿੰਡ ਚੌੜਾ ਥਾਣਾ ਗੜਸ਼ਸੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਰਾਮ ਸਰੂਪ ਉਰਫ ਸੋਢੀ ਕਾਰ ਅਤੇ ਮੋਟਰ ਚਾਲਕਾਂ ਨੂੰ ਲਿਫਟ ਲੈ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਨਾਲ ਲੁੱਟ ਖੋਹ ਕਰਕੇ ਉਸਦੇ ਕਤਲ ਨੂੰ ਅੰਜਾਮ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕਰਨ ਤੋ ਬਾਅਦ ਕੀਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਇਸ ਵਾਰਦਾਤ ਤੋ ਇਲਾਵਾ ਦੋਸ਼ੀ ਨੇ 10 ਹੋਰ ਵਾਰਦਾਤਾਂ ਕੀਤੀਆਂ ਹਨ, ਜਿਹਨਾਂ ਵਿੱਚ ਜਿਲ੍ਹਾ ਰੂਪਨਗਰ ਦੀਆਂ ਦੋ ਹੋਰ ਕਤਲ ਦੀਆਂ ਵਾਰਦਾਤਾਂ ਸ਼ਾਮਲ ਹਨ। ਮਿਤੀ 5 ਅਪ੍ਰੈਲ 2024 ਨੂੰ ਮੁਕੰਦਰ ਸਿੰਘ ਉਰਫ ਬਿੱਲਾ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਬੇਗਮਪੁਰਾ (ਘਨੌਲੀ) ਉਮਰ 34 ਸਾਲ ਜੋ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਸੀ। ਜਿਸ ਦੀ ਲਾਸ਼ ਪੰਜੇਹਰਾ ਰੋਡ ਬੜਾ ਪਿੰਡ ਵਿਖੇ ਮਿਲੀ ਸੀ। ਜਿਸਦਾ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕੀ ਇਸ ਸਬੰਧੀ ਮੁਕੱਦਮਾ ਨੰਬਰ 19 ਮਿਤੀ 06.04.2024 ਅ/ਧ 302 ਆਈ.ਪੀ.ਸੀ. ਥਾਣਾ ਕੀਰਤਪੁਰ ਸਾਹਿਬ ਦਰਜ ਹੈ ਅਤੇ ਮਿਤੀ 24.01.2024 ਨੂੰ ਥਾਣਾ ਸਿਟੀ ਰੂਪਨਗਰ ਦੇ ਏਰੀਆ ਨਿਰੰਕਾਰੀ ਭਵਨ ਰੂਪਨਗਰ ਪਾਸ ਇੱਕ ਕਾਰ ਵਿੱਚ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਮੁਹੱਲਾ ਜਗਜੀਤ ਨਗਰ ਰੂਪਨਗਰ ਵੱਜੋ ਹੋਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 25.01.2024 ਅ/ਧ 302 ਆਈ.ਪੀ.ਸੀ. ਥਾਣਾ ਸਿਟੀ ਰੂਪਨਗਰ ਦਰਜ ਹੈ।
ਇਸ ਤੋਂ ਇਲਾਵਾ ਦੋਸ਼ੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਹੁਸ਼ਿਆਰਪੁਰ ਵਿਖੇ ਵੀ ਵਾਰਦਾਤਾਂ ਕਰਨੀਆਂ ਮੰਨੀਆਂ ਹਨ। ਦੋਸ਼ੀ ਰਾਮ ਸਰੂਪ ਉਰਫ ਸੋਢੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਖੁਲਾਸੇ ਹੋਣ ਦੀ ਆਸ ਹੈ।