ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਪੰਜ ਨਵੇਂ ਪੁਲ ਬਣਾਉਣ ਦੀ ਕੀਤੀ ਅਪੀਲ

ਚੰਡੀਗੜ੍ਹ, 23 ਦਸੰਬਰ (ਖ਼ਬਰ ਖਾਸ ਬਿਊਰੋ)

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਅਧੀਨ ਪੈਂਦੀਆਂ ਨਦੀਆਂ ‘ਤੇ 5 ਨਵੇਂ ਪੁਲ ਬਣਾਉਣ ਦੀ ਅਪੀਲ ਕੀਤੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨਿਵਾਸੀਆਂ, ਵਿਸ਼ੇਸ਼ ਤੌਰ ‘ਤੇ ਨੰਗਲ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਰਗੇ ਖੇਤਰਾਂ ਦੇ ਨਿਵਾਸੀ ਜੋ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ, ਨੂੰ ਸੜਕੀ ਸੰਪਰਕ ਦੀ ਘਾਟ ਕਾਰਨ ਬੁਨਿਆਦੀ ਢਾਂਚੇ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਪੁਲਾਂ ਦੇ ਨਿਰਮਾਣ ਨਾਲ ਨਾ ਸਿਰਫ਼ ਸੜਕੀ ਸੰਪਰਕ ਵਿੱਚ ਸੁਧਾਰ ਹੋਵੇਗਾ ਸਗੋਂ ਇਸ ਖੇਤਰ ਦੇ ਸਰਬਪੱਖੀ ਵਿਕਾਸ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।
ਮੰਤਰੀ ਬੈਂਸ ਨੇ ਕੇਂਦਰੀ ਮੰਤਰੀ ਨੂੰ ਸਰਸਾ-ਨੰਗਲ ’ਤੇ ਪੁਲ ਬਣਾਉਣ, ਬ੍ਰਹਮਪੁਰ ਤੇ ਡਰੌਲੀ ਵਿਚਲੇ 60 ਸਾਲ ਪੁਰਾਣੇ ਪੁਲਾਂ ਦੀ ਮੁੜ ਉਸਾਰੀ, ਅਟਾਰੀ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਲਈ ਪੁਲ ਅਤੇ ਪਿੰਡ ਭਾਓਵਾਲ ਲਈ ਪੁਲ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਨਿਰਮਾਣ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਖੇਤਰ ਵਿਚ ਤਰੱਕੀ ਅਤੇ ਖੁਸ਼ਹਾਲੀ ਲਈ ਰਾਹ ਪੱਧਰਾ ਕਰਨਗੇ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਭਾਖੜਾ ਨੰਗਲ ਡੈਮ, ਨਹਿਰਾਂ ਅਤੇ ਬਿਜਲੀ ਘਰਾਂ ਦੀ ਉਸਾਰੀ ਲਈ ਆਪਣੀ ਮਾਂ ਵਰਗੀ ਜਾਨੋ ਪਿਆਰੀ ਕੀਮਤੀ ਜ਼ਮੀਨ ਵੀ ਵਾਰ ਦਿੱਤੀ ਸੀ।
ਉਹਨਾਂ ਅੱਗੇ ਕਿਹਾ ਕਿ ਆਧੁਨਿਕ ਭਾਰਤ ਦੇ ਵਿਕਾਸ ਵਿੱਚ ਭਾਖੜਾ ਡੈਮ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸਦੀ “ਆਧੁਨਿਕ ਭਾਰਤ ਦੇ ਮੰਦਰ” ਵਜੋਂ ਸ਼ਲਾਘਾ ਕੀਤੀ ਸੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਸ. ਬੈਂਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ 60 ਸਾਲਾਂ ਤੋਂ ਪਹਿਲਾਂ ਉਸ ਯੁੱਗ ਦੌਰਾਨ ਬਣਾਏ ਗਏ ਇਸ ਡੈਮ ਦਾ ਬੁਨਿਆਦੀ ਢਾਂਚਾ ਕਾਫ਼ੀ ਵਿਗੜ ਗਿਆ ਹੈ ਅਤੇ ਮੁੜ ਇਸ ਦੇ ਵਿਕਾਸ ਲਈ ਕੋਈ ਮਹੱਤਵਪੂਰਨ ਪਹਿਲਕਦਮੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਉਹ ਪਵਿੱਤਰ ਧਰਤੀ ਹੈ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸਦੇ ਨਾਲ ਹੀ ਇਸ ਪਵਿੱਤਰ ਧਰਤੀ ਨੂੰ ਮਾਤਾ ਨੈਣਾ ਦੇਵੀ ਅਤੇ ਹੋਰਨਾਂ ਕਈ ਮੰਦਰਾਂ ਦੀ ਪਵਿੱਤਰ ਭੂਮੀ ਹੋਣ ਦੀ ਬਖਸ਼ਿਸ਼ ਹੈ।

ਹੋਰ ਪੜ੍ਹੋ 👉  ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਏਅਰ ਟਰਬਾਈਨ ਫਿਊਲ ਨੂੰ ਜੀ.ਐਸ.ਟੀ ਤਹਿਤ ਸ਼ਾਮਲ ਕਰਨ ਦਾ ਸਖ਼ਤ ਵਿਰੋਧ
———-

Leave a Reply

Your email address will not be published. Required fields are marked *