-ਕਿਹਾ ਕਿਸਾਨੀ ਦਾ ਮਸਲਾ ਗੰਭੀਰ, ਗੱਲਬਾਤ ਜਰੀਏ ਨਿਕਲੇਗਾ ਸਾਰਥਕ ਹੱਲ
ਚੰਡੀਗੜ੍ਹ 25 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਭਾਜਪਾ ਵਿਚ ਸ਼ਾਮਲ ਹੋਣ ਦੀ ਕਵਾਇਦ ਤੋ ਲੱਗਦਾ ਹੈ ਕਿ ਕਾਂਗਰਸ ਨਾਲੋ ਪਹਿਲਾਂ ਅਕਾਲੀ ਦਲ ਖਿੱਲਰ ਜਾਵੇਗਾ। ਜਾਖੜ ਨੇ ਇਹ ਗੱਲ ਸ੍ਰੀ ਮੁਕਤਸਰ ਸਾਹਿਬ ਤੋਂ ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ ਦੇ ਪੁੱਤਰ ਰਾਹੁਲ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਵਿਪਨ ਸੂਦ ਉਰਫ਼ ਕਾਕਾ ਸੂਦ ਨੂੰ ਭਾਜਪਾ ਚ ਸ਼ਾਮਲ ਕਰਨ ਮੌਕੇ ਕਹੀ। ਜਾਖੜ ਨੇ ਉਮੀਦਵਾਰਾਂ ਦੇ ਘਿਰਾਓ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਨਾ ਕਰਨ ਸਬੰਧੀ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਕਿਸਾਨੀ ਦਾ ਮਸਲਾ ਬਹੁਤ ਗੰਭੀਰ ਹੈ, ਕਿਸਾਨ ਆਗੂਆਂ ਤੇ ਵਰਕਰਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਬਹਿਸਬਾਜ਼ੀ ਚੋਂ ਕੁਝ ਨਹੀਂ ਨਿਕਲਣਾ, ਸਗੋਂ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਜ਼ਰੀਏ ਹੀ ਸਾਰਥਕ ਨਤੀਜੇ ਨਿਕਲ ਸਕਦੇ ਹਨ।
ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਪ੍ਰਤੀ ਸੁਹਿਰਦ ਹੈ, ਸੂਬੇ ਦੀ ਭਗਵੰਤ ਮਾਨ ਸਰਕਾਰ ਵਾਂਗ ਐਸਵਾਈਐਲ ਦੇ ਮੁੱਦੇ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਲੁਧਿਆਣਾ ਚ ਕਮੇਡੀ ਦੇ ਸਟੇਜ ਸ਼ੋਅ ਚ ਬਦਲ ਦਿੱਤਾ। ਜਿਸ ਨੂੰ ਵੇਖਦੇ ਹੋਏ ਹੁਣ ਸੂਬੇ ਦੀ ਆਪ ਸਰਕਾਰ ਤੋਂ ਕਿਸਾਨਾਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।
ਭਾਜਪਾ ਆਗੂ ਵਿਜੇ ਸਾਂਪਲਾ ਦੀ ਨਰਾਜ਼ਗੀ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਭਾਜਪਾ ਵੱਲੋਂ ਵਿਜੇ ਸਾਂਪਲਾ ਉੱਤੇ ਕਿਸੇ ਵੀ ਕਿਸਮ ਦੀ ਇਲਜ਼ਾਮਬਾਜ਼ੀ ਨਹੀਂ ਕੀਤੀ ਗਈ, ਸਗੋਂ ਇਹ ਸਿਰਫ ਸੋਸ਼ਲ ਮੀਡੀਆ ਦੀ ਕਾਢ ਹੈ, ਜਿਸ ਤੋਂ ਅੱਜ ਕੋਈ ਵੀ ਨਹੀਂ ਬਚ ਸਕਿਆ। ਉਨ੍ਹਾਂ ਮੰਨਿਆ ਕਿ ਵਿਜੇ ਸਾਂਪਲਾ ਨੇ ਆਪਣੀਆਂ ਕੁਝ ਭਾਵਨਾਵਾਂ ਪ੍ਰਗਟ ਕੀਤੀਆਂ ਸਨ, ਜਿਸ ਨੂੰ ਲੈ ਕੇ ਉਹ ਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਸਾਂਪਲਾ ਨੂੰ ਮਿਲ ਚੁੱਕੇ ਹਨ ਤੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।
ਸੀਐਮ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਚ ਵੋਟਰਾਂ ਤੋਂ ਪਾਰਟੀ ਲਈ ਫਤਵਾ ਮੰਗੇ ਜਾਣ ਉੱਤੇ ਵਿਅੰਗ ਕਰਦਿਆਂ ਜਾਖੜ ਨੇ ਕਿਹਾ ਕਿ ਪਹਿਲਾਂ ਤਾਂ ਫਤਵੇ ਦਾ ਅਰਥ ਵਿਰੋਧ ਚ ਹੁੰਦਾ ਸੀ, ਹੁਣ ਆਪ ਵਾਲੇ ਆਪਣੀ ਹੀ ਪਾਰਟੀ ਲਈ ਲੋਕਾਂ ਤੋਂ ਫਤਵਾ ਮੰਗ ਰਹੇ ਹਨ, ਇਸ ਬਾਰੇ ਤਾਂ ਉਹ ਹੀ ਦੱਸ ਸਕਦੇ ਹਨ।
ਇਸ ਮੌਕੇ ਹਲਕਾ ਜਲੰਧਰ ਚ ਕਾਂਗਰਸ ਦੇ ਉਮੀਦਵਾਰ ਦੇ ਚਰਨਜੀਤ ਚੰਨੀ ਵਿਵਾਦਪੂਰਨ ਪੋਸਟਰ ਲਗਾਉਣ ਸਬੰਧੀ ਵਿਧਾਇਕ ਵਿਕਰਮ ਚੌਧਰੀ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਦੇਸ਼ ਚ ਸੰਵਿਧਾਨ ਬਚਾਓ ਦੀ ਦੁਹਾਈ ਦੇ ਰਹੀ ਹੈ, ਉਸ ਦੇ ਸੀਨੀਅਰ ਆਗੂ ਸੈਮ ਪਿਤਰੋਦਾ ਆਮ ਲੋਕਾਂ ਦੀਆਂ ਵਿਰਾਸਤੀ ਜਾਇਦਾਦਾਂ ਵੰਡਣ ਦੀ ਗੱਲ ਕਰ ਰਹੇ ਹਨ, ਜਦਕਿ ਜਲੰਧਰ ਚ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਸ ਉੱਤੇ ਲੜਕੀਆਂ ਨਾਲ ਭੱਦੀਆਂ ਹਰਕਤਾਂ ਕਰਨ ਦੇ ਇਲਜ਼ਾਮ ਹਨ। ਹਾਲਤ ਇਹ ਹੈ ਕਿ ਜਲੰਧਰ ਚ ਲੋਕਾਂ ਨੂੰ ਚੰਨੀ ਤੋਂ ਸਾਵਧਾਨ ਕਰਦੇ ਪੋਸਟਰ ਲਗਾਏ ਗਏ ਹਨ।ਜਾਖੜ ਨੇ ਕਿਹਾ ਕਿ ਲੋੜ ਭਾਰਤ ਦੇ ਸੰਵਿਧਾਨ ਬਚਾਉਣ ਦੀ ਨਹੀਂ, ਸਗੋਂ ਆਮ ਲੋਕਾਂ ਦੀਆਂ ਜਾਇਦਾਦਾਂ ਤੇ ਕਾਂਗਰਸ ਦੇ ਕੁਝ ਆਗੂਆਂ ਤੋਂ ਬਹੁ ਬੇਟੀਆਂ ਨੂੰ ਬਚਾਉਣ ਦੀ ਹੈ।