ਨਵੀਂ ਦਿੱਲੀ, 18 ਦਸੰਬਰ (ਖ਼ਬਰ ਖਾਸ ਬਿਊਰੋ)
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੇਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਮੈਂਬਰਾਂ ਦੇ ਬੈਡਮਿੰਟਨ ਟੂਰਨਾਮੈਂਟ ਵਿੱਚ 5 ਖਿਤਾਬ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਕੌਂਸਟੀਟਿਊਸ਼ਨ ਕਲੱਬ ਆਫ ਇੰਡਿਆ (ਸੀ.ਸੀ.ਆਈ.) ਨਵੀਂ ਦਿੱਲੀ ਵਿਖੇ ਕਰਵਾਏ ਗਏ ਸਾਲਾਨਾ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਮੀਤ ਹੇਅਰ ਨੇ ਪੰਜ ਵਰਗਾਂ ਵਿੱਚ ਹਿੱਸਾ ਲਿਆ ਅਤੇ ਪੰਜੇ ਵਰਗਾਂ ਦੇ ਖਿਤਾਬ ਜਿੱਤੇ।
ਮੀਤ ਹੇਅਰ ਜੋ ਸਾਂਸਦ ਮੈਂਬਰ ਬਣਨ ਤੋਂ ਪਹਿਲਾਂ ਪੰਜਾਬ ਦੇ ਖੇਡ ਮੰਤਰੀ ਵਜੋਂ ਵੀ ਸੇਵਾ ਨਿਭਾ ਚੁਕੇ ਹਨ, ਨੇ ਸੰਸਦ ਮੈਂਬਰਾਂ ਦੇ ਸਿੰਗਲਜ਼ ਵਰਗ, ਸੰਸਦ ਮੈਂਬਰਾਂ ਦੇ ਡਬਲਜ਼ ਵਰਗ, ਸੰਸਦ ਮੈਂਬਰਾਂ ਦੇ ਮਿਕਸਡ ਡਬਲਜ਼ ਵਰਗ, ਸੰਸਦ ਮੈਂਬਰ ਬਨਾਮ ਦਿੱਲੀ ਦੇ ਵਕੀਲਾਂ ਦੀ ਟੀਮ ਅਤੇ ਸੰਸਦ ਮੈਂਬਰ ਬਨਾਮ ਗੈਰ- ਸੰਸਦ ਮੈਂਬਰ ਟੀਮ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸਾਰੇ ਵਰਗਾਂ ਦੇ ਫਾਈਨਲ ਮੈਚ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ।
ਮੀਤ ਹੇਅਰ ਜੋ ਕਿ ਬੈਡਮਿੰਟਨ ਅਤੇ ਕ੍ਰਿਕਟ ਦੇ ਚੰਗੇ ਖਿਡਾਰੀ ਹਨ ਇਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਦੇ ਮੈਚ ਵਿੱਚ ਵੀ ਮੈਨ ਆਫ ਦੀ ਮੈਚ ਰਹੇ ਸਨ। ਮੀਤ ਹੇਅਰ ਨੇ ਕਿਹਾ ਕਿ ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਅੱਜ ਸਾਨੂੰ ਸਾਰਿਆਂ ਨੂੰ ਫਿਟਨਸ ਲਈ ਖੇਡਣਾ ਚਾਹੀਦਾ ਹੈ ਇਸ ਨਾਲ ਖਿਡਾਰੀਆਂ ਨੂੰ ਵੀ ਹੌਸਲਾ ਅਫ਼ਜਾਈ ਮਿਲਦੀ ਹੈ।