ਚੰਡੀਗੜ੍ਹ, 13 ਦਸੰਬਰ (ਖ਼ਬਰ ਖਾਸ ਬਿਊਰੋ)
ਕੇਂਦਰੀ ਮੰਤਰੀ ਮੰਡਲ ਵੱਲੋਂ ਇੱਕ ਦੇਸ਼ ਇੱਕ ਚੋਣ ਲਾਗੂ ਕਰਨ ਲਈ ਬਿੱਲਾਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਮੁਤਾਬਿਕ ਭਾਰਤ ਸੂਬਿਆਂ ਦਾ ਸੰਘ ਹੈ। ਹਰ ਭਾਰਤੀ ਸੂਬਾ ਵਿਲੱਖਣ ਹੈ ਅਤੇ ਉਨ੍ਹਾਂ ਦੀਆਂ ਆਪਣੀਆਂ ਉਲਝਣਾਂ, ਮੁੱਦੇ ਅਤੇ ਤਰਜੀਹਾਂ ਹਨ। ਇੱਕ ਦੇਸ਼ ਇੱਕ ਚੋਣ ਲਾਗੂ ਕਰਨ ਨਾਲ ਸੂਬਿਆਂ ਦੇ ਅਧਿਕਾਰ ਕਮਜ਼ੋਰ ਹੋਣਗੇ ਅਤੇ ਕੇਂਦਰੀਕਰਨ ਅਤੇ ਤਾਨਾਸ਼ਾਹੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ ‘ਤੇ ਜ਼ੋਰ ਦੇਣ ਨਾਲ ਸੰਘਵਾਦ ਅਤੇ ਭਾਰਤ ਦੀ ਵਿਭਿੰਨਤਾ ਨੂੰ ਖ਼ਤਰਾ ਹੋਵੇਗਾ। ਇੱਕ ਦੇਸ਼ ਇੱਕ ਚੋਣ ਦੇਸ਼ ਦੇ ਭਵਿੱਖ ‘ਤੇ ਮਾੜਾ ਅਸਰ ਪਾਵੇਗਾ। ਸੂਬਿਆਂ ਦੀਆਂ ਅਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਨਾਲ ਸੂਬਿਆਂ ਦੇ ਮੁੱਦਿਆਂ ‘ਤੇ ਰਾਸ਼ਟਰੀ ਮੁੱਦੇ ਅਤੇ ਰਾਸ਼ਟਰੀ ਸਿਆਸਤ ਹਾਵੀ ਹੋਵੇਗੀ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਸੱਤਾ ‘ਚ ਆਈ ਹੈ, ਉਦੋਂ ਤੋਂ ਉਹ ‘ਇੱਕ ਰਾਸ਼ਟਰ ਇੱਕ ਚੋਣ, ਇੱਕ ਰਾਸ਼ਟਰ ਇੱਕ ਭਾਸ਼ਾ, ਇੱਕ ਰਾਸ਼ਟਰ ਇੱਕ ਮੰਡੀ, ਇੱਕ ਰਾਸ਼ਟਰ ਇੱਕ ਟੈਕਸ’ ਆਦਿ ਦੇ ਨਾਅਰੇ ਨੂੰ ਉਤਸ਼ਾਹਿਤ ਕਰਨ ‘ਤੇ ਤੁਲੀ ਹੋਈ ਹੈ। ਇਸ ਦੇਸ਼ ਦੇ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਇੱਕ ਵਿਭਿੰਨਤਾ ਵਾਲਾ ਦੇਸ਼ ਹੈ। ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਇੱਕਸਾਰਤਾ ਸੰਭਾਵਿਤ ਤੌਰ ‘ਤੇ ਵਿਭਿੰਨਤਾ ਦੀ ਸੁੰਦਰਤਾ ਨੂੰ ਦਾਗ ਲਾਵੇਗਾ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਜੀ.ਐਸ.ਟੀ. ਨੂੰ ਗ਼ਲਤ ਢੰਗ ਨਾਲ ਲਾਗੂ ਕਰਨ ਨਾਲ ਸੂਬੇ ਆਪਣੇ ਹਿੱਸੇ ਦੇ ਟੈਕਸ ਲਈ ਭੀਖ ਮੰਗਣ ਤੱਕ ਹੀ ਸੀਮਤ ਹੋ ਗਏ ਹਨ।
ਬਾਜਵਾ ਨੇ ਖੇਤਰੀ ਪਾਰਟੀਆਂ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਦੇਸ਼ ਇੱਕ ਚੋਣ ਦਾ ਵਿਰੋਧ ਕਰਨ ਲਈ ਮਜ਼ਬੂਤੀ ਨਾਲ ਖੜੇ ਹੋਣ ਦੀ ਅਪੀਲ ਕੀਤੀ। ਬਾਜਵਾ ਨੇ ਕਿਹਾ ਕਿ ਸੰਵਿਧਾਨ ਅਤੇ ਦੇਸ਼ ਵਿਚ ਪ੍ਰਫੁੱਲਤ ਲੋਕਤੰਤਰ ਦੀ ਰਾਖੀ ਲਈ ਇੱਕ ਦੇਸ਼ ਇੱਕ ਚੋਣ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।