ਚੰਨੀ ਦੀਆਂ ਕਿਸਨੇ ਵਧਾਈਆਂ ਮੁਸ਼ਕਲਾਂ ਤੇ ਕਿਉਂ ਕੀਤਾ ਚੌਧਰੀ ਮੁਅੱਤਲ

ਜਲੰਧਰ 25 ਅਪ੍ਰੈਲ (ਖ਼ਬਰ ਖਾਸ ਬਿਊਰੋ)

ਦਲਿਤ ਬਹੁ ਵਸੋਂ ਵਾਲੀ ਦੁਆਬਾ ਖਿੱਤੇ ਦੀ ਜਲੰਧਰ ਲੋਕ ਸਭਾ ਸੀਟ ‘ਹੌਟ ਸੀਟ’ ਬਣ ਗਈ ਹੈ। ਸੂਬੇ ਦੇ ਇਕੋ ਇੱਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੋਂ ਕਾਂਗਰਸ ਦੀ ਟਿਕਟ ਤੋਂ ਚੋਣ ਮੈਦਾਨ ਵਿਚ ਉਤਰੇ ਹੋਏ ਹਨ। ਕਾਂਗਰਸ ਪਾਰਟੀ ਦੇ ਕਈ  ਹੋਰ ਭਲਵਾਨ ਵੀ ਲਗੌਟੇ ਲਾਈ ਤਿਆਰ ਹੋਈ ਬੈਠੇ ਸਨ, ਪਰ ਕਾਂਗਰਸ ਪਾਰਟੀ ਨੇ ਚੰਨੀ ਨੂੰ ਵੱਡੇ ਕੱਦ ਦਾ ਪਹਿਲਵਾਨ ਸਮਝਦੇ ਹੋਏ ਸਿਆਸੀ ਅਖਾੜੇ ਵਿਚ ਭੇਜਿਆ। ਚੰਨੀ ਨੂੰ ਉਮੀਦਾਂ ਤੋਂ ਉਲਟ ਪ੍ਰਸਥਿਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ।  ਆਪਣੀ  ਚੌਧਰ ਕਾਇਮ ਰੱਖਣ ਲਈ ਚੌਧਰੀ ਪਰਿਵਾਰ ਟਿਕਟ ਲੈਣ ਲਈ  ਹਾਈਕਮਾਨ ਉਤੇ ਦਬਾਅ ਪਾਉਂਦਾ ਰਿਹਾ। ਕਾਂਗਰਸ ਹਾਈਕਮਾਨ ਨੇ ਚੌਧਰੀ ਪਰਿਵਾਰ ਦੀ ਪਰਵਾਹ ਨਾ ਮੰਨਦੇ ਹੋਏ ਚੰਨੀ ਨੂੰ ਟਿਕਟ ਦੇ ਦਿੱਤੀ ਤਾਂ ਸਵਰਗੀ ਸੰਤੋਖ ਸਿੰਘ ਦੇ ਫਰਜ਼ੰਦ ਨੌਜਵਾਨ ਵਿਧਾਇਕ ਵਿਕਰਮਜੀਤ ਸਿੰਘ ਨੇ ਪਾਰਟੀ ਨੂੰ ਅੱਖਾਂ ਦਿਖਾਉਂਣੀਆਂ ਸ਼ੁਰੂ ਕਰ ਦਿੱਤੀਆਂ।  ਉਨਾਂ ਪਾਰਟੀ ਦੇ ਚੀਫ਼ ਵਿੱਪ ਦੇ ਅਹੁੱਦੇ ਤੋ ਅਸਤੀਫ਼ਾ ਦੇ ਦਿੱਤਾ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕੇਪੀ ਟੱਕਰਿਆ ਸੱਜਰਾ ਸ਼ਰੀਕ ਬਣਕੇ

ਉਮੀਦਾਂ ਤੋ ਉਲਟ ਕੁੜਮ ਮਹਿੰਦਰ ਸਿੰਘ ਕੇਪੀ ਵੀ ਚੰਨੀ ਨੂੰ ਸੱਜਰਾ ਸਰੀਕ ਬਣਕੇ ਟੱਕਰ ਗਿਆ। ਕੇਪੀ ਕਾਂਗਰਸ ਦਾ ਹੱਥ ਛੱਡ ਗਏ ਅਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ ਸਿਆਸੀ ਮੈਦਾਨ ਵਿਚ ਨਿੱਤਰ ਗਿਆ। ਕੇਪੀ ਪਰਿਵਾਰ ਵੀ ਤਿੰਨ ਪੀੜੀਆਂ ਤੋ ਕਾਂਗਰਸੀ ਹੈ ਹੁਣ ਉਹ ਵੀ ਕਾਂਗਰਸ ਨੂੰ ਖੋਰਾ ਲਾਉਣ ਲੱਗੇ ਹੋਏ ਹਨ। ਇਸੀ ਤਰਾਂ ਸੁਸ਼ੀਲ ਰਿੰਕੂ ਵੀ ਮੂਲ ਰੂਪ ਵਿਚ ਕਾਂਗਰਸੀ ਹੈ।  ਉਹ ਪਹਿਲਾਂ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਇਆ ਤੇ ਸੰਸਦ ਵਿਚ ਪ੍ਰਵੇਸ਼ ਕਰਨ ਬਾਅਦ ਹੁਣ ਭਾਜਪਾ ਦੀ ਟਿਕਟ ਤੋ ਚੋਣ  ਮੈਦਾਨ ਵਿਚ ਕੁੱਦਿਆ ਹੋਇਆ ਹੈ। ਉਹ ਵੀ  ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲੱਗਿਆ ਹੋਇਆ ਹੈ। ਇਸੀ ਤਰਾਂ ਵਿਕਰਮਜੀਤ ਸਿੰਘ ਚੌਧਰੀ ਦੀ ਮਾਤਾ ਕਰਮਜੀਤ ਕੌਰ ਵੀ ਭਾਜਪਾ ਵਿਚ ਸ਼ਾਮਲ ਹੋ ਗਈ ਹੈ।

ਹਾਥੀ ਦੀ ਚਾਲ ਕਿਸਦੀ ਤੋਰ ਵਿਗਾੜੇਗੀ

ਦੂਜੇ ਪਾਸੇ ਰਹਿੰਦੀ ਕਸਰ ਬਹਜੁਨ ਸਮਾਜ ਪਾਰਟੀ ਨੇ ਕੱਢ ਦਿ੍ਤੀ ਹੈ। ਬਹੁਜਨ ਸਮਾਜ ਪਾਰਟੀ ਨੇ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ, ਜਿਸਦਾ ਬਸਪਾ ਵਿਚ ਚੰਗਾ ਅਧਾਰ ਹੈ। ਸਿਆਸੀ ਹਲਕਿਆਂ ਵਿਚ ਇਹ ਚਰਚਾ ਆਮ ਹੈ ਕਿ ਬਸਪਾ ਹਮੇਸ਼ਾ ਕਾਂਗਰਸ ਨੂੰ ਨੁਕਸਾਨ ਪਹੁੰਚਾਉਦੀ ਹੈ। ਹੁਣ ਦੇਖਣਾ ਹੋਵੇਗਾ ਕਿ ਬਸਪਾ ਦਾ ਹਾਥੀ ਜਲੰਧਰ ਵਿਚੋਂ ਕਿਹੋ ਜਿਹੀ ਚਾਲ ਚੱਲਦਾ ਹੈ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਪੋਸਟਰਾਂ ਨੇ ਵਧਾਈ ਚਿੰਤਾਂ

ਚੰਨੀ ਨੇ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਂਦੀ ਹੋਈ ਹੈ ਤਾਂ ਇਲਾਕੇ ਵਿਚ ਚੰਨੀ ਦੀ ਇਕ ਪੁਰਾਣੀ ਫੋਟੋ ਵਾਇਰਲ ਹੋ ਗਈ। ਫੋਟੋ ਵਾਇਰਲ ਹੀ ਨਹੀੰ ਹੋਈ ਬਲਕਿ ਕੰਧਾਂ ਤੇ ਪੋਸਟਰ ਵੀ ਲਗਾ ਦਿੱਤੇ ਗਏ। ਹਾਲਾਂਕਿ ਇਹ ਭੇਤ ਬਣਿਆ ਹੋਇਆ ਹੈ ਕਿ ਇਹ ਪੋਸਟਰ ਕਿਸਨੇ ਲਗਾਏ  ਹਨ ਪਰ ਇਸਦਾ ਠੀਕਰਾ ਚੌਧਰੀ ਪਰਿਵਾਰ ਦੇ ਫੁੱਟਿਆ ਹੈ। ਜਲੰਧਰ ਤੋਂ ਛਪਦੇ ਪੰਜਾਬੀ ਅਖ਼ਬਾਰ ਜਗਬਾਣੀ ਨੇ  ਇਕ ਲੜਕੀ ਦੀ ਪਿੱਠ ‘ਤੇ ਹੱਥ ਰੱਖਣ ਵਾਲੀ ਚੰਨੀ ਦੇ ਪੋਸਟਰਾਂ ਵਾਲੀ ਖ਼ਬਰ ਨਸ਼ਰ ਕਰ ਦਿੱਤੀ। ਇਸ ਨਾਲ ਹਲਕੇ ਵਿਚ ਲਾਲਾ ਲਾਲਾ ਹੋ ਗਈ। ਇਹਨਾਂ ਪੋਸਟਰਾਂ ਨਾ ਸਿਰਫ਼ ਚੰਨੀ ਦੀ ਚਿੰਤਾਂ  ਵਧਾਈ ਬਲਕਿ ਕਾਂਗਰਸ ਹਾਈਕਮਾਨ ਨੂੰ ਵੀ ਫਿ਼ਕਰਾ ਵਿਚ ਪਾ ਦਿੱਤਾ। ਹਾਲਾਂਕਿ ਚਰਨਜੀਤ ਸਿੰਘ ਚੰਨੀ ਪਿਛਲੀਆਂ ਚੋਣਾਂ ਵੇਲੇ ਵਾਇਰਲ ਹੋਈ ਇਸ ਫੋਟੋ ਬਾਰੇ ਕਹਿ ਚੁ੍ਕੇ ਹਨ ਕਿ ਉਹ ਲੜਕੀ ਉਨਾਂ ਦੀ ਰਿਸ਼ਤੇਦਾਰ ਹੈ ਤੇ ਸਿਆਸੀ ਵਿਰੋਧੀ ਉਨਾਂ ਖਿਲਾਫ਼ ਝੂਠਾ ਪ੍ਰਚਾਰ ਕਰਦੇ ਹਨ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

ਕੀ  ਕਹਿੰਦੇ ਹਨ ਚੌਧਰੀ

ਵਿਧਾਇਕ ਵਿਕਰਮਜੀਤ ਸਿੰਘ  ਚੌਧਰੀ ਦਾ ਕਹਿਣਾ ਹੈ ਕਿ ਚੰਨੀ ਨੈਤਿਕ ਤੌਰ ਤੇ ਭ੍ਰਿਸ਼ਟ ਵਿਅਕਤੀ ਹੈ। ਉਹਨਾਂ ਕਿਹਾ ਇਹ ਫੋਟੋ ਪਹਿਲਾਂ ਲੋਕਾਂ ਦੇ ਮੋਬਾਇਲ ਵਿਚ ਸੀ ਤੇ ਹੁਣ ਲੋਕਾਂ ਨੇ ਪੋਸਟਰ ਬਣਾਕੇ ਲਗਾ ਦਿੱਤੇ ਹਨ। ਅਜਿਹੇ ਨੇਤਾ ਬਾਰੇ ਉਹ ਲੋਕਾਂ ਨੂੰ ਵੋਟ ਪਾਉਣ ਲਈ ਕਿਵੇਂ ਕਹਿਣ।

ਇਸ ਲਈ ਕੀਤਾ ਮੁਅੱਤਲ

ਵਿਕਰਮਜੀਤ ਚੌਧਰੀ ਲਗਾਤਾਰ ਚਰਨਜੀਤ ਸਿੰਘ ਚੰਨੀ ਖਿਲਾਫ਼ ਬੋਲ ਰਿਹਾ ਸੀ। ਪਾਰਟੀ ਹਾਈਕਮਾਨ ਨੂੰ ਸ਼ੱਕ ਹੈ ਤੇ  ਗੁਪਤ ਰਿਪੋਰਟਾਂ ਵੀ ਮਿਲੀਆ ਕਿ ਪੋਸਟਰ ਲਗਾਉਣ ਪਿਛੇ ਚੌਧਰੀ ਦੀ ਹੀ ਸਿਆਸਤ ਹੈ। ਇਸ ਕਰਕੇ ਬੀਤੇ ਕੱਲ ਪੰਜਾਬ ਕਾਂਗਰਸ ਮਾਮਲਿਆ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਵਿਕਰਮ ਚੌਧਰੀ ਨੂੰ ਸਾਰੇ ਅਹੁੱਦਿਆ ਤੋ ਫਾਰਗ ਕਰਦੇ ਹੋਏ ਮੁਅੱਤਲ ਕਰ ਦਿੱਤਾ ਹੈ।

Leave a Reply

Your email address will not be published. Required fields are marked *