ਚੰਡੀਗੜ੍ਹ 28 ਨਵੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਰੋਡ ਉਤੇ ਪਿਛਲੇ 6 ਮਹੀਨੇ ਤੋਂ ਸਥਾਪਿਤ ਕੀਤੇ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਲੋਕ ਅਰਪਣ ਨਾ ਕਰਨ ਨੂੰ ਲੈ ਕਿ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦਾ ਬੁੱਤ 6 ਮਹੀਨਿਆਂ ਤੋਂ ਕੱਪੜੇ ਨਾਲ ਲਪੇਟ ਕੇ ਰੱਖਿਆ ਹੋਇਆ ਹੈ, ਸਰਕਾਰ ਕੋਲ ਇਨਾਂ ਸਮਾਂ ਨਹੀਂ ਹੈ ਕਿ ਉਹ ਬੁੱਤ ਦਾ ਲੋਕਾਂ ਨੂੰ ਸਮਰਪਿਤ ਕਰ ਦੇਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਹੈ, ਜਿਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਸ਼ਹੀਦ-ਏ-ਆਜ਼ਮ ਦੀ ਪੱਗ ਵਰਗੀ ਪੱਗ ਬੰਨ੍ਹ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਸੰਵੇਦਨਹੀਣ ਹਨ ਕਿ ਉਸ ਦੇ ਬੁੱਤ ਦਾ ਉਦਘਾਟਨ ਵੀ ਨਹੀਂ ਕਰ ਰਹੇ ਹਨ। ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕ ਹੈਰਾਨ ਹਨ ਕਿ ਉਹ ਆਪਣੇ ਸ਼ਹੀਦ-ਏ-ਆਜ਼ਮ ਦੇ ਬੁੱਤ ਨੂੰ ਕਦੋਂ ਦੇਖਣ ਦੇ ਯੋਗ ਹੋਣਗੇ।
ਡਾ: ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਸਰਦਾਰ ਭਗਤ ਸਿੰਘ ਦੇ ਇਸ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੀ ਬਜਾਏ ਸਰਕਾਰ ਨੂੰ ਇਸ ਬੁੱਤ ਦਾ ਤੁਰੰਤ ਉਦਘਾਟਨ ਕਰਨਾ ਚਾਹੀਦਾ ਹੈ।
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 72 ਘੰਟਿਆਂ ਅੰਦਰ ਬੁੱਤ ਦਾ ਉਦਘਾਟਨ ਨਾ ਕੀਤਾ ਤਾਂ ਪੰਜਾਬ ਦੇ ਲੋਕ ਖਾਸ ਕਰਕੇ ਪੰਜਾਬ ਦੇ ਨੌਜਵਾਨ ਖੁਦ ਸ਼ਹੀਦ-ਏ-ਆਜ਼ਮ ਦੇ ਬੁੱਤ ਦਾ ਉਦਘਾਟਨ ਕਰਨਗੇ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਫਤਿਹ ਬਾਜਵਾ, ਵਿਨੀਤ ਜੋਸ਼ੀ ਅਤੇ ਮੁਹਾਲੀ ਭਾਜਪਾ ਪ੍ਰਧਾਨ ਸੰਜੀਵ ਵਸ਼ਿਸ਼ਟ ਆਦਿ ਹਾਜ਼ਰ ਸਨ।