ਚੰਡੀਗੜ੍ਹ 27 ਅਪ੍ਰੈਲ – ਨੌਜਵਾਨ ਭਾਰਤ ਸਭਾ ਵੱਲੋਂ ਜੀਦਾ ਸਪੋਰਟਕਿੰਗ ਫੈਕਟਰੀ ਦੇ ਮਜਦੂਰਾਂ ਦੀ ਅਗਵਾਈ ਕਰ ਰਹੇ
ਸੂਬਾ ਪ੍ਰਧਾਨ ਮੰਗਾ ਅਜਾਦ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਵੀਰ ਸਿੰਘ ਅਤੇ ਦਰਜਨਾਂ ਮਜਦੂਰਾਂ ਨੂੰ ਪੁਲਿਸ ਵਲੋਂ ਗਿਰਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ,ਮੀਤ ਪ੍ਰਧਾਨ ਮੰਗਲਜੀਤ ਪੰਡੋਰੀ ਅਤੇ ਵਿੱਤ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਆਗੂਆਂ ਨੂੰ ਗਿਰਫ਼ਤਾਰ ਕਰਨਾ ਭਗਵੰਤ ਮਾਨ ਦੀ ਸਰਮਾਏਦਾਰ ਕੰਪਨੀ ਮਾਲਕਾਂ ਪ੍ਰਤੀ ਨੇੜਤਾ ਅਤੇ ਕਿਰਤੀ ਮਜਦੂਰਾਂ ਪ੍ਰਤੀ ਨਫਰਤ ਨੂੰ ਜੱਗ ਜ਼ਾਹਰ ਕੀਤਾ ਹੈ। ਪ੍ਰਾਈਵੇਟ ਕੰਪਨੀ ਵਲੋਂ ਬਾਰਾਂ ਬਾਰਾਂ ਘੰਟੇ ਕੰਮ ਕਰਵਾਇਆ ਜਾਂਦਾ ਹੈ। ਤਨਖਾਹਾਂ ਵੀ ਬਹੁਤ ਨਿਗੂਣੀਆਂ ਦਿੱਤੀਆਂ ਜਾਂਦੀਆਂ ਹਨ। ਡੀਸੀ ਰੇਟ ਦੇ ਅੱਧ ਤੋਂ ਵੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਔਰਤਾਂ ਨੂੰ ਇਸ ਤੋਂ ਵੀ ਕਿਤੇ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਜਿਸ ਖ਼ਿਲਾਫ਼ ਮਜ਼ਦੂਰ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ ਤੇ ਚੱਲਦੀ ਹੋਈ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਲਈ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਸਭਾ ਮੰਗ ਕਰਦੀ ਹੈ ਕਿ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਰਿਹਾਅ ਨਾ ਕਰਨ ਦੀ ਸੂਰਤ ਚ ਪ੍ਰਸ਼ਾਸਨ ਅਤੇ ਸਰਕਾਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।