ਵਰਿਆਮ ਖੇੜਾ ‘ਚ ‘ਖੇਤ ਬਚਾਓ ਅਭਿਆਨ’ ਸਮਾਰੋਹ , ਟਿਕਾਊ ਖੇਤੀ ਤੇ ਮਿੱਟੀ ਸਿਹਤ ਸੁਰੱਖਿਆ ‘ਤੇ ਦਿੱਤਾ ਜ਼ੋਰ

ਫਾਜ਼ਿਲਕਾ 30 ਜੂਨ (ਖ਼ਬਰ ਖਾਸ ਬਿਊਰੋ)
ਖੇਤੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਾਜ਼ਿਲਕਾ, ਆਈ.ਸੀ.ਏ.ਆਰ.-ਸੀਫੈਟ, ਖੇਤਰੀ ਕੇਂਦਰ ਅਬੋਹਰ ਅਤੇ ਕ੍ਰਿਭਕੋ ਅਬੋਹਰ ਦੇ ਸਾਂਝੇ ਸਹਿਯੋਗ ਨਾਲ ਪਿੰਡ ਵਰਿਆਮ ਖੇੜਾ ਵਿਖੇ ‘ਖੇਤ ਬਚਾਓ ਅਭਿਆਨ’ ਦਾ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾਇਆ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਆਈ.ਸੀ.ਏ.ਆਰ.-ਸੀਫੈਟ, ਲੁਧਿਆਣਾ ਦੇ ਨਿਰਦੇਸ਼ਕ ਡਾ. ਨਚਿਕੇਤ ਕੋਤਵਾਲੀਵਾਲੇ ਨੇ ਕੀਤੀ। ਸਮਾਰੋਹ ‘ਚ ਵੱਡੀ ਗਿਣਤੀ ‘ਚ ਕਿਸਾਨਾਂ, ਖੇਤੀ ਮਾਹਿਰਾਂ ਤੇ ਪਿੰਡ ਵਾਸੀਆਂ ਨੇ ਹਿੱਸਾ ਲਿਆ।ਆਪਣੇ ਪ੍ਰਧਾਨਗੀ ਭਾਸ਼ਣ ‘ਚ ਡਾ. ਨਚਿਕੇਤ ਕੋਤਵਾਲੀਵਾਲੇ ਨੇ ਕਿਹਾ ਕਿ ਖੇਤ ਬਚਾਓ ਅਭਿਆਨ ਸਿਰਫ਼ ਇੱਕ ਜਾਗਰੂਕਤਾ ਪ੍ਰੋਗਰਾਮ ਨਹੀਂ, ਸਗੋਂ ਖੇਤੀ ਤੇ ਵਾਤਾਵਰਣ ਸੁਰੱਖਿਆ ਵੱਲ ਇੱਕ ਲੋਕ ਲਹਿਰ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ, ਪਾਣੀ ਦੀ ਸੰਭਾਲ, ਸੰਤੁਲਿਤ ਖੁਰਾਕ ਪ੍ਰਬੰਧਨ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਨੂੰ ਅਪਣਾ ਕੇ ਹੀ ਖੇਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਖੇਤੀ ਵੰਨ-ਸੁਵੰਨਤਾ, ਮੁੱਲ ਵਾਧੇ ਤੇ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਅਪਣਾ ਕੇ ਆਮਦਨ ਵਧਾਉਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਫਸਲ ਉਤਪਾਦਨ ਦੇ ਨਾਲ-ਨਾਲ ਪ੍ਰੋਸੈਸਿੰਗ ਤੇ ਉਦਮਤਾ ਨੂੰ ਉਤਸ਼ਾਹਿਤ ਕਰਕੇ ਪੇਂਡੂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਨਾਲ ਹੀ ਖੇਤੀ ਪ੍ਰੋਸੈਸਿੰਗ ਯੂਨਿਟ ਦੇ ਨਿਰਮਾਣ ਨਾਲ ਪੇਂਡੂ ਖੇਤਰਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ।ਖੇਤੀ ‘ਚ ਆਧੁਨਿਕ ਤਕਨੀਕਾਂ, ਮਸ਼ੀਨੀਕਰਨ ਅਤੇ ਵਿਗਿਆਨਕ ਪ੍ਰਬੰਧਨ ਰਾਹੀਂ ਉਤਪਾਦਨ ਲਾਗਤ ਘਟਾ ਕੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਨਵੀਨ ਖੇਤੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਡਾ. ਅਰਵਿੰਦ ਕੁਮਾਰ ਅਹਲਾਵਤ, ਮੁਖੀ, ਖੇਤੀ ਵਿਗਿਆਨ ਕੇਂਦਰ ਫਾਜ਼ਿਲਕਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਸਾਡੀ ਵਿਰਾਸਤ ਹੈ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਸਾਨਾਂ ਨੂੰ ਟਿਕਾਊ ਖੇਤੀ ਵਿਧੀਆਂ ਅਪਣਾਉਣ, ਕੁਦਰਤੀ ਸਰੋਤਾਂ ਦੀ ਸੰਭਾਲ, ਜੈਵਿਕ ਸਰੋਤਾਂ ਦੀ ਵਰਤੋਂ ਅਤੇ ਵਾਤਾਵਰਣ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨ ਕੇਂਦਰ ਫਾਜ਼ਿਲਕਾ ਕਿਸਾਨਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ।ਇਸ ਮੌਕੇ ਡਾ. ਪ੍ਰਕਾਸ਼ ਚੰਦ ਗੁਰਜਰ ਨੇ ਕਿਸਾਨਾਂ ਨੂੰ ਸੰਤੁਲਿਤ ਖਾਦ ਵਰਤੋਂ, ਮਿੱਟੀ ਪਰਖ ਆਧਾਰਿਤ ਖੁਰਾਕ ਪ੍ਰਬੰਧਨ, ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ, ਜੈਵਿਕ ਖਾਦਾਂ ਦੀ ਵਰਤੋਂ ਅਤੇ ਮਿੱਟੀ ਸਿਹਤ ਸੁਰੱਖਿਆ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਰਫ਼ ਰਸਾਇਣਕ ਖਾਦਾਂ ‘ਤੇ ਨਿਰਭਰ ਰਹਿਣ ਦੀ ਬਜਾਏ ਗੋਹੇ ਦੀ ਗਲੀ-ਸੜੀ ਖਾਦ, ਵਰਮੀ ਕੰਪੋਸਟ, ਹਰੀ ਖਾਦ ਤੇ ਜੈਵਿਕ ਖਾਦਾਂ ਦਾ ਤਾਲਮੇਲ ਨਾਲ ਇਸਤੇਮਾਲ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਲਾਗਤ ਘਟਦੀ ਹੈ।
ਡਾ. ਰੁਪਿੰਦਰ ਕੌਰ ਨੇ ਖੇਤੀ ਵਿਗਿਆਨ ਕੇਂਦਰ ਵੱਲੋਂ ਪੇਂਡੂ ਔਰਤਾਂ ਲਈ ਚਲਾਏ ਜਾ ਰਹੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ, ਹੁਨਰ ਵਿਕਾਸ ਗਤੀਵਿਧੀਆਂ, ਪੋਸ਼ਣ ਵਾਟਿਕਾ, ਫੂਡ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਮਹਿਲਾ ਸਸ਼ਕਤੀਕਰਨ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਤੀ ਤੇ ਘਰੇਲੂ ਉਦਮਾਂ ਰਾਹੀਂ ਔਰਤਾਂ ਪਰਿਵਾਰ ਦੀ ਆਮਦਨ ਵਧਾਉਣ ‘ਚ ਅਹਿਮ ਯੋਗਦਾਨ ਪਾ ਸਕਦੀਆਂ ਹਨ।ਪ੍ਰੋਗਰਾਮ ‘ਚ ਕ੍ਰਿਭਕੋ ਦੇ ਨੁਮਾਇੰਦੇ ਵਿਕਾਸ ਕੁਮਾਰ ਤੇ ਅਮਿਤ ਸ਼ਿਓਰਾਣ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤਾਂ ਨੂੰ ਉਪਜਾਊ ਬਣਾਈ ਰੱਖਣ ਲਈ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ, ਵਰਮੀ ਕੰਪੋਸਟ, ਗੋਬਰ ਖਾਦ ਦਾ ਸੰਤੁਲਿਤ ਇਸਤੇਮਾਲ ਕਰਨਾ ਚਾਹੀਦਾ ਹੈ।
ਪ੍ਰੋਗਰਾਮ ਦੇ ਸਫਲ ਆਯੋਜਨ ‘ਚ ਸੀਫੈਟ ਤੋਂ ਡਾ. ਮਹੇਸ਼ ਸਮੋਤਾ, ਪ੍ਰਿਥਵੀਰਾਜ, ਡਾ. ਕਿਸ਼ਨ ਪਟੇਲ, ਡਾ. ਰਮੇਸ਼ ਚੰਦ ਨੇ ਅਹਿਮ ਭੂਮਿਕਾ ਨਿਭਾਈ। ਪਿੰਡ ਵਰਿਆਮ ਖੇੜਾ ਸੁਸਾਇਟੀ ਦੇ ਰਵੀ ਕੁਮਾਰ, ਯੋਗੀ ਕੁਮਾਰ ਤੇ ਰਾਜੇਸ਼ ਨੇ ਵੀ ਪ੍ਰੋਗਰਾਮ ਦੇ ਆਯੋਜਨ ‘ਚ ਵਿਸ਼ੇਸ਼ ਸਹਿਯੋਗ ਦਿੱਤਾ।ਸਮਾਰੋਹ ਦੇ ਅੰਤ ‘ਚ ਕਿਸਾਨਾਂ ਨੇ ਮਿੱਟੀ ਸਿਹਤ ਸੁਰੱਖਿਆ, ਸੰਤੁਲਿਤ ਖਾਦ ਵਰਤੋਂ, ਏਕੀਕ੍ਰਿਤ ਪੋਸ਼ਕ ਤੱਤ ਪ੍ਰਬੰਧਨ, ਪਾਣੀ ਸੰਭਾਲ ਤੇ ਟਿਕਾਊ ਖੇਤੀ ਵਿਧੀਆਂ ਅਪਣਾਉਣ ਦਾ ਪ੍ਰਣ ਲਿਆ। ਹਾਜ਼ਰ ਕਿਸਾਨਾਂ ਨੇ ਖੇਤ ਬਚਾਓ ਅਭਿਆਨ ਨੂੰ ਖੇਤੀ, ਵਾਤਾਵਰਣ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ‘ਚ ਬਹੁਤ ਲਾਹੇਵੰਦ ਪਹਿਲ ਦੱਸਿਆ।
ਹੋਰ ਪੜ੍ਹੋ 👉  100 ਐਨਸੀਸੀ ਕੈਡਟਾਂ ਨੇ ਸੱਤ ਦਿਨਾਂ ਦੀ ਆਫ਼ਤ ਪ੍ਰਬੰਧਨ ਟ੍ਰੇਨਿੰਗ ਕੀਤੀ ਪੂਰੀ

Leave a Reply

Your email address will not be published. Required fields are marked *