ਪੌਂਗ ਪਾਵਰ ਹਾਊਸ ਦੁਆਰਾ 73,358 ਮਿਲੀਅਨ ਯੂਨਿਟ ਤੋਂ ਵੱਧ ਦਾ ਬਿਜਲੀ ਉਤਪਾਦਨ ਨਾਲ ਦੇਸ਼ ਨੂੰ ਕੀਤਾ ਰੌਸ਼ਨ

ਬਿਆਸ ਡੈਮ ਦਾ 52ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਤਕਨੀਕੀ ਕਾਰਜਸ਼ਾਲਾ ਦਾ ਆਯੋਜਨ

ਤਲਵਾੜਾ, 30 ਜੂਨ (ਖ਼ਬਰ ਖਾਸ ਬਿਊਰੋ)

ਭਾਖੜਾ ਬਿਆਸ ਪ੍ਰਬੰਧ ਬੋਰਡ ਵੱਲੋਂ ਅੱਜ ਪੋਂਗ ਡੈਮ ਦਾ 52ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਬਿਆਸ ਡੈਮ ਤਕਨੀਕੀ ਕਾਰਜਸ਼ਾਲਾ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੋਰਡ ਦੇ ਚੇਅਰਮੈਨ ਇੰਜ ਮਨੋਜ ਤ੍ਰਿਪਾਠੀ ਨੇ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਡੈਮ ਦੇ ਸ਼ਹੀਦ ਸਮਾਰਕ ਤੇ ਸਰਧਾ ਭੇਂਟ ਕਰਨ ਤੋਂ ਬਾਅਦ ਸਲਾਨਾ ਪੂਜਾ ਵਿਚ ਭਾਗ ਲਿਆ।

          ਬਿਆਸ ਡੈਮ ਦੇ 52 ਵਰ੍ਹੇ ਸਫਲਤਾ ਪੂਰਵਕ ਮੁਕੰਮਲ ਹੋਣ ਤੇ ਚੇਅਰਮੈਨ ਇੰਜ ਮਨੋਜ ਤ੍ਰਿਪਾਠੀ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਇਸ ਡੈਮ ਦੇ ਨਿਰਮਾਣ ਦੌਰਾਨ ਆਪਣੀ ਜਾਨ ਦੀ ਅਹੂਤੀ ਦੇਣ ਵਾਲੇ ਇੰਜਨੀਅਰਾਂ ਅਤੇ ਕਰਮਚਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਥੇ ਹੀ ਉਹਨਾਂ ਨੇ ਇਸ ਪਰਿਯੋਜਨਾ ਨੂੰ ਸਫਲਤਾ ਨਾਲ ਚਲਾਉਣ ਲਈ ਯੋਗਦਾਨ ਦੇਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੇ ਯੋਗਦਾਨ ਦੀ ਵੀ ਸਲਾਘਾ ਕੀਤੀ।

 ਉਹਨਾਂ ਨੇ ਕਿਹਾ ਕਿ ਭਰਾਵ ਸਮੱਗਰੀ ਤੇ ਆਧਾਰ ਤੇ ਦੇਸ਼ ਦੇ ਸਭ ਤੋਂ ਵੱਡੇ ਇਸ ਪੋਂਗ ਡੈਮ ਨੇ ਨਾ ਕੇਵਲ 16 ਲੱਖ ਹੈਕਟੇਅਰ ਖੇਤੀ ਨੂੰ ਪਾਣੀ ਪਹੁੰਚਾਇਆ ਹੈ ਸਗੋਂ ਬਿਜਲੀ ਉਤਪਾਦਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਹੁਣ ਤੱਕ ਪੌਂਗ ਪਾਵਰ ਹਾਊਸ ਦੁਆਰਾ 73,358 ਮਿਲੀਅਨ ਯੂਨਿਟ ਤੋਂ ਵੱਧ ਦਾ ਬਿਜਲੀ ਉਤਪਾਦਨ ਕੀਤਾ ਜਾ ਚੁੱਕਿਆ ਹੈ। ਉਹਨਾਂ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਇਸ ਦੇ ਪਾਵਰ ਹਾਊਸ ਦੀ ਸਮਰੱਥਾ ਨੂੰ 396 ਮੈਗਾਵਾਟ ਤੋਂ ਵਧਾ ਕੇ 432 ਮੈਗਾਵਾਟ ਕਰਨ ਦਾ ਪ੍ਰੋਜੈਕਟ ਵੀ ਜਲਦ ਸ਼ੁਰੂ ਹੋਵੇਗਾ।

ਬਾਅਦ ਵਿੱਚ ਬਿਆਸ ਡੈਮ ਸਬੰਧੀ ਤਕਨੀਕੀ ਕਾਰਜਸ਼ਾਲਾ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਇੰਜ: ਮਨੋਜ ਤ੍ਰਿਪਾਠੀ ਨੇ ਕਿਹਾ ਕਿ ਇਹ ਬਹੁਮੰਤਵੀ ਡੈਮ ਦੇਸ਼ ਦੀ ਉੱਨਤੀ ਦਾ ਆਧਾਰ ਹੈ ਅਤੇ ਭਾਖੜਾ ਅਤੇ ਪੌਗ ਡੈਮ ਨਵੀਨ ਭਾਰਤ ਦੇ ਮੰਦਰ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੇ ਇਸ ਡੈਮ ਦੀ ਖਾਸੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੀ ਭੰਡਾਰਨ ਸਮਰੱਥਾ 8.7 ਬੀਸੀਐਮ ਹੈ ਅਤੇ ਇਹ ਇਸ ਵਿੱਚ ਦੇਸ਼ ਦੇ ਕੁੱਲ ਡੈਮਾਂ ਵਿੱਚ ਭੰਡਾਰਨ ਹੋਣ ਵਾਲੇ ਪਾਣੀ ਦਾ 2.6 ਫੀਸਦੀ ਪਾਣੀ ਭੰਡਾਰ ਹੋ ਸਕਦਾ  ਹੈ। ਜਲ ਭੰਡਾਰਨ ਦੀ ਸਮਰੱਥਾ ਅਨੁਸਾਰ ਇਹ ਡੈਮ ਉੱਤਰੀ ਭਾਰਤ ਦਾ ਦੂਜਾ ਸਭ ਤੋਂ ਵੱਡਾ ਡੈਮ ਹੋਣ ਦਾ ਮਾਣ ਰੱਖਦਾ ਹੈ ।

ਚੇਅਰਮੈਨ ਇੰਜ ਮਨੋਜ ਤ੍ਰਿਪਾਠੀ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਦੌਰਾਨ ਇੱਥੇ ਦੋ ਹੋਰ ਨਵੇਂ ਫਾਇਰ ਟੈਂਡਰ ਅਤੇ ਇੱਕ ਨਵੀਂ ਕਿਸ਼ਤੀ ਵੀ ਉਪਲਬਧ ਕਰਵਾਈ ਜਾਵੇਗੀ ਅਤੇ ਇਸ ਖੇਤਰ ਨੂੰ ਟੂਰਿਜ਼ਮ ਦੇ ਤੌਰ ਤੇ ਵੀ ਵਿਕਸਿਤ ਕੀਤਾ ਜਾਵੇਗਾ। ਰਾਕ ਗਾਰਡਨ ਨੂੰ ਵੀ ਨਵੀਂ ਦਿੱਖ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਚੇਅਰਮੈਨ ਸ਼੍ਰੀ ਮਨੋਜ ਤਰਪਾਠੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਡੈਮ ਹੋਰ ਵੀ ਬਿਹਤਰ ਤਰੀਕੇ ਨਾਲ ਰਾਸ਼ਟਰ ਸੇਵਾ ਕਰਦਾ ਰਹੇਗਾ।

ਇਸ ਮੌਕੇ ਬਿਆਸ ਡੈਮ ਤਕਨੀਕੀ ਕਾਰਜਸ਼ਾਲਾ ਵਿੱਚ ਉਪ ਮੁੱਖ ਇੰਜੀਨੀਅਰ (ਡੈਮ) ਮਨਵੀਨ ਚੌਧਰੀ ਅਤੇ ਪ੍ਰੋਜੈਕਟ ਇੰਜੀਨੀਅਰ ਨੀਰਜ ਚੋਹਾਨ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਤਕਨੀਕੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ ਗਈ ਜਿਸ ਵਿਚ ਡੈਮ ਸਬੰਧੀ ਮੁੱਢਲੀ ਜਾਣਕਾਰੀ, ਕਰਵ ਰੂਲ ਨੀਤੀ ਅਤੇ ਅਪਾਤ ਸੁਰੱਖਿਆ ਪ੍ਰਣਾਲੀ ਦੀ ਜਾਣਕਾਰੀ ਸ਼ਾਮਿਲ ਸੀ।

ਇਸ ਮੌਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਇੰਜ ਬਲਵੀਰ ਸਿੰਘ ਸਿੰਘਮਾਰ, ਮੈਂਬਰ ਸਿੰਚਾਈ ਇੰਜ ਬੀਐਸ ਨਾਰਾ ਮੁੱਖ ਇੰਜਨੀਅਰ ਨੰਗਲ ਸੀਪੀ ਸਿੰਘ, ਉਪ ਮੁੱਖ ਇੰਜੀਨੀਅਰ ਬਿਆਸ ਡੈਮ ਵੀਕੇ ਮੀਨਾ, ਨਿਗਰਾਨ ਇੰਜੀਨੀਅਰ ਅਜੀਤ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ ਵਿਨੇ ਕੁਮਾਰ, ਕਾਰਜਕਾਰੀ ਇੰਜਨੀਅਰ ਅਰਵਿੰਦਰ ਪਾਲ ਸਿੰਘ ਉਬੀ, ਹਰਪ੍ਰੀਤ ਸਿੰਘ, ਗੌਰਵ ਲਾਂਬਾ, ਰਬਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਕਾਰਜਸ਼ਾਲਾ ਦੌਰਾਨ ਮੰਚ ਸੰਚਾਲਨ ਡਿਪਟੀ ਸਕੱਤਰ ਸੁਨੀਲ ਕੁਮਾਰ  ਅਤੇ ਡੈਮ ਵਿਖੇ ਪੂਜਾ ਸਮਾਗਮ ਦੌਰਾਨ ਮੰਚ ਸੰਚਲਾਨ ਐਸਡੀਓ ਦਿਨੇਸ਼ ਕੁਮਾਰ ਨੇ ਕੀਤਾ।

Leave a Reply

Your email address will not be published. Required fields are marked *