ਚੰਡੀਗੜ੍ਹ 2 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਮੁੜ ਵੱਧਦੀ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਵੱਲੋਂ ਕਾਂਗਰਸ ਹਾਈਕਮਾਨ ਵਿਰੁੱਧ ਪ੍ਰਗਟ ਕੀਤੀ ਜਾ ਰਹੀ ਨਰਾਜ਼ਗੀ ਨੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਦੋਵਾਂ ਆਗੂਆਂ ਦੀ ਇਸ ਬੇਚੈਨੀ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਇੱਕ ਵਾਰ ਫਿਰ ਜਨਤਕ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਵਲੋਂ ਕੱਲ ਸਾਰੇ ਵਰਗਾਂ ਨੂੰ ਖੁਸ਼ ਕਰਨ ਲਈ ਜਾਰੀ ਕੀਤੀ ਗਈ ਲਿਸਟ ਨਾਲ ਜ਼ਿਆਦਾਤਰ ਆਗੂ ਖੁਸ਼ ਨਹੀਂ ਹਨ, ਜਿਸਤੋ ਸਪਸ਼ਟ ਹੋ ਗਿਆ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ।
ਚੰਨੀ ਵੱਲੋਂ ਸਮਰਥਕਾਂ ਦੀ ਹੰਗਾਮੀ ਮੀਟਿੰਗ
ਹਾਈਕਮਾਨ ਦੇ ਫੈਸਲਿਆਂ ਅਤੇ ਪਾਰਟੀ ਵਿੱਚ ਆਪਣੀ ਅਣਦੇਖੀ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਸ਼ੁੱਕਰਵਾਰ ਨੂੰ ਆਪਣੇ ਸਮਰਥਕਾਂ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਚੰਨੀ ਆਪਣੇ ਸਿਆਸੀ ਭਵਿੱਖ ਅਤੇ ਪਾਰਟੀ ਅੰਦਰ ਆਪਣੀ ਸਥਿਤੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਚੰਨੀ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੰਗਠਨ ਦੇ ਫੈਸਲਿਆਂ ਵਿੱਚ ਉਨ੍ਹਾਂ ਨੂੰ ਹਾਸ਼ੀਏ ‘ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਰੋਸ ਹੈ। ਸ਼ੁੱਕਰਵਾਰ ਦੀ ਇਸ ਬੈਠਕ ‘ਤੇ ਪੂਰੀ ਸੂਬਾ ਲੀਡਰਸ਼ਿਪ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਮੁਨੀਸ਼ ਤਿਵਾੜੀ ਦੀ ਨਾਰਾਜ਼ਗੀ ਦੇ ਕਾਰਨ
ਦੂਜੇ ਪਾਸੇ, ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਵੀ ਹਾਈਕਮਾਨ ਦੇ ਕੁਝ ਤਾਜ਼ਾ ਫੈਸਲਿਆਂ ਅਤੇ ਪਾਰਟੀ ਦੀ ਕਾਰਜਪ੍ਰਣਾਲੀ ਤੋਂ ਅਸੰਤੁਸ਼ਟ ਦੱਸੇ ਜਾ ਰਹੇ ਹਨ। ਤਿਵਾੜੀ, ਜੋ ਕਿ ਪਾਰਟੀ ਦੇ ਬੌਧਿਕ ਅਤੇ ਸੀਨੀਅਰ ਚਿਹਰਿਆਂ ਵਿੱਚੋਂ ਇੱਕ ਹਨ, ਅਕਸਰ ਪਾਰਟੀ ਦੇ ਫੈਸਲਿਆਂ ‘ਤੇ ਸਪੱਸ਼ਟ ਰਾਇ ਰੱਖਣ ਲਈ ਜਾਣੇ ਜਾਂਦੇ ਹਨ।
ਤਿਵਾੜੀ ਨੇ ਆਪਣੇ ਐਕਸ ਅਕਾਉਂਟ ਉਤੇ ਲਿਖਿਆ ਹੈ ਕਿ ਕਾਸ਼ ਮੇਰੇ ਕੋਲ ਲੋਕਾਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਨੂੰ ਦੂਰ ਕਰਨ ਦਾ ਕੋਈ ਤਰੀਕਾ ਹੁੰਦਾ! ਫਿਰ ਵੀ, ਮੈਨੂੰ ਇਹ ਕਹਿਣਾ ਪਵੇਗਾ ਕਿ ਕਾਂਗਰਸ ਨੇ ਪਿਛਲੇ 45 ਸਾਲਾਂ ਵਿੱਚ ਮੈਨੂੰ ਬਹੁਤ ਕੁਝ ਦਿੱਤਾ ਹੈ, ਅਤੇ ਮੈਂ ਆਪਣਾ ਪੂਰਾ ਬਾਲਗ ਜੀਵਨ ਪੂਰੀ ਸ਼ਰਧਾ ਨਾਲ ਕਾਂਗਰਸ ਦੀ ਸੇਵਾ ਕਰਨ ਲਈ ਸਮਰਪਿਤ ਕੀਤਾ ਹੈ।
ਜੋ ਵੀ ਹੋਣਾ ਹੈ ਉਹ ਹੋਵੇਗਾ।
ਪਾਰਟੀ ਲਈ ਵਧੀਆਂ ਮੁਸ਼ਕਿਲਾਂ
ਇਨ੍ਹਾਂ ਦੋਵਾਂ ਦਿੱਗਜ ਆਗੂਆਂ ਦੀ ਸਾਂਝੀ ਨਾਰਾਜ਼ਗੀ ਕਾਂਗਰਸ ਹਾਈਕਮਾਨ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ। ਪੰਜਾਬ ਵਿੱਚ ਪਹਿਲਾਂ ਹੀ ਪਾਰਟੀ ਕਈ ਧੜਿਆਂ ਵਿੱਚ ਵੰਡੀ ਨਜ਼ਰ ਆ ਰਹੀ ਹੈ, ਅਤੇ ਹੁਣ ਚੰਨੀ ਤੇ ਤਿਵਾੜੀ ਵਰਗੇ ਵੱਡੇ ਚਿਹਰਿਆਂ ਦਾ ਬਾਗੀ ਰੁਖ ਪਾਰਟੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਹਾਈਕਮਾਨ ਨੇ ਸਮਾਂ ਰਹਿੰਦੇ ਦੋਵਾਂ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕੀਤੀ, ਤਾਂ ਸ਼ੁੱਕਰਵਾਰ ਦੀ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਇੱਕ ਨਵਾਂ ਸਿਆਸੀ ਭੂਚਾਲ ਆ ਸਕਦਾ ਹੈ, ਜਿਸ ਦਾ ਸਿੱਧਾ ਅਸਰ ਆਉਣ ਵਾਲੀਆਂ ਚੋਣਾਂ ‘ਤੇ ਪੈ ਸਕਦਾ। ਫਿਲਹਾਲ, ਸਾਰਿਆਂ ਦੀ ਨਜ਼ਰਾੰ ਚੰਨੀ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ‘ਤੇ ਟਿਕੀ ਹੋਈ ਹੈ।