ਜਲੰਧਰ, 2 ਅਕਤੂਬਰ (ਖ਼ਬਰ ਖਾਸ ਬਿਊਰੋ): ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ‘ਐਲਡੇਕੋ ਗ੍ਰੀਨਜ਼ ਸੁਸਾਇਟੀ’ ਵੱਲੋਂ ਆਪਣੇ ਕੈਂਪਸ ਵਿੱਚ ਚਲਾਈ ਗਈ ਸਵੱਛਤਾ ਮੁਹਿੰਮ ਵਿੱਚ ਹਿੱਸਾ ਲਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਨੇ ਭਾਈਚਾਰੇ ਦੀ ਸਮੂਹਿਕ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੋਨੀ ਦੇ ਵਸਨੀਕਾਂ ਨੇ ‘ਸਵੱਛ ਭਾਰਤ’ ਮੁਹਿੰਮ ਤਹਿਤ ਮੁਕਾਬਲੇ ਕਰਵਾਉਣ ਅਤੇ ਇਨਾਮ ਵੰਡਣ ਲਈ ਖੁਦ ਅਤੇ ਆਪਣੇ ਬੱਚਿਆਂ ਨੂੰ ਸਰਗਰਮੀ ਨਾਲ ਸ਼ਾਮਲ ਕੀਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਨਾਲ ਉਨ੍ਹਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਉਹ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣਾ ਸਿੱਖਦੇ ਹਨ ਅਤੇ ਹਰੇ-ਭਰੇ ਭਵਿੱਖ ਦੀ ਰਾਖੀ ਕਰਨ ਦੇ ਸਮਰੱਥ ਬਣਦੇ ਹਨ।
ਸੰਬੋਧਨ ਤੋਂ ਪਹਿਲਾਂ ਸੁਸਾਇਟੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਕੈਂਪਸ ਦੇ ਅੰਦਰ ਇੱਕ ‘ਸਵੱਛਤਾ ਰੈਲੀ’ ਕੱਢੀ ਗਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਰਲ ਕੇ ਪੂਰੀ ਸੁਸਾਇਟੀ ਦੀ ਸਫ਼ਾਈ ਕੀਤੀ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਵਿਲੱਖਣ ਸਵੈ-ਇੱਛਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਨਾਗਰਿਕ ਆਪਣੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਖੁਦ ਲੈ ਲੈਂਦੇ ਹਨ, ਤਾਂ ਇੱਕ ਸਾਫ਼-ਸੁਥਰਾ ਅਤੇ ਸਿਹਤਮੰਦ ਸਮਾਜ ਸਿਰਜਣਾ ਸੰਭਵ ਹੋ ਜਾਂਦਾ ਹੈ।
ਸਮਾਗਮ ਦੌਰਾਨ ਰਾਜ ਸਭਾ ਮੈਂਬਰ ਨੇ ‘ਸਵੱਛਤਾ ਅਭਿਆਨ’ ਮੁਹਿੰਮ ਤਹਿਤ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਨੌਜਵਾਨਾਂ ਵੱਲੋਂ ਵਾਤਾਵਰਣ ਸਬੰਧੀ ਕੀਤੇ ਜਾਣ ਵਾਲੇ ਕਾਰਜਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਇੱਕ ਅਹਿਮ ਕਦਮ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇੱਕ ਟਿਕਾਊ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ‘ਤੇ ਹੀ ਹੋਵੇਗੀ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਮਾਜ ਵਿੱਚ ਸਫ਼ਾਈ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਸਹੁੰ ਵੀ ਚੁਕਾਈ।
ਇਸ ਸਮਾਗਮ ਵਿੱਚ ਮੁੱਖ ਸਪਾਂਸਰ ਭਗਵਾਨ ਦਾਸ ਚੌਧਰੀ ਅਤੇ ਪ੍ਰਾਜੈਕਟ ਡਾਇਰੈਕਟਰ ਡਾ.ਸੁਗਨੀ, ਸੁਰਿੰਦਰ ਪਾਲ ਤੋਂ ਇਲਾਵਾ ਗੋਪਾਲ ਕ੍ਰਿਸ਼ਨ, ਨਰੇਸ਼ ਸਰਨਾ, ਮੋਹਨ ਲੂਥਰਾ, ਸੰਜੇ ਗੁਲਾਟੀ, ਹੈਪੀ ਮੱਕੜ, ਰਾਕੇਸ਼ ਸ਼ਰਮਾ, ਟੀ.ਐਸ. ਬੱਗਾ, ਰਾਜੇਸ਼ ਪੁਰੀ, ਸੁਮਿਤ ਠੁਕਰਾਲ, ਕਵਲ ਨਯਨ, ਨੈਕਟਰ ਚੌਹਾਨ, ਨਰੇਸ਼ ਢੱਲ, ਵਰਿੰਦਰ ਕਾਂਸਲ, ਸੁਖਵਿੰਦਰ ਸਿੰਘ ‘ਸੁੱਖੀ’, ਰਾਜ ਕੁਮਾਰ, ਸੰਜੀਵ ਲਖਨਪਾਲ, ਡਾ. ਨਵਦੀਪ ਅਨੇਜਾ, ਨਵਤੇਜ ਸਿੰਘ, ਅਨੂਪ ਮਿਗਲਾਨੀ, ਐਡਵੋਕੇਟ ਰਾਜੇਸ਼ ਵਰਮਾ, ਐੱਸ.ਐਨ. ਚੋਪੜਾ ਅਤੇ ਸੌਰਵ ਸ਼ਰਮਾ ਅਤੇ ਸਟੇਜ ਐਂਕਰ ਸ਼ਵੇਤਾ ਗੋਪਾਲ ਵੀ ਮੌਜੂਦ ਸਨ।