ਰੂਪਨਗਰ, 3 ਫਰਵਰੀ(ਖ਼ਬਰ ਖਾਸ ਬਿਊਰੋ)
ਸਰਕਾਰੀ ਕਾਲਜ ਰੋਪੜ ਵਿਖੇ ਸਰਕਾਰ ਦੇ ਆਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡਚਲਵਾਲ ਦੀ ਰਹਿਨੁਮਾਈ ਹੇਠ, ਸਿਵਲ ਡਿਫੈਂਸ ਟੀਮ ਰੂਪਨਗਰ ਦੀ ਅਗਵਾਈ ਵਿੱਚ, ਕਾਲਜ ਦੇ ਐਨ.ਐਸ.ਐਸ, ਰੈਡ ਰਿਬਨ ਕਲੱਬ ਅਤੇ ਐਨ.ਸੀ.ਸੀ ਯੂਨਿਟ ਦੇ ਸਹਿਯੋਗ ਨਾਲ ਸੱਤ ਰੋਜ਼ਾ ਸਿਵਲ ਡਿਫੈਂਸ ਕੈਪੈਸਟੀ ਬਿਲਡਿੰਗ ਟ੍ਰੇਨਿੰਗ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਸਮਾਪਤੀ ਸਮਾਰੋਹ ਵਿੱਚ ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਕਮ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਸ. ਜਤਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ, ਵਲੰਟੀਅਰਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਸਿਵਲ ਡਿਫੈਂਸ ਟੀਮ ਰੂਪਨਗਰ ਨੂੰ ਇਸ ਟ੍ਰੇਨਿੰਗ ਦੇ ਸਫਲ ਆਯੋਜਨ ਲਈ ਵਿਸ਼ੇਸ਼ ਤੌਰ ’ਤੇ ਮੁਬਾਰਕਬਾਦ ਦਿੱਤੀ।
ਟ੍ਰੇਨਿੰਗ ਇੰਚਾਰਜ ਸ. ਸੁਦਰਸ਼ਨ ਸਿੰਘ ਨੇ ਦੱਸਿਆ ਕਿ ਵਲੰਟੀਅਰਾਂ ਨੂੰ ਸੀਪੀਆਰ, ਮੁੱਢਲੀ ਮੈਡੀਕਲ ਸਹਾਇਤਾ, ਅੱਗ ਬੁਝਾਉਣ, ਹਾਦਸਿਆਂ ਨਾਲ ਨਜਿੱਠਣ, ਰਾਹਤ ਤੇ ਬਚਾਅ, ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਦੌਰਾਨ ਸੁਰੱਖਿਅਤ ਨਿਕਾਸੀ ਵਰਗੀਆਂ ਮਹੱਤਵਪੂਰਨ ਸਿਵਲ ਡਿਫੈਂਸ ਟ੍ਰੇਨਿੰਗਾਂ ਦਿੱਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਨਡੀਆਰਐਫ ਟੀਮ, ਆਈਡੀਡੀਪੀ ਟੀਮ ਅਤੇ ਸਿਵਲ ਹਸਪਤਾਲ ਦੀ ਟੀਮ ਨੇ ਵੀ ਵਿਸ਼ੇਸ਼ ਸੈਸ਼ਨ ਲਗਾਏ। ਵਲੰਟੀਅਰਾਂ ਨੂੰ ਸਿਰਫ਼ ਸਿਧਾਂਤਕ ਨਹੀਂ ਸਗੋਂ ਵਿਸ਼ੇਸ਼ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੱਤੀ ਗਈ ਅਤੇ ਮੈਦਾਨ ਵਿੱਚ ਅਭਿਆਸ ਕਰਵਾਏ ਗਏ।
ਸਿਵਲ ਡਿਫੈਂਸ ਰੂਪਨਗਰ ਟੀਮ ਤੋਂ ਸ਼੍ਰੀ ਨਰਾਇਣ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 360 ਵਲੰਟੀਅਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 250 ਸਰਕਾਰੀ ਕਾਲਜ ਰੋਪੜ, 40 ਸ਼ਿਵਾਲਿਕ ਕਾਲਜ ਨੰਗਲ ਅਤੇ 70 ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਿਵਲ ਵਿਭਾਗਾਂ ਨਾਲ ਸਬੰਧਤ ਸਨ। ਸਾਰੇ ਵਲੰਟੀਅਰਾਂ ਨੂੰ ਸੇਫਟੀ ਕਿੱਟ, ਮੈਡੀਕਲ ਕਿੱਟ, ਬੁੱਕਲੈਟ, ਟਰੈਕਸੂਟ, ਜੁੱਤੇ, ਡਾਇਰੀ, ਪੈਨ, ਪੇਪਰ ਬੋਰਡ, ਟੀ-ਸ਼ਰਟ ਅਤੇ ਬੈਗ ਵੰਡੇ ਗਏ। ਸ਼੍ਰੀ ਨਰਾਇਣ ਸ਼ਰਮਾ ਨੇ ਇਸ ਟ੍ਰੇਨਿੰਗ ਨੂੰ ਸਫਲ ਬਣਾਉਣ ਲਈ ਕਾਲਜ ਪ੍ਰਸ਼ਾਸਨ ਅਤੇ ਸਮੂਹ ਸਟਾਫ ਵੱਲੋਂ ਮਿਲੇ ਪੂਰਨ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਟ੍ਰੇਨਿੰਗ ਨੂੰ ਸਫਲ ਬਣਾਉਣ ਵਿੱਚ ਸਿਵਲ ਡਿਫੈਂਸ ਰੂਪਨਗਰ ਟੀਮ ਤੋਂ ਸ਼੍ਰੀ ਪ੍ਰੇਮ ਨਰਾਇਣ, ਸ਼੍ਰੀ ਵਿਜੇ ਕੁਮਾਰ, ਰੈਡ ਰਿਬਨ ਪ੍ਰੋਗਰਾਮ ਅਫਸਰ ਡਾ. ਅਨੂ ਸ਼ਰਮਾ, ਪ੍ਰੋ. ਕੀਰਤੀ ਭਾਗੀਰਥ, ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਜਗਜੀਤ ਸਿੰਘ, ਪ੍ਰੋ. ਕੁਲਦੀਪ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਚੰਦਰਗੁਪਤ, ਪ੍ਰੋ. ਮਨਪ੍ਰੀਤ ਸਿੰਘ ਅਤੇ ਸਹਾਇਕ ਪ੍ਰੋਗਰਾਮ ਅਫਸਰ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਤਰਨਜੋਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਡਿੰਪਲ ਨੇ ਅਹਿਮ ਯੋਗਦਾਨ ਦਿੱਤਾ।