ਚੰਡੀਗੜ੍ਹ 21 ਦਸੰਬਰ (ਖ਼ਬਰ ਖਾਸ ਬਿਊਰੋ)
ਜ਼ਿਲ੍ਹਾ ਅਦਾਲਤ ਨੇ ਇਕ ਕੁੱਤੇ ਦੇ ਮਾਲਕ ਨੂੰ ਇਕ ਲੱਖ ਰੁਪਏ ਜ਼ੁਰਮਾਨਾ ਲਗਾਇਆ ਹੈ। ਇਹ ਲੱਖ ਰੁਪਏ ਪੀੜਤ ਔਰਤ ਨੂੰ ਦਿੱਤੇ ਜਾਣਗੇ , ਜਿਸਨੂੰ ਇਕ ਕੁੱਤੇ ਨੇ ਕੱਟ ਲਿਆ ਸੀ। ਅਦਾਲਤ ਨੇ ਔਰਤ ਦੇ ਇਲਾਜ ਲਈ 30 ਹਜ਼ਾਰ ਰੁਪਏ 9 ਫ਼ੀਸਦੀ ਵਿਆਜ ਸਮੇਤ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ ਸੈਕਟਰ-49 ਸਥਿਤ ਨਿਰਵਾਣਾ ਸੁਸਾਇਟੀ ਦੀ ਨਿਵਾਸੀ ਡਾ. ਭੂਮਿਕਾ ਗੁਪਤਾ ਨੂੰ ਕਰੀਬ ਪੰਜ ਸਾਲ ਪਹਿਲਾਂ ਉਸਨੂੰ ਇਕ ਪਾਲਤੂ ਕੁੱਤੇ ਨੇ ਕੱਟ ਲਿਆ ਸੀ। ਗੁਪਤਾ ਨੇ ਆਪਣੇ ਗੁਆਂਢੀ ਮਨਪਾਲ ਸੇਤੀਆ ਅਤੇ ਉਨ੍ਹਾਂ ਦੀ ਪਤਨੀ ਦਿਵਿਆ ਸੇਤੀਆ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਕੇਸ ਦਰਜ ਕੀਤਾ ਸੀ। ਪੀੜਤ ਨੇ ਦੋਸ਼ ਲਾਇਆ ਸੀ ਕਿ ਮਨਪਾਲ ਅਤੇ ਦਿਵਿਆ ਦੇ ਕੁੱਤੇ ਨੇ ਉਸਨੂੰ ਵੱਢ ਲਿਆ ਜਿਸ ਨਾਲ ਉਸਦੇ ਮੱਥੇ ਅਤੇ ਸਿਰ ’ਤੇ ਜਖਮ ਹੋ ਗਏ ਸਨ। ਪੀੜਤ ਨੇ ਕਿਹਾ ਕਿ ਇਹ ਘਟਨਾ ਮਾਲਕ ਦੀ ਲਾਪਰਵਾਹੀ ਕਾਰਨ ਵਾਪਰੀ ਕਿਉਕਿ ਉਸਨੇ ਕੁੱਤੇ ਨੂੰ ਚੈਨ (ਜੰਜੀਰ) ਨਹੀਂ ਪਾਈਹੋਈ ਸੀ।
ਪਟਿਸ਼ਨਰ ਅਨੁਸਾਰ 18 ਜਨਵਰੀ 2020 ਨੂੰ ਉਹ ਕੱਪੜੇ ਉਤਾਰਨ ਲਈ ਛੱਤ ’ਤੇ ਗਈ ਸੀ। ਉੱਥੇ ਉਨ੍ਹਾਂ ਦੀ ਗੁਆਂਢਣ ਦਿਵਿਆ ਦੇ ਪੰਜ ਪਾਲਤੂ ਕੁੱਤੇ ਛੱਤ ’ਤੇ ਬਿਨਾਂ ਜੰਜੀਰ ਖੁੱਲ੍ਹੇ ਘੁੰਮ ਰਹੇ ਸਨ। ਡਾ. ਭੂਮਿਕਾ ਨੇ ਦਿਵਿਆ ਨੂੰ ਕਿਹਾ ਕਿ ਉਨ੍ਹਾਂ ਨੂੰ ਕੁੱਤਿਆਂ ਤੋਂ ਡਰ ਲੱਗ ਰਿਹਾ ਹੈ। ਇਸ ’ਤੇ ਤਿੰਨ ਕੁੱਤਿਆਂ ਨੂੰ ਤਾਂ ਬੰਨ੍ਹ ਲਿਆ ਗਿਆ ਪਰ ਦੋ ਹਾਲੇ ਵੀ ਖੁੱਲ੍ਹੇ ਘੁੰਮ ਰਹੇ ਸਨ। ਅਚਾਨਕ ਇੱਕ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਉਨ੍ਹਾਂ ਦੇ ਮੱਥੇ ਅਤੇ ਸਿਰ ’ਤੇ ਕੱਟ ਲਿਆ।
ਪਟੀਸ਼ਨਰ ਦਾ ਕਹਿਣਾ ਹੈ ਕਿ ਕੁੱਤੇ ਨੇ ਇੰਨੀ ਬੁਰੀ ਤਰਾਂ ਵੱਢਿਆ ਕਿ ਉਸਦੇ ਚਿਹਰੇ ਤੋਂ ਖ਼ੂਨ ਵਗਣ ਲੱਗ ਪਿਆ। ਉਨ੍ਹਾਂ ਦੀ ਚੀਖ-ਪੁਕਾਰ ਸੁਣ ਕੇ ਗੁਆਂਢੀ ਵੀ ਇਕੱਠੇ ਹੋ ਗਏ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ’ਤੇ 30 ਹਜ਼ਾਰ ਰੁਪਏ ਖਰਚ ਆਇਆ। ਕੁੱਤੇ ਦੇ ਕੱਟਣ ਨਾਲ ਚਿਹਰੇ ’ਤੇ ਪਏ ਨਿਸ਼ਾਨਾਂ ਕਾਰਨ ਉਨ੍ਹਾਂ ਨੂੰ ਮਾਨਸਿਕ ਅਤੇ ਸਮਾਜਿਕ ਨੁਕਸਾਨ ਵੀ ਝੱਲਣਾ ਪਿਆ।