ਨਾਟਕ ਗੁੰਮਸ਼ੁਦਾ ਔਰਤ’ ਰਾਹੀਂ ਪੇਸ਼ ਕੀਤਾ ਗਿਆਨ-ਵਿਹੂਣੇ ਲੋਕਾਂ ਦਾ ਸੱਚ

ਚੰਡੀਗੜ੍ਹ, 3 ਮਾਰਚ (ਖ਼ਬਰ ਖਾਸ ਬਿਊਰੋ)

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਪੰਜਾਬ ਸੰਗੀਤ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਹੋ ਰਹੇ ਨੌ ਦਿਨਾ ਨਾਰੀ ਸ਼ਕਤੀ ਪ੍ਰੋਗਰਾਮ ਤਹਿਤ ਦੂਸਰੇ ਦਿਨ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਸੋਲੋ ਨਾਟਕ ‘ਗੁੰਮਸ਼ੁਦਾ ਔਰਤ’ ਪੇਸ਼ ਕੀਤਾ। ਉਹ ਹੀ ਇਸ ਵਿੱਚ ਅਦਾਕਾਰੀ ਕਰ ਰਹੇ ਸਨ। ਇਹ ਪ੍ਰੋਗਰਾਮ ਐਮ. ਐਸ. ਰੰਧਾਵਾ ਦੀ ਯਾਦ ਵਿੱਚ ਚੱਲ ਰਹੇ ਪੰਜਾਬ ਨਵ ਸਿਰਜਣ ਲੜੀ ਹੇਠ ਕੀਤਾ ਜਾ ਰਿਹਾ ਹੈ।

ਇਹ ਨਾਟਕ ਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ। ਇਹ ਸੋਲੋ ਨਾਟਕ ਸਮਾਜੀ ਜੀਵਨ ’ਚ ਗੁੰਮਸ਼ੁਦਾ ਜੂਨ ਹੰਢਾ ਰਹੇ ਲੋਕਾਂ ਦੀ ਗਾਥਾ ਹੈ, ਜਿਸਨੂੰ ਇੱਕ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਇਆ ਗਿਆ ਹੈ। ਇਹ ਨੌਕਰਾਣੀ ਇੱਕ ਕਹਾਣੀਕਾਰਾ ਅਤੇ ਸੁਚੇਤ ਪੱਤਰਕਾਰ, ਦੋਵਾਂ ਦਾ ਹਾਲ ਬਿਆਨ ਕਰਦੀ ਹੈ। ਇਹੀ ਲੋਕ ਸਨ, ਜਿਨ੍ਹਾਂ ਤੋਂ ਉਸਨੇ ਡਾਇਰੀ ਲਿਖਣ ਦਾ ਵੱਲ ਸਿਖਿਆ ਹੈ ਅਤੇ ਉਸ ਵਿੱਚ ਦਿਨ ਦਾ ਹਾਲ ਲਿਖਣ ਦੇ ਨਾਲ-ਨਾਲ ਦਿਲ ਦਾ ਹਾਲ ਵੀ ਲਿਖਿਆ ਜਾ ਰਿਹਾ ਹੈ, ਜਿਸ ਵਿੱਚ ਕਈ ਲੋਕਾਂ ਦੇ ਕਿਰਦਾਰ ਸਾਹਮਣੇ ਆ ਰਹੇ ਹਨ, ਉਨ੍ਹਾਂ ਦੇ ਮੁੱਖ ਤੋਂ ਮਖੌਟੇ ਉਤਰ ਰਹੇ ਹਨ। ਇਹ ਸੱਚ ਹੀ ਉਸ ਲਈ ਜੀਅ ਦਾ ਜੰਜਾਲ ਬਣ ਜਾਂਦਾ ਹੈ, ਕਿਉਂਕਿ ਉਸਦੀ ਡਾਇਰੀ ਗਵਾਚ ਗਈ ਹੈ। ਉਸ ਡਾਇਰੀ ਵਿੱਚ ਮਾਲਕਾਂ ਦਾ ਹੀ ਨਹੀਂ, ਆਲੇ-ਦੁਆਲੇ ਦਾ ਸੱਚ ਦਰਜ ਹੈ।

ਨਾਟਕ ਦੀ ਕਹਾਣੀ ਉਸ ਦੁਆਲੇ ਹੀ ਘੁੰਮਦੀ ਹੈ, ਜਿਸ ਵਿੱਚ ਉਸਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ ਵਿਖਾ ਦਿੱਤਾ ਹੈ। ਉਹਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ।

ਇਸ ਨਾਟਕ ਦੀ ਕਹਾਣੀ ਓਦੋਂ ਮੋੜ ਲੈਂਦੀ ਹੈ, ਜਦੋਂ ਸ਼ਹਿਰ ’ਚ ਵੱਸਦੀ ਬਜ਼ੁਰਗ ਔਰਤ ਦਾ ਕਤਲ ਹੋ ਜਾਂਦਾ ਹੈ ਤੇ ਪੁਲਿਸ ਉਸਦੀ ਘਰੇਲੂ ਨੌਕਰਾਣੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਡਾਇਰੀ ਲਿਖਣ ਵਾਲੀ ਉਸ ਨੌਕਰਾਣੀ ਦੀ ਗ੍ਰਿਫ਼ਤਾਰੀ ਕਾਰਨ ਪਰੇਸ਼ਾਨ ਹੈ ਤੇ ਉਸਨੂੰ ਲੱਗਦਾ ਹੈ; ਉਸਦੇ ਮਾਲਕ ਵੀ ਪਰੇਸ਼ਾਨ ਹੋਣਗੇ, ਪਰ ਉਸਦੀ ਮਾਲਕਣ ਨੂੰ ਘਰੇਲੂ ਨੌਕਰਾਣੀ ’ਤੇ ਹੀ ਸ਼ੱਕ ਹੈ। ਉਸਦਾ ਮਾਲਕ ਚੁੱਪ-ਚਾਪ ਸੁਣਦਾ ਹੈ। ਇਹ ਚੁੱਪ ਹੀ ਘਰੇਲੂ ਨੌਕਰਾਣੀ ਦੇ ਅੰਦਰ ਵਿਦਰੋਹ ਪੈਦਾ ਕਰਦੀ ਹੈ ਅਤੇ ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਤੇ ਭੈਣ ਪਤੀ ਦੀ ਕੁੱਟ-ਮਾਰ ਸਹਿ ਕੇ ਵੀ ਦਿਨਕਟੀ ਕਰ ਰਹੀ ਹੈ।

ਇਸ ਨੌਕਰਾਣੀ ਦੀ ਇਮਾਨਦਾਰੀ ਅਤੇ ਸੂਝ ਦਾ ਸਫ਼ਰ ਮਾਂ ਨੂੰ ਪਹਿਲੇ ਦਿਨੋਂ ਪਸੰਦ ਨਹੀਂ ਹੈ। ਉਸਨੂੰ ਲੱਗਦਾ ਹੈ ਕਿ ਕਿਤਾਬਾਂ ਗਰੀਬਾਂ ਅੰਦਰ ਗੁੱਸਾ ਪੈਦਾ ਕਰਦੀਆਂ ਹਨ, ਜੋ ਸਹੀ ਨਹੀਂ ਹੈ। ਓਧਰ ਇਸਮਤ ਚੁਗਤਾਈ ਦਾ ਜੀਵਨ ਪੜ੍ਹ ਚੁੱਕੀ ਨੌਕਰਾਣੀ ਐਨ ਉਲਟ ਸੋਚਦੀ ਹੈ। ਉਸਨੂੰ ਲੱਗਦਾ ਹੈ, ਗੁੱਸਾ ਤਾਂ ਆਉਣਾ ਹੀ ਗਰੀਬਾਂ ਨੂੰ ਚਾਹੀਦਾ ਹੈ। ਉਹ ਬੇਸ਼ਕ ਮਾਲਕਾਂ ਦਾ ਕੰਮ ਛੱਡ ਚੁੱਕੀ ਹੈ, ਪਰ ਉਨ੍ਹਾਂ ਦੀ ਦਿੱਤੀ ਇਸ ਮੱਤ ਦੀ ਕਾਇਲ ਹੈ ਕਿ ਤੁਰੇ ਹੋਏ ਕਦਮ ਪਿਛਾਂਹ ਨਹੀਂ ਜਾ ਸਕਦੇ। ਇਹ ਸਬਕ ਉਸਨੇ ਇਸਮਤ ਚੁਗਤਾਈ ਕੋਲੋਂ ਵੀ ਸਿਖਿਆ ਹੈ।

ਇਹ ਨਾਟਕ ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ’ਤੇ ਕਟਾਖਸ਼ ਕਰਦਾ ਹੈ ਅਤੇ ਕਿਤਾਬਾਂ ਤੋਂ ਸਿੱਖੇ ਗਿਆਨ ’ਤੇ ਅਮਲ ਕਰਨ ਦਾ ਸੱਦਾ ਦਿੰਦਾ ਹੈ। ਅਨੀਤਾ ਸ਼ਬਦੀਸ਼ ਨੇ ਸੋਲੋ ਨਾਟਕ ਵਿੱਚ ਨੌਕਰਾਣੀ ਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਮੰਚ ’ਤੇ ਸਾਕਾਰ ਕੀਤਾ। ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਵੀ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਹੈ। ਇਸਦੇ ਸੰਗੀਤਕ ਪੱਖ ਨੂੰ ਸੁਮੀਤ ਸੇਖਾ ਆਪਰੇਟ ਕਰ ਰਹੇ ਸਨ ਅਤੇ ਲਾਈਟਿੰਗ ਕਰਨ ਗੁਲਜ਼ਾਰ ਦੀ ਸੀ।

Leave a Reply

Your email address will not be published. Required fields are marked *