ਟੈਗੋਰ ਥੀਏਟਰ ਦੇ ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ

ਚੰਡੀਗੜ੍ਹ, 30 ਜਨਵਰੀ (ਖ਼ਬਰ ਖਾਸ ਬਿਊਰੋ)
ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਤੇ ਹਰਿਆਣਾ ਕਲਾ ਪਰਿਸ਼ਦ ਵਲੋਂ ਕਰਵਾਏ ਜਾ ਰਹੇ ‘ਹਰਿਆਣਾ ਰੰਗ ਉਤਸਵ’ ਦੇ ਚੌਥੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਨੇ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਨਟੀ ਬਿਨੋਦਨੀ ਦੀ ਕਹਾਣੀ ਪੇਸ਼ ਕੀਤੀ। ਨਟੀ ਬਿਨੋਦਨੀ, ਜਿਸਨੇ 1876 ਵਿੱਚ ਨਾਟਕ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ, ਬਾਰਾਂ ਸਾਲਾਂ ਬਾਅਦ ਹੀ ਰੰਗਮੰਚ ਨੂੰ ਸਦਾ ਲਈ ਅਲਵਿਦਾ ਆਖ ਜਾਂਦੀ ਹੈ, ਕਿਉਂਕਿ ਉਹ ਕਲਾ ਦੀ ਦੁਨੀਆਂ ਵਿੱਚ ਵਸਤ ਤਾਂ ਹੈ, ਪਰ ਉਸਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ। ਇਹ ਨਾਟਕ ਦੱਸ ਰਿਹਾ ਸੀ ਕਿ ਕਲਾ ਦੀ ਦੁਨੀਆਂ ਵੀ ਡੇਢ ਸਦੀ ਵਿੱਚ ਵੀ ਬਹੁਤੀ ਬਦਲ ਨਹੀਂ ਸਕੀ।

‘ਨਟੀ ਬਿਨੋਦਨੀ’ ਨਾਟਕ ਬੰਗਾਲੀ ਰੰਗਮੰਚ ਦੀ ਅਦਾਕਾਰਾ ਬਿਨੋਦਨੀ ਦਾਸੀ ਦੀ ਸਵੈ-ਜੀਵਨੀ `ਤੇ ਆਧਾਰਤ ਹੈ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤਾ ਹੈ ਅਤੇ ਇਹ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਉਹ ਜਿਸਮ ਫਰੋਸ਼ੀ ਦੀਆਂ ਗਲੀਆਂ ’ਚੋਂ ਰੰਗਮੰਚ `ਤੇ ਕਿਵੇਂ ਆਈ ਅਤੇ ਕਿਨ੍ਹਾਂ ਹਾਲਾਤ ’ਚ ਚਮਕਦੀ ਦੁਨੀਆਂ ਨੂੰ ਛੱਡ ਕੇ ਗੁੰਮਨਾਮੀ ਵਿੱਚ ਗਵਾਚ ਗਈ; ਇਹ ਕਥਾ ਹੀ ਨਾਟਕ ਬਿਆਨ ਕਰਦਾ ਹੈ।

ਅਨੀਤਾ ਸ਼ਬਦੀਸ਼, ਜੋ ਇਸ ਨਾਟਕ ਦੀ ਨਿਰਦੇਸ਼ਕ ਵੀ ਹੈ, ਨੇ ਨਟੀ ਬਿਨੋਦਨੀ ਦੀ ਮੁੱਖ ਭੂਮਿਕਾ ਨਿਭਾਈ। ਉਹ ਰੰਗਮੰਚ ਨੂੰ ਪੂਜਾ ਮੰਨਦੀ ਹੈ; ਇਸ ਲਈ ਆਪਣਾ ਪਿਆਰ ਤੱਕ ਠੁਕਰਾ ਦਿੰਦੀ ਹੈ ਅਤੇ ਥੀਏਟਰ ਕੰਪਨੀ ਨੂੰ ਬਚਾਉਣ ਲਈ ਹਵਸੀ ਕਿਸਮ ਦੇ ਅਮੀਰਜਾਦੇ ਕੋਲ਼ ਵਿਕ ਜਾਦੀ ਹੈ। ਇਸ ਤਨ-ਮਨ ਨਿਛਾਵਰ ਕਰਨ ਵਾਲੀ ਦੇ ਦਰਦ ਨੇ ਸੰਵੇਦਨਸ਼ੀਲ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕੀਤਾ, ਜਦੋਂ ਉਹ ਵੇਖਦੇ ਹਨ ਕਿ ਉਸਦੇ ਸਹਿਯੋਗੀ ਕਲਾਕਾਰ ਥੀਏਟਰ ਕੰਪਨੀ ਉਤੇ ਕਬਜ਼ੇ ਲਈ ਹਰ ਤਰ੍ਹਾਂ ਦੀਆਂ ਸਾਜ਼ਿਸਾਂ ਰਚਦੇ ਹਨ।

ਉਨ੍ਹਾਂ ਸਾਹਮਣੇ ਸਰਵੋਤਮ ਅਦਾਕਾਰਾ ਦਰਸ਼ਕਾਂ ਲਈ ਵੇਸਵਾ ਦੀ ਦੋਹਤੀ ਤੇ ਧੀ ਨਹੀਂ ਹੈ, ਬਲਕਿ ਸੀਤਾ, ਸਵਿੱਤਰੀ, ਦਰੋਪਤੀ ਤੇ ਧਰੂ ਭਗਤ ਸੀ, ਜਿਨ੍ਹਾਂ ਦੀਆਂ ਉਸਨੇ ਭੂਮਿਕਾਵਾਂ ਅਦਾ ਕੀਤੀਆਂ ਸਨ। ਨਟੀ ਬਿਨੋਦਨੀ ਆਪਣੇ ਮਰਦ ਸਾਥੀਆਂ ਦੀਆਂ ਸਾਜ਼ਿਸਾਂ ਤੇ ਮਰਦ ਪ੍ਰਧਾਨ ਦੇ ਰੁਖ਼ ਤੋਂ ਦੁਖੀ ਹੋ ਕੇ ਹਮੇਸ਼ਾ ਲਈ ਰੰਗਮੰਚ ਤੋਂ ਵਿਦਾ ਹੋ ਕੇ ਦਰਸ਼ਕਾਂ ਦੀ ਭੀੜ ਵਿੱਚ ਗਵਾਚ ਜਾਂਦੀ ਹੈ। ਉਹਦਾ ਸਵਾਲ ਦਰਸ਼ਕਾਂ ਦੇ ਮਨਾਂ ਵਿੱਚ ਹਲਚਲ ਪੈਦਾ ਕਰਦਾ ਹੈ ਕਿ ਉਹ ਉਸਨੂੰ ਸਨਮਾਨ ਨਾਲ ਸਵੀਕਾਰ ਕਰਨਗੇ ਜਾਂ ਫ਼ਿਰ ਨਾਟਕ ਦੀ ਟੀਮ ਦੇ ਕਲਾਕਾਰਾਂ ਵਾਂਗ ਰਖੇਲ ਬਣ ਕੇ ਜੀਣ ਦੀ ਸਲਾਹ ਦੇਣਗੇ..?

ਇਨ੍ਹਾਂ ਹਾਲਾਤ ਨੂੰ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਅਦਾਕਾਰਾ ਵਜੋਂ ਜੀਵੰਤ ਕੀਤਾ। ਸਨੀ ਗਿੱਲ ਨੇ ਉਸ ਵੇਲੇ ਦੀ ਟੀਮ ਦੇ ਨਿਰਦੇਸ਼ਕ ਗਰੀਸ਼ ਘੋਸ਼ ਦਾ ਕਿਰਦਾਰ ਅਦਾ ਕੀਤਾ, ਜੋ ਦਿਲੋਂ ਤਾਂ ਨਟੀ ਦਾ ਹਮਦਰਦ ਹੈ, ਪਰ ਮਰਦ ਪ੍ਰਧਾਨ ਸਮਾਜ ਦੀ ਮਨੋਦਸ਼ਾ ਕਾਰਨ ਬਹੁਤਾ ਵੱਖਰਾ ਵੀ ਨਹੀਂ ਸੋਚ ਸਕਦਾ। ਉਹ ਟੀਮ ਬਚਾਏ ਜਾਣ ਲਈ ਸਹਿਯੋਗੀ ਕਲਾਕਾਰਾਂ ਦਾ ਸਾਥ ਦਿੰਦਾ ਹੈ; ਨਟੀ ਬਿਨੋਦਨੀ ਨੂੰ ਧੁਰ ਅੰਦਰੋਂ ਤੋੜਨ ਵਾਲੇ ਮਾਨਸਕ ਤਸ਼ੱਦਦ ਦੀਆਂ ਸਾਜ਼ਿਸਾਂ ਦਾ ਭਾਈਵਾਲ ਬਣਦਾ ਹੈ।

ਹਰਮਨਪਾਲ ਸਿੰਘ ਨੇ ਨਟੀ ਬਿਨੋਦਨੀ ਦੇ ਪ੍ਰੇਮੀ ਰਾਜਾ ਬਾਬੂ ਦੀ ਭੂਮਿਕਾ ਅਦਾ ਕੀਤੀ, ਜੋ ਪਿਆਰ ਤਾਂ ਕਰਦਾ ਹੈ, ਪਰ ਪਤਨੀ ਦੀ ਥਾਂ ਰਖੇਲ ਦਾ ਹੀ ਸਮਝਦਾ ਹੈ। ਉਸਦੇ ਬੁੱਢੇ ਤੇ ਹਵਸੀ ਆਸ਼ਕ ਗੁਰਮੁੱਖ ਬਾਬੂ ਦੀ ਭੂਮਿਕਾ ਦਲਜਿੰਦਰ ਬਸਰਾਂ ਨੇ ਅਦਾ ਕੀਤੀ। ਨਟੀ ਬਿਨੋਦਨੀ ਦੀ ਨਾਨੀ ਦੀ ਭੂਮਿਕਾ ਸੋਨੀਆ ਨੇ ਅਦਾ ਕੀਤੀ ਅਤੇ ਉਸਦੀ ਮਾਂ ਦਾ ਰੋਲ ਰਵਨੀਤ ਕੌਰ ਨੇ ਅਦਾ ਕੀਤਾ। ਨਟੀ ਬਿਨੋਦਨੀ ਦੇ ਬਚਪਨ ਦਾ ਰੋਲ ਜੈਸਲੀਨ ਨੇ ਅਦਾ ਕੀਤਾ। ਇਸ ਵਿੱਚ ਗੁਰਮੁਖ ਗਿੰਨੀ, ਸੁਸ਼ਮਾ ਗਾਂਧੀ, ਗੋਰਕੀ ਸਿੰਘ, ਯੁਵਰਾਜ ਬਾਜਵਾ, ਗੁਰਜੰਟ ਸਿੰਘ, ਹਰਮਨਪਾਲ ਸਿੰਘ ਨੇ ਵੱਖ ਵੱਖ ਭੂਮਿਕਾਵਾਂ ਅਦਾ ਕੀਤੀਆਂ।

ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ, ਜਦਕਿ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਹੈ। ਇਸਦੇ ਗੀਤ ਸਲੀਮ ਸਿਕੰਦਰ ਤੇ ਮਿੰਨੀ ਦਿਲਖੁਸ਼ ਦੇ ਗਾਏ ਹੋਏ ਸਨ। ਇਸਦੀ ਲਾਇਟਿੰਗ ਕਰਨ ਗੁਲਜ਼ਾਰ ਨੇ ਕੀਤੀ।

Leave a Reply

Your email address will not be published. Required fields are marked *