ਚੰਡੀਗੜ੍ਹ, 26 ਨਵੰਬਰ, (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸਦੀ ’ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਹੈ ਕਿ ਸੱਤਾ ਦਾ ਕੇਂਦਰ ਹੁਣ ਭਗਵੰਤ ਮਾਨ ਤੋਂ ਬਦਲ ਕੇ ਅਮਨ ਅਰੋੜਾ ਹੋ ਗਿਆ ਹੈ ਜਿਹਨਾਂ ਨੂੰ ਆਪ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਪਾਰਟੀ ਨੇ ਕਿਹਾ ਕਿ ਆਪ ਸਰਕਾਰ ਕੋਲ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਲਈ ਕੱਖ ਵੀ ਨਹੀਂ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਨਦੀਪ ਸਿੰਘ ਕਲੇਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੂੰਜੀਗਤ ਨਿਵੇਸ਼ ਦੇ ਮਾਮਲੇ ਵਿਚ ਆਪ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਅਤੇ ਕਾਨੂੰਨ ਵਿਵਸਥਾ ਦੀ ਹਾਲਾਤ ਹੋਰ ਸਮੇਤ ਹੋਰ ਮਸਲੇ ਸੂਬੇ ਨੂੰ ਦਰਪੇਸ਼ ਹਨ। ਉਹਨਾਂ ਕਿਹਾ ਕਿ ਭਾਵੇਂ 2022 ਦੀਆਂ ਚੋਣਾਂ ਵਿਚ ਆਪ ਨੇ 92 ਸੀਟਾਂ ਜਿੱਤੀਆਂ ਸਨ ਪਰ ਇਹ ਸੂਬੇ ਦੀ ਭਲਾਈ ਤੇ ਵਿਕਾਸ ਦੇ ਮਾਮਲੇ ਵਿਚ ਕੰਮ ਕਰਨ ਵਿਚ ਨਾਕਾਮ ਸਾਬਤ ਹੋਈ ਹੈ।
ਉਹਨਾਂ ਹੋਰ ਕਿਹਾ ਕਿ ਆਪ ਸਰਕਾਰ ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਜਿੱਤ ਦੇ ਜਸ਼ਨ ਮਨਾ ਰਹੀ ਹੈ ਜਦੋਂ ਕਿ ਹਰ ਕੋਈ ਜਾਣਦਾ ਹੈ ਕਿ ਜ਼ਿਮਨੀ ਚੋਣਾਂ ਵਿਚ ਹਮੇਸ਼ਾ ਹੀ ਸੱਤਾਧਾਰੀ ਧਿਰ ਨੂੰ ਲਾਹਾ ਮਿਲਦਾ ਹੈ ਤੇ ਪੰਜਾਬ ਵਿਚ ਪਿਛਲੇ 30 ਸਾਲਾਂ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਨਾਲ-ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਕਾਬੂ ਪਾਉਣ ਵਿਚ ਵੀ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।
ਐਡਵੋਕੇਟ ਕਲੇਰ ਨੇ ਰਾਜ ਸਰਕਾਰ ਨੂੰ ਸਲਾਹ ਦਿੱਤੀ ਕਿ ਬਜਾਏ ਜਸ਼ਨ ਮਨਾਉਣ ਦੇ ਆਪ ਸਰਕਾਰ ਨੂੰ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਸੂਬੇ ਨੂੰ ਕਿਹੜੇ ਮਸਲੇ ਦਰਪੇਸ਼ ਹਨ ਤੇ ਉਹਨਾਂ ਦੇ ਹੱਲ ਵਾਸਤੇ ਕੰਮ ਕਰਨਾ ਚਾਹੀਦਾ ਹੈ।