ਚੰਡੀਗੜ੍ਹ 26 ਨਵੰਬਰ, (ਖ਼ਬਰ ਖਾਸ ਬਿਊਰੋ)
ਮਰਨ ਵਰਤ ਸ਼ੁਰੂ ਕਰਨ ਤੋਂ ਕੁੱਝ ਘੰਟੇ ਪਹਿਲਾਂ ਪੁਲਿਸ ਨੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸਾਰੀ ਸੰਪਤੀ ਆਪਣੇ ਪਾਰਿਵਾਰਕ ਮੈਂਬਰਾਂ ਪੁੱਤ, ਨੂੰਹ ਤੇ ਪੋਤੇ ਦੇ ਨਾਮ ਲਗਾ ਦਿੱਤੀ ਸੀ।
ਇੱਥੇ ਦੱਸਿਆ ਜਾਂਦਾ ਹੈ ਕਿ ਡੱਲੇਵਾਲ ਨੇ ਮੰਗਲਵਾਲ ਨੂੰ ਖਨੌਰੀ (ਸ਼ੰਭੂ) ਸਰਹੱਦ ਉਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ ਪੁਲਿਸ ਨੇ ਦੇਰ ਰਾਤ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ । ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫੀ ਸਮੇਤ ਕਈ ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ‘ਤੇ ਮੋਰਚਾ ਲਗਾਇਆ ਹੋਇਆ ਹੈ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਜਿਸ ਦੇ ਰੋਸ ਵਜੋਂ ਡੱਲੇਵਾਲ ਨੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਸੀ। ਪੁਲੀਸ ਨੇ ਰਾਤ ਤਿੰਨ ਵਜੇ ਸਰਹੱਦ ’ਤੇ ਪਹੁੰਚ ਕੇ ਕਿਸਾਨਾਂ ਦੇ ਟੈਂਟਾਂ ਨੂੰ ਤਾਲੇ ਲਾ ਦਿੱਤੇ ਅਤੇ ਜਗਜੀਤ ਡੱਲੇਵਾਲ ਨੂੰ ਚੁੱਕਣ ਲਈ ਪੁਲਿਸ ਨੇ ਟੈਂਟ ਦੀ ਖਿੜਕੀ ਤੋੜੀ ਅਤੇ ਚੁੱਕ ਕੇ ਕਿਸੇ ਅਣਪਛਾਤੀ ਥਾਂ ‘ਤੇ ਲੈ ਗਈ।
ਇਸਤੋਂ ਪਹਿਲਾਂ ਡੱਲੇਵਾਲ ਨੇ ਸੌਮਵਾਰ ਨੂੰ ਫਰੀਦਕੋਟ ਪਹੁੰਚ ਕੇ ਆਪਣੀ ਸਾਰੀ ਜ਼ਮੀਨ- ਜਾਇਦਾਦ ਆਪਣੇ ਪਰਿਵਾਰਕ ਮੈਂਬਰਾਂ ਪੁੱਤਰ, ਨੂੰਹ ਅਤੇ ਪੋਤੇ ਨੂੰ ਸੌਂਪ ਦਿੱਤੀ। ਡੱਲੇਵਾਲ ਨੇ ਕਿਹਾ ਕਿ ਉਹ ਨਾ ਸਿਰਫ਼ ਰਸਮੀ ਤੌਰ ‘ਤੇ ਮਰਨ ਵਰਤ ‘ਤੇ ਬੈਠੇ ਹਨ, ਸਗੋਂ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ | ਉਹ ਕਿਸਾਨਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਦੇ ਰਹਿਣਗੇ।
ਡੱਲੇਵਾਲ ਨੇ ਕਿਹਾ ਕਿ ਜੇਕਰ ਮਰਨ ਵਰਤ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮ੍ਰਿਤਕ ਦੇਹ ਉਦੋਂ ਤੱਕ ਸਰਹੱਦ ‘ਤੇ ਰੱਖੀ ਜਾਵੇ, ਜਦੋਂ ਤੱਕ ਸਰਕਾਰ ਲਿਖਤੀ ਤੌਰ ‘ਤੇ ਮੰਗਾਂ ਨਹੀਂ ਮੰਨਦੀ। ਉਸ ਤੋਂ ਬਾਅਦ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਰੱਖਣ ਜਾ ਰਹੇ ਸਨ। ਮਰਨਵਰਤ ਸ਼ੁਰੂ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਖਨੌਰੀ ਬਾਰਡਰ ‘ਤੇ ਸਫਾਈ ਕੀਤੀ ਗਈ। ਟੈਂਟ ਲਗਾ ਕੇ ਪੰਡਾਲ ਤਿਆਰ ਕੀਤਾ ਗਿਆ।
ਡੱਲੇਵਾਲ ਨੇ ਦੱਸਿਆ ਕਿ ਠੰਡ ਦਾ ਮੌਸਮ ਹੈ। ਆਉਣ ਵਾਲੇ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਜ਼ਮੀਨ ਵਿੱਚ ਪਰਾਲੀ ਵਿਛਾ ਦਿੱਤੀ ਗਈ ਹੈ, ਜਿਸ ਉੱਤੇ ਗਲੀਚੇ ਅਤੇ ਗੱਦੇ ਰੱਖੇ ਜਾਣਗੇ ਅਤੇ ਉੱਪਰ ਚਾਦਰ ਵਿਛਾ ਦਿੱਤੀ ਜਾਵੇਗੀ। ਡੱਲੇਵਾਲ ਨੇ ਦੱਸਿਆ ਕਿ ਟਰੈਕਟਰ-ਟਰਾਲੀ ਰਾਤ ਨੂੰ ਸੌਣ ਲਈ ਤਿਆਰ ਕੀਤੀ ਗਈ ਹੈ।
ਡੱਲੇਵਾਲ ਨੇ ਕਿਹਾ ਕਿ ਹੁਣ ਤੱਕ ਸੰਯੁਕਤ ਕਿਸਾਨ ਮੋਰਚਾ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਪਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ , ਜਿਸ ਕਾਰਨ ਉਨ੍ਹਾਂ ਨੇ ਹੁਣ ਮੋਰਚੇ ‘ਤੇ ਬੈਠ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਕਿਸੇ ਆਗੂ ਨੇ ਹੁਣ ਤੱਕ ਕੋਈ ਗੰਭੀਰ ਬਿਆਨ ਨਹੀਂ ਦਿੱਤਾ ਹੈ।
ਭਾਰਤੀ ਕਿਸਾਨ ਯੁਵਾ ਸੰਘ ਹਰਿਆਣਾ ਦੇ ਕਨਵੀਨਰ ਅਭਿਮਨਿਊ ਸਿੰਘ ਕੋਹਾੜ ਨੇ ਦੱਸਿਆ ਕਿ ਇਹ ਸੰਘਰਸ਼ ਜਗਜੀਤ ਸਿੰਘ ਡੱਲੇਵਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਕੁਰਬਾਨੀਆਂ ਕਰਨ ਲਈ ਹੋਰ ਕਿਸਾਨ ਆਗੂਆਂ ਦੀ ਕਤਾਰ ਲੱਗੀ ਹੋਈ ਹੈ। ਹੁਣ ਕੇਂਦਰ ਸਰਕਾਰ ਨੂੰ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਜਾਂ ਫਿਰ ਕਿਸਾਨ ਆਗੂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਕੁਰਬਾਨੀ ਦਿੰਦੇ ਰਹਿਣਗੇ।