ਚੰਡੀਗੜ੍ਹ,25 ਨਵੰਬਰ, (ਖ਼ਬਰ ਖਾਸ ਬਿਊਰੋ)
ਲਾਲਾ ਲਾਜਪਤ ਰਾਏ ਭਵਨ ਚੰਡੀਗੜ੍ਹ ਵਿਖੇ ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ’ ਉੱਤੇ ‘ਖੁੰਢ ਚਰਚਾ’ ਅਨੁਵਾਨ ਤਹਿਤ ਇੱਕ ਗੋਸ਼ਟੀ ਹੋਈ। ਇਸ ਵਿੱਚ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਸਨ ਤੇ ਪ੍ਰਿੰਸੀਪਲ ਸਤਨਾਮ ਸਿੰਘ ਸੋ਼ਕਰ ਨੇ ਪ੍ਰਧਾਨਗੀ ਕੀਤੀ ।ਇਸ ਪੁਸਤਕ ਨੂੰ ਇਸ ਵਾਰ ਭਾਸ਼ਾ ਵਿਭਾਗ ਪੰਜਾਬ ਨੇ ਸਨਮਾਨਿਤ ਵੀ ਕੀਤਾ ਹੈ।
ਕਿਤਾਬ ਬਾਰੇ ਹੋਈ ਚਰਚਾ ਨੂੰ ਸਮੇਟਦਿਆਂ ਪੁਸਤਕ ਦੇ ਲੇਖਕ ਪਰਮਜੀਤ ਮਾਨ ਨੇ ਸਮੁੰਦਰੀ ਜੀਵਨ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਈ ਕਈ ਮਹੀਨੇ ਧਰਤੀ ਦੇਖਣ ਲਈ ਤਰਸ ਜਾਂਦੇ ਸਨ । ਉਸ ਨੇ ਨਾਲ ਸਮੁੰਦਰੀ ਡਾਕੂਆਂ, ਵੱਖ ਵੱਖ ਬੰਦਰਗਾਹਾਂ, ਪਨਾਮਾ ਨਹਿਰ ਅਤੇ ਸਮੁੰਦਰੀ ਜਹਾਜ਼ ਦੇ ਅੰਦਰਲੇ ਮਾਹੌਲ ਬਾਰੇ ਕਾਫ਼ੀ ਵਿਸਤਾਰ ਵਿੱਚ ਚਾਣਨਾ ਪਾਇਆ।
ਲੇਖਕ ਦੇ ਕਹਿਣ ਮੁਤਾਬਕ ਪਾਠਕਾਂ ਦੀ ਮੰਗ ‘ਤੇ ਇਹ ਕਿਤਾਬ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਜਲਦੀ ਆ ਰਹੀ ਹੈ। ਇਸ ਸਮੇਂ ਕਹਾਣੀਕਾਰ ਸਰੂਪ ਸਿਆਲਵੀ, ਡਾ.ਅਵਤਾਰ ਸਿੰਘ ਪਤੰਗ, ਨਾਮਵਰ ਫੋਟੋਗਰਾਫਰ ਇੰਦਰਜੀਤ ਸਿੰਘ ਪ੍ਰੇਮੀ, ਕਵੀ ਪਾਲ ਅਜਨਬੀ,’ਸੁਰ ਸਾਂਝ’ ਦੇ ਸੰਪਾਦਕ ਸੁਰਜੀਤ ਸੁਮਨ ਆਦਿ ਪਾਠਕ ਤੇ ਲੇਖਕ ਹਾਜ਼ਰ ਸਨ। ਅਗਲੀ ਵਾਰ ਸਰੂਪ ਸਿਆਲਵੀ ਦੀ ਨਵ-ਪ੍ਰਕਾਸਿ਼ਤ ਪੁਸਤਕ ‘ਵਰਗ(ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ-ਨਿਰਭਰਤਾ’ ਉੱਤੇ ਅਜਿਹੀ ਗੋਸ਼ਟੀ ਕਰਨ ਦਾ ਫ਼ੈਸਲਾ ਲਿਆ ਗਿਆ।ਆਖਰ ਵਿੱਚ ਡਾ.ਜਤਿੰਦਰ ਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ|