ਮੋਗਾ 22 ਨਵੰਬਰ (ਖ਼ਬਰ ਖਾਸ ਬਿਊਰੋ) ਬੀਤੀ ਦੇਰ ਰਾਤ ਇੱਥੇ ਰੇਲਵੇ ਲਾਈਨ ਗੇਟ ਨੰਬਰ ਦੋ ਨੇੜੇ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਵਿਅਕਤੀ ਦੀ ਮੌਤ ਰੇਲ ਗੱਡੀ ਨਾਲ ਟਕਰਾਉਣ ਕਾਰਨ ਹੋਈ ਹੈ, ਕਿਉਂਕਿ ਲਾਸ਼ ਦੇ ਚਿੱਥੜੇ ਉਡ ਗਏ। ਮ੍ਰਿਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਰੇਲਵੇ ਲਾਈਨ ਨੇੜੇ ਗੇਟ ਨੰਬਰ ਦੋ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਦੇਰ ਰਾਤ ਦੀ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੇ ਕਈ ਅੰਗ ਸਰੀਰ ਨਾਲੋਂ ਕੱਟਕੇ ਦੂਰ ਦੂਰ ਤੱਕ ਖਿੰਡ ਗਏ। ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਇਕੱਠਿਆਂ ਕਰਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ (ਮੋਰਚਰੀ) ਵਿਚ ਰੱਖਿਆ ਗਿਆ ਹੈ। ਰੇਲਵੇ ਪੁਲਿਸ ਨੇ ਲਾਸ਼ ਦੀ ਸਨਾਖਤ ਕਰਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮ੍ਰਿਤਕ ਦੇ ਮੋਬਾਇਲ ਫੋਨ ਦੇ ਆਧਾਰ ‘ਤੇ ਉਸਦਾ ਸੁਰਾਗ ਲਗਾਉਣ ਦਾ ਯਤਨ ਕਰ ਰਹੀ ਹੈ ਫਿਲਹਾਲ ਅਜੇ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ। ਇਹ ਵੀ ਭੇਤ ਬਣਿਆ ਹੋਇਆ ਹੈ ਕਿ ਵਿਅਕਤੀ ਨੇ ਖੁਦਕਸ਼ੀ ਕੀਤੀ ਹੈ, ਜਾਂ ਫਿਰ ਇਹ ਅਚਾਨਕ ਹਾਦਸਾ ਹੋਇਆ ਹੈ।