ਅੰਮ੍ਰਿਤਸਰ 21 ਨਵੰਬਰ (ਖ਼ਬਰ ਖਾਸ ਬਿਊਰੋ)
ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਕਰੀਬ ਦੋ ਸਾਲ ਲੜਾਈ ਲੜਨ ਤੋਂ ਬਾਅਦ ਨਵਜੋਤ ਕੌਰ ਸਿੱਧੂ ਵੀਰਵਾਰ ਨੂੰ ਪੱਤਰਕਾਰਾਂ ਦੇ ਰੂਬਰੂ ਹੋਈ। ਕੈਂਸਰ ਵਰਗੀ ਭੈੜੀ ਬੀਮਾਰੀ ‘ਤੇ ਜਿੱਤ ਹਾਸਲ ਕਰਨ ਦਾ ਗੁਰ ਅੱਜ ਡਾ ਸਿੱਧੂ ਨੇ ਸਾਂਝਾ ਕੀਤਾ। ਉਸਦਾ ਕਹਿਣਾ ਹੈ ਕਿ ਸਟੇਜ-4 ਕੈਂਸਰ ਨਾਲ ਜੂਝ ਰਹੀ ਉਸਨੂੰ ਆਯੁਰਵੇਦ ਨੇ ਨਵੀਂ ਜ਼ਿੰਦਗੀ ਦਿੱਤੀ ਹੈ। ਉਹਨਾਂ ਕਿਹਾ ਕਿ ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਦਾ ਇਲਾਜ ਆਯੁਰਵੇਦ ਪ੍ਰਣਾਲੀ ਨਾਲ ਸੰਭਵ ਹੈ।
ਇਹਨਾਂ ਚੀਜ਼ਾ ਦਾ ਕੀਤਾ ਸੇਵਨ
ਨਵਜੋਤ ਸਿੱਧੂ ਨੇ ਕੱਚੀ ਹਲਦੀ, ਲਸਣ, ਸੇਬ ਦਾ ਸਿਰਕਾ, ਨਿੰਮ, ਤੁਲਸੀ, ਅਦਰਕ, ਦਾਲਚੀਨੀ, ਕਾਲੀ ਮਿਰਚ, ਲੌਂਗ, ਛੋਟੀ ਇਲਾਇਚੀ ਦੇ ਨਾਲ-ਨਾਲ ਸਫੇਦ ਪੇਠਾ ਦਾ ਰਸ, ਬਲੂਬੇਰੀ, ਅਨਾਰ, ਆਂਵਲਾ, ਅਖਰੋਟ, ਚੁਕੰਦਰ ਅਤੇ ਗਾਜਰ ਦਾ ਸੇਵਨ ਕੀਤਾ। ਹਾਲਾਂਕਿ ਡਾਕਟਰੀ ਇਲਾਜ ਜਾਰੀ ਰਿਹਾ, ਉਪਰੋਕਤ ਆਯੁਰਵੈਦਿਕ ਤੱਤਾਂ ਨੇ ਨਵਜੋਤ ਕੌਰ ਨੂੰ ਕੈਂਸਰ ਨਾਲ ਲੜਨ ਵਿੱਚ ਮਦਦ ਕੀਤੀ।
ਸਾਬਕਾ ਸੰਸਦ ਮੈਂਬਰ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਜੇਲ ਵਿਚ ਸੀ ਤਾਂ ਡਾ ਨਵਜੋਤ ਕੌਰ ਨੂੰ ਪਹਿਲੀ ਵਾਰ ਅਪ੍ਰੈਲ 2022 ‘ਚ ਕੈਂਸਰ ਹੋਣ ਦਾ ਪਤਾ ਲੱਗਿਆ। ਇਹ ਪਤਾ ਲੱਗਣ ਉਤੇ ਡਾ ਸਿੱਧੂ ਨੇ ਉਸਨੂੰ (ਨਵਜੋਤ ਸਿ੍ਧੂ) ਨਹੀਂ ਦੱਸਿਆ, ਉਹ ਇਕੱਲੀ ਇਸ ਬਿਮਾਰੀ ਨਾਲ ਲੜਦੀ ਰਹੀ। ਸਿੱਧੂ ਨੇ ਕਿਹਾ ਕਿ ਮੈਨੂੰ ਉਦੋਂ ਪਤਾ ਲੱਗਾ ਜਦੋਂ ਨਵਜੋਤ ਕੌਰ ਦਾ ਅਪਰੇਸ਼ਨ ਹੋਇਆ ਸੀ। ਮੈਂ ਉਸ ਸਮੇਂ ਹੈਰਾਨ ਰਹਿ ਗਿਆ, ਪਰ ਕਿਸੇ ਤਰ੍ਹਾਂ ਆਪਣੇ ਆਪ ‘ਤੇ ਕਾਬੂ ਪਾਇਆ। ਨਵਜੋਤ ਕੌਰ ਦੀ ਕੀਮੋਥੈਰੇਪੀ ਚੱਲ ਰਹੀ ਸੀ। ਫਿਰ ਨਵਜੋਤ ਕੌਰ ਨੇ ਬੇਟੇ ਦੇ ਵਿਆਹ ਵਿੱਚ ਰੁੱਝੇ ਹੋਣ ਕਾਰਨ ਕੀਮੋਥੈਰੇਪੀ ਨਹੀਂ ਕਰਵਾਈ। ਅਜਿਹੇ ‘ਚ ਕੈਂਸਰ ਸੈੱਲ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਅਤੇ ਇਹ ਸਟੇਜ-4 ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਨਵਜੋਤ ਕੌਰ ਦਾ ਰਜਿੰਦਰ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਯਮੁਨਾਨਗਰ ‘ਚ ਵੀ ਇਲਾਜ ਕਰਵਾਉਂਦੇ ਰਹੇ। ਡਾਕਟਰ ਨੇ ਸਾਫ਼ ਕਿਹਾ ਸੀ ਕਿ ਸਿਰਫ਼ ਪੰਜ ਫ਼ੀਸਦੀ ਮੌਕਾ ਹੈ। ਇੱਕ ਅਮਰੀਕੀ ਡਾਕਟਰ ਨੇ ਸਾਫ਼ ਕਿਹਾ – ਕੋਈ ਮੌਕਾ ਨਹੀਂ। ਇਹ ਸਮਾਂ ਬਹੁਤ ਦੁਖਦਾਈ ਸੀ। ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਡਾਕਟਰਾਂ ਨਾਲ ਗੱਲ ਕੀਤੀ ਅਤੇ ਆਯੁਰਵੇਦ ਵਿੱਚ ਕੈਂਸਰ ਦਾ ਇਲਾਜ ਲੱਭਣ ਦੀ ਕੋਸ਼ਿਸ਼ ਵੀ ਕੀਤੀ। ਹਰ ਰੋਜ਼ ਅੱਠ-ਦਸ ਘੰਟੇ ਖੋਜ ਕਰਦਾ ਸੀ।
ਨਵਜੋਤ ਸਿੱਧੂ ਨੇ ਪਤਨੀ ਲਈ ਇਹ ਕੀਤਾ
ਸਿੱਧੂ ਨੇ ਦੱਸਿਆ ਕਿ ਆਯੂਰਵੈਦ ਅਨੁਸਾਰ ਮੈਂ (ਉਸਨੇ) ਨਵਜੋਤ ਕੌਰ ਨੂੰ ਸਵੇਰੇ ਕੋਸੇ ਪਾਣੀ ਵਿੱਚ ਨਿੰਬੂ ਪਿਲਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਕੱਚੀ ਹਲਦੀ, ਲਸਣ, ਸੇਬ ਦਾ ਸਿਰਕਾ, ਨਿੰਮ ਦੀਆਂ ਪੱਤੀਆਂ, ਤੁਲਸੀ, ਅਰਦਕ, ਦਾਲਚੀਨੀ, ਕਾਲੀ ਮਿਰਚ, ਲੌਂਗ ਅਤੇ ਛੋਟੀ ਇਲਾਇਚੀ ਦੇਣਾ ਸ਼ੁਰੂ ਕਰ ਦਿੱਤਾ। ਬਲੂਬੇਰੀ, ਅਨਾਰ, ਆਂਵਲਾ, ਚੁਕੰਦਰ, ਗਾਜਰ ਅਤੇ ਚਿੱਟੇ ਪੇਠਾ ਦਾ ਰਸ ਦੇਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਫਲੈਕਸ ਦੇ ਬੀਜ ਅਤੇ ਤਰਬੂਜ ਦੇ ਬੀਜ ਖਾਓ। ਆਟੇ ਅਤੇ ਚੌਲਾਂ ਦੀ ਥਾਂ ਬਦਾਮ ਦੇ ਆਟੇ ਦੀਆਂ ਰੋਟੀਆਂ ਅਤੇ ਸਬਜ਼ੀਆਂ ਦਿੱਤੀਆਂ ਗਈਆਂ। ਖੱਟਾ ਅਤੇ ਕੌੜਾ ਭੋਜਨ ਕੈਂਸਰ ਸੈੱਲਾਂ ਨੂੰ ਮਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਣਕ, ਰਿਫਾਇੰਡ, ਦੁੱਧ, ਚੀਨੀ, ਆਟਾ, ਕੋਲਡ ਡਰਿੰਕ ਸਭ ਬੰਦ ਕਰ ਦਿੱਤੇ ਗਏ ਕਿਉਂਕਿ ਇਹ ਕੈਂਸਰ ਪੈਦਾ ਕਰਨ ਵਾਲੇ ਕਾਰਕ ਹਨ।
ਸਿੱਧੂ ਨੇ ਕਿਹਾ ਕਿ ਜੇਕਰ ਕੋਈ ਕੈਂਸਰ ਮਰੀਜ਼ ਆਪਣੀ ਖੁਰਾਕ ‘ਚ ਅੰਤਰ ਰੱਖਦਾ ਹੈ ਤਾਂ ਕੈਂਸਰ ਸੈੱਲ ਆਪਣੇ-ਆਪ ਮਰਨ ਲੱਗ ਜਾਂਦੇ ਹਨ। ਨਵਜੋਤ ਕੌਰ ਨੂੰ ਸ਼ਾਮ 6.30 ਵਜੇ ਖਾਣਾ ਦਿੱਤਾ ਗਿਆ। ਅਗਲੇ ਦਿਨ ਸਵੇਰੇ ਦਸ ਵਜੇ ਨਿੰਬੂ ਪਾਣੀ ਨਾਲ ਖੁਰਾਕ ਸ਼ੁਰੂ ਕੀਤੀ। ਚਾਲੀ ਦਿਨਾਂ ਬਾਅਦ, ਨਵਜੋਤ ਕੌਰ ਦੀ ਪੀਈਟੀ ਸਕੈਨ ਤੋਂ ਬਾਅਦ ਸਰਜਰੀ ਹੋਈ। ਵੀਰਵਾਰ ਨੂੰ ਜਦੋਂ ਨਵਜੋਤ ਕੌਰ ਦੀ ਰਿਪੋਰਟ ਆਈ ਤਾਂ ਉਸ ਵਿਚ ਇਕ ਵੀ ਕੈਂਸਰ ਸੈੱਲ ਨਹੀਂ ਸੀ। ਆਯੁਰਵੇਦ ਨੇ ਮੇਰੀ ਪਤਨੀ ਨੂੰ ਨਵਾਂ ਜੀਵਨ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਕੈਂਸਰ ਤੋਂ ਛੁਟਕਾਰਾ ਆਯੁਰਵੇਦ ਰਾਹੀਂ ਸੰਭਵ ਹੈ। ਲੋਕਾਂ ਨੂੰ ਆਪਣੀ ਰਸੋਈ ਵਿਚ ਉਪਰੋਕਤ ਪਦਾਰਥ ਰੱਖਣੇ ਚਾਹੀਦੇ ਹਨ।
ਡਾ ਸਿੱਧੂ ਨੇ ਇਹ ਕਿਹਾ
ਨਵਜੋਤ ਕੌਰ ਸਿੱਧੂ ਨੇ ਸਵਾਲ ਉਠਾਇਆ ਕਿ ਸਰਕਾਰਾਂ ਮਿਲਾਵਟਖੋਰਾਂ ਖਿਲਾਫ ਕੀ ਕਾਰਵਾਈ ਕਰ ਰਹੀਆਂ ਹਨ। ਦੁੱਧ, ਪਨੀਰ, ਅੰਡੇ, ਤੇਲ ਅਤੇ ਹੋਰ ਕਈ ਖਾਣ-ਪੀਣ ਦੀਆਂ ਵਸਤੂਆਂ ਨਕਲੀ ਬਣ ਕੇ ਵੇਚੀਆਂ ਜਾ ਰਹੀਆਂ ਹਨ। ਅਸੀਂ ਜ਼ਹਿਰ ਖਾ ਰਹੇ ਹਾਂ। ਫਲ ਅਤੇ ਮੀਟ ‘ਤੇ ਕੈਮੀਕਲ ਲਗਾ ਕੇ ਵੇਚਿਆ ਜਾ ਰਿਹਾ ਹੈ। ਇਸ ਭੋਜਨ ਨੂੰ ਖਾਣ ਨਾਲ ਕੋਈ ਵੀ ਪਰਿਵਾਰ ਕੈਂਸਰ ਤੋਂ ਸੁਰੱਖਿਅਤ ਨਹੀਂ ਰਹੇਗਾ। ਸਿਹਤ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਕਾਰਨ ਕੈਂਸਰ ਦੀਆਂ ਦਰਾਂ ਵਿੱਚ 25 ਫੀਸਦੀ ਵਾਧਾ ਹੋਇਆ ਹੈ। ਜਦੋਂ ਮੈਂ ਫੂਡ ਅਫਸਰ ਸੀ ਤਾਂ ਵੱਡੇ-ਵੱਡੇ ਹੋਟਲਾਂ ‘ਤੇ ਛਾਪੇ ਮਾਰੇ। ਰਸੋਈ ਵਿੱਚ ਗੰਦਗੀ ਪਾਈ ਗਈ। ਕੀੜੇ-ਮਕੌੜੇ ਰੇਂਗ ਰਹੇ ਸਨ। ਖੋਆ ਵੇਚਣ ਵਾਲੇ ਮਿੱਠਾ ਜ਼ਹਿਰ ਵੇਚ ਰਹੇ ਹਨ।
ਸਿੱਧੂ ਨੇ ਰਾਜਨੀਤੀ ਦੀ ਕੋਈ ਗੱਲ ਨਹੀਂ ਕੀਤੀ। ਉਨਾਂ ਕਿਹਾ ਕਿ ਉਹ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਕੰਮ ਕਰਨਗੇ।