ਮੋਹਾਲੀ 21 ਨਵੰਬਰ (ਖ਼ਬਰ ਖਾਸ ਬਿਊਰੋ)
ਪਿਛਲੇ ਦਿਨ ਗੰਭੀਰ ਰੂਪ ਵਿਚ ਜਖ਼ਮੀ ਹੋਏ ਕੁੰਭੜਾ ਨਿਵਾਸੀ ਦਿਲਪ੍ਰੀਤ ਸਿੰਘ ਨੇ ਅੱਜ ਪੀ.ਜੀ.ਆਈ ਚੰਡੀਗੜ ਵਿਚ ਦਮ ਤੋੜ ਦਿੱਤਾ ਹੈ। ਨਾਬਾਲਗ ਨੌਜਵਾਨ ਦੀ ਮੌਤ ਹੋਣ ਤੋ ਬਾਅਦ ਪਿੰਡ ਵਿਚ ਸੋਗ ਤੇ ਤਨਾਅ ਵਾਲਾ ਮਾਹੌਲ ਬਣ ਗਿਆ ਹੈ ਅਤੇ ਪੁਲਿਸ ਨੇ ਪਿੰਡ ਵਿਚ ਪਹਿਰਾ ਸਖ਼ਤ ਕਰ ਦਿੱਤਾ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ 13 ਨਵੰਬਰ ਨੂੰ ਕੁੱਝ ਵਿਅਕਤੀਆਂ ਨੇ ਮਾਮੂਲੀ ਝਗੜੇ ਬਾਅਦ ਦਿਲਪ੍ਰੀਤ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ ਜਿਸਨੂੰ ਇਲਾਜ਼ ਲਈ ਪਹਿਲਾਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਸਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ । ਜਦਕਿ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ। ਹਮਲਾਵਾਰ ਪ੍ਰਵਾਸੀ ਦੱਸੇ ਜਾਂਦੇ ਹਨ।
ਡੀ.ਐਸ.ਪੀ. ਹਰਸਿਮਰਤ ਸਿੰਘ ਛੇਤਰਾ ਅਤੇ ਡੀ.ਐਸ.ਪੀ ਤਲਵਿੰਦਰ ਸਿੰਘ ਗਿੱਲ ਨੇ ਬਾਲਗ ਦੀ ਮੌਤ ਹੋਣ ਦੀ ਖ਼ਬਰ ਮਿਲਣ ਉਪਰੰਤ ਪਿੰਡ ਦਾ ਦੌਰਾ ਕੀਤਾ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਦਿਲਪ੍ਰੀਤ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਲ ਕਰਵਾਇਆ ਗਿਆ ਸੀ, ਪਰ ਬੀਤੇ ਦਿਨ ਉਸਦੀ ਹਾਲਤ ਗੰਭੀਰ ਹੋ ਗਈ, ਜਿਸਨੂੰ ਪੀ.ਜੀ.ਆਈ ਰੈਫਰ ਕੀਤਾ ਗਿਆ ਸੀ।
ਇੱਥੇ ਦੱਸਿਆ ਜਾਂਦਾ ਹੈ ਕਿ ਪਿੰਡ ਕੁੰਭੜਾ ‘ਚ ਹਮਲਾਵਾਰਾਂ ਨੇ ਦਿਲਪ੍ਰੀਤ ਅਤੇ ਉਸਦੇ ਦੋਸਤ ਦਮਨ ਉਤੇ ਕਾਤਲਾਨਾ ਹਮਲਾ ਕੀਤਾ ਸੀ। ਦਮਨ ਦੀ ਛਾਤੀ ਵਿਚ ਚਾਕੂ ਦਾ ਵੱਜਣ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ ਜਦਕਿ ਦਿਲਪ੍ਰੀਤ ਸਿੰਘ ਦੇ ਗੰਭੀਰ ਹੋਣ ਕਾਰਨ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਜਿਸ ਨੇ ਪੀ.ਜੀ.ਆਈ ਚੰਡੀਗੜ੍ਹ ਵਿਚ ਦਮ ਤੋੜ ਦਿੱਤਾ ਹੈ।
ਮੋਹਾਲੀ ਪੁਲਿਸ ਨੇ ਕਤਲ ਦੇ ਮਾਮਲੇ ਵਿਚ ਇੱਕ ਨਾਬਾਲਗ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹੋਰ ਮੁਲਜ਼ਮ ਫਰਾਰ ਦੱਸੇ ਜਾਂਦੇ ਹਨ। ਜਿਹਨਾਂ ਦੀ ਭਾਲ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਥਾਣਾ ਫੇਜ਼ 8 ਦੀ ਪੁਲੀਸ ਨੇ ਮ੍ਰਿਤਕ ਦਮਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ਼ ਕੀਤਾ ਹੈ।