ਮੋਹਾਲੀ, 21 ਨਵੰਬਰ (ਖ਼ਬਰ ਖਾਸ ਬਿਊਰੋ)
ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਹਿਰਾਸਤ ਵਿਚ ਲਏ ਇਕ ਵਿਦੇਸ਼ੀ ਨੌਜਵਾਨ ਨੇ ਖੁਦਕਸ਼ੀ ਕਰ ਲਈ। ਵਿਦੇਸ਼ੀ ਨੌਜਵਾਨ ਵਲੋਂ ਪੁਲਿਸ ਹਿਰਾਸਤ ਵਿਚ ਫਾਹਾ ਲੈਣ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਇਸ ਮਾਮਲੇ ਵਿਚ ਫਿਲਹਾਲ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਦੋਸ਼ੀ ਸੇਵੀਅਰ ਚਿਕੋਪੇਲਾ (24) ਜ਼ੈਂਬੀਆ ਨੂੰ ਬੁਧਵਾਰ ਸ਼ਾਮ ਨੂੰ ਹਿਰਾਸਤ ਵਿਚ ਲਿਆ ਸੀ, ਅਤੇ ਰਾਤ ਨੂੰ ਉਸਨੇ ਸੰਨੀ ਇਨਕਲੇਵ ਸਥਿਤ ਪੁਲਿਸ ਚੌਂਕੀ ਵਿਚ ਫਾਹਾ ਲੈ ਲਿਆ।
ਜਾਣਕਾਰੀ ਅਨੁਸਾਰ ਪੁਲਿਸ ਨੇ ਵਿਦੇਸ਼ੀ ਨੌਜਵਾਨ ਸੇਵੀਅਰ ਚਿਕੋਪੇਲਾ ਨੂੰ ਉਸਦੀ ਵਿਦੇਸ਼ੀ ਦੋਸਤ ਨੁਰੂ ਮਾਰੀ ਨਿਵਾਸੀ ਤਨਜਾਨੀਆ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਜਾਣਕਾਰੀ ਅਨੁਸਾਰ ਨੁਰੂ ਮਾਰੀ ਦਾ ਕਤਲ 12 ਨਵੰਬਰ ਨੂੰ ਹੋਇਆ ਸੀ।
ਪੁਲਿਸ ਨੇ ਲੜਕੀ ਦੇ ਕਤਲ ਦੇ ਦੋਸ਼ ‘ਚ ਸੇਵੀਅਰ ਚਿਕੋਪੇਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਦੋਵੇਂ ਖਰੜ ਨੇੜੇ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੇਵੀਅਰ ਚਿਕੋਪੇਲਾ ਨੂੰ ਬੁੱਧਵਾਰ ਸ਼ਾਮ ਨੂੰ ਤਨਜ਼ਾਨੀਆ ਨਿਵਾਸੀ ਨੂਰੁ ਮਾਰੀ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਖਰੜ ਦੀ ਸੰਨ੍ਹੀ ਐਨਕਲੇਵ ਪੁਲੀਸ ਚੌਕੀ ਵਿਚ ਰੱਖਿਆ ਗਿਆ ਸੀ। ਬੁੱਧਵਾਰ ਰਾਤ ਕਰੀਬ 1 ਵਜੇ ਸੇਵੀਅਰ ਨੇ ਤਾਲਾਬੰਦੀ ਦੇ 8 ਫੁੱਟ ਲੰਬੇ ਦਰਵਾਜ਼ੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਤੁਰੰਤ ਖਰੜ ਦੇ ਸਿਵਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਚੌਕੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।
ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 12 ਨਵੰਬਰ ਨੂੰ ਸੇਵੀਅਰ ਚਿਕੋਪੇਲਾ ਨੇ ਪੁਲਿਸ ਨੂੰ ਕਮਰੇ ਵਿਚ ਹੀਟ ਸਟ੍ਰੋਕ ਕਾਰਨ ਨੂਰੁ ਮਾਰੀ ਦੀ ਮੌਤ ਹੋਣ ਬਾਰੇ ਸੂਚਨਾ ਦਿੱਤੀ ਸੀ। ਪੁਲਿਸ ਨੇ ਨੂਰੁ ਮਾਰੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਬੁੱਧਵਾਰ ਨੂੰ ਰਿਪੋਰਟ ਆਈ ਸੀ। ਉਨਾਂ ਦੱਸਿਆ ਕਿ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਅੱਗ ਲੱਗਣ ਤੋਂ ਪਹਿਲਾਂ ਨੂਰੁ ਮਾਰੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਸੇਵੀਅਰ ਚਿਕੋਪੇਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਟੋਕਾਲ ਅਨੁਸਾਰ ਪੁਲਿਸ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਰਾਤ ਵੇਲੇ ਆਪਣੀ ਹਿਰਾਸਤ ਵਿਚ ਨਹੀਂ ਰੱਖ ਸਕਦੀ। ਕਰਾਊਨ ਸਿਟੀ ਦੇ ਜਿਸ ਘਰ ਵਿਚ ਲੜਕੀ ਦੀ ਮੌਤ ਹੋਈ ਸੀ ਅਤੇ ਸੇਵੀਅਰ ਵੀ ਰਹਿੰਦਾ ਸੀ, ਉਹ ਥਾਣਾ ਸਦਰ ਦਾ ਇਲਾਕਾ ਹੈ।ਸੰਨ੍ਹੀ ਇਨਕਲੇਵ ਪੁਲਿਸ ਚੌਕੀ ਵਿਚ ਵਿਦੇਸ਼ੀ ਨੌਜਵਾਨ ਸੇਵੀਅਰ ਨੂੰ ਰੱਖਣ ਕਰਨ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਹੋ ਰਹੇ ਹਨ। ਪੁਲਿਸ ਅਜੇ ਤੱਕ ਇਹ ਵੀ ਦੱਸਣ ਤੋਂ ਟਾਲਾ ਵੱਟ ਰਹੀ ਹੈ ਕਿ ਉਸਦੀ ਕਾਗਜ਼ਾ ਵਿਚ ਗ੍ਰਿਫ਼ਤਾਰੀ ਕਿੰਨੇ ਵਜੇ ਪਾਈ ਗਈ ਸੀ।
ਉਧਰ ਐੱਸ ਐੱਸ ਪੀ ਦੀਪਕ ਪਾਰੀਕ ਨੇ ਕਿਹਾ ਕਿ ਘਟਨਾਂ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਪਤਾ ਲੱਗਿਆ ਹੈ ਕਿ ਇਸ ਸਬੰਧ ਵਿਚ ਸਥਾਨਕ ਮੈਜਿਸਟਰੇਟ ਨੇ ਪੁਲਿਸ ਅਧਿਕਾਰੀਆਂ ਦੇ ਬਿਆਨ ਵੀ ਦਰਜ ਕੀਤੇ ਹਨ।