ਚੰਡੀਗੜ੍ਹ 24 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਪਿਛਲੇ ਤਿੰਨ -ਚਾਰ ਸਾਲ ਕਾਂਗਰਸ ਲਈ ਕਾਫ਼ੀ ਸੰਕਟ ਵਾਲੇ ਰਹੇ ਹਨ। ਪੀੜੀਆ ਦਰ ਪੀੜੀਆ ਕਾਂਗਰਸ ਵਿਚ ਬਿਤਾਉਣ ਵਾਲੇ ਪਰਵਾਰ ਵੀ ਕਾਂਗਰਸ ਦਾ ਸਾਥ ਛੱਡ ਰਹੇ ਹਨ। ਜਿਹੜੇ ਲੋਕਾਂ ਦੇ ਹੱਥ ਵਿਚ ਪਾਰਟੀ ਨੂੰ ਮਜਬੂਤ ਕਰਨ ਦੀ ਜੁੰਮੇਵਾਰੀ ਸੀ, ਉਹੀ ਪ੍ਰਧਾਨਗੀਆ ਕਰਕੇ ਫੁਰਰ ਹੋ ਗਏ ਹਨ। ਪੰਜਾਬ ਕਾਂਗਰਸ ਦੀ ਸਥਿਤੀ ਹੋਰ ਵੀ ਪਤਲੀ ਬਣ ਗਈ ਹੈ। ਪਿਛਲੇ ਢਾਈ ਦਹਾਕਿਆ ਦੌਰਾਨ, ਭਾਵ 2000 ਤੋ ਬਾਅਦ ਬਣਨ ਵਾਲੇ ਕਈ ਪ੍ਰਧਾਨ ਕਾਂਗਰਸ ਦਾ ਹੱਥ ਛੱਡ ਚੁੱਕੇ ਹਨ। ਸਾਬਕਾ ਪ੍ਰਧਾਨਾਂ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋ ਅਤੇ ਨਵਜੋਤ ਸਿੱਧੂ ਹੀ ਕਾਂਗਰਸ ਪਾਰਟੀ ਨਾਲ ਹੁਣ ਤੱਕ ਖੜੇ ਹਨ। ਨਵਜੋਤ ਸਿੱਧੂ ਭਾਵੇਂ ਕਾਂਗਰਸ ਦੇ ਨਾਲ ਹਨ ਪਰ ਉਹ ਵੀ ਆਈ.ਪੀ.ਐੱਲ ਮੈਚਾਂ ਦੀ ਕੁਮੈਂਟਰੀ ਕਰਨ ਵਿਚ ਰੁੱਝੇ ਹੋਏ ਹਨ।
ਇਹਨਾਂ ਪ੍ਰਧਾਨਾਂ ਨੇ ਛੱਡੀ ਕਾਂਗਰਸ
ਕੈਪਟਨ ਅਮਰਿੰਦਰ ਸਿੰਘ ਸਾਲ 1999 ਵਿਚ ਪਹਿਲਾ ਵਾਰ ਪ੍ਧਾਨ ਬਣੇ ਅਤੇ 2002 ਤ੍ਕ ਪ੍ਰਧਾਨਗੀ ਦਾ ਆਨੰਦ ਲਿਆ ਹੈ। ਇਸਤੋ ਬਾਅਦ 2010 ਤੋ 2013 ਅਤੇ 2015 ਤੋ 2017 ਤੱਕ ਪ੍ਰਧਾਨ ਰ ਹੇ। ਇਹ ਗੱਲ ਵੱਖਰੀ ਹੈ ਕਿ ਆਪਣੀ ਟਰਮ ਦੌਰਾਨ ਕੈਪਟਨ ਨੇ ਕਾਂਗਰਸ ਭਵਨ ਵਿਚ ਟਾਵਾਂ ਟਾਵਾਂ ਹੀ ਗੇੜਾ ਮਾਰਿਆ ਪਰ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਬਣ ਗਏ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮ੍ਦੇਨਜ਼ਰ 2021 ਵਿਚ ਕੈਪਟਨ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਕਾਂਗਰਸ ਨੇ ਪਹਿਲੀ ਵਾਰ ਦਲਿਤ ਮੁੱਖ ਮੰਤਰੀ ਦੇ ਹੱਥ ਸੂਬੇ ਦੀ ਕਮਾਨ ਦਿੱਤੀ। ਪਾਰਟੀ ਦੇ ਇਸ ਫੈਸਲੇ ਦੇ ਉਲਟ ਕੈਪਟਨ ਆਪਣੀ ਤੌਹੀਨ ਮੰਨਦੇ ਹੋਏ ਕਾਂਗਰਸ ਦਾ ਹੱਥ ਛੱਡ ਗਿਆ।
ਇਸ ਤਰਾਂ 2002 ਤੋਂ 2005 ਤੱਕ ਹਰਵਿੰਦਰ ਸਿੰਘ ਹੰਸਪਾਲ ਪ੍ਰਧਾਨ ਰਹੇ । ਉਹ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਅੱਜਕੱਲ੍ਹ ਪੇਡਾ ਦੇ ਚੇਅਰਮੈਨ ਹਨ। ਸਾਲ 2005 ਤੋਂ 2008 ਤੱਕ ਸਮਸ਼ੇਰ ਸਿੰਘ ਦੂਲੋ ਨੇ ਕਾਂਗਰਸ ਦੀ ਕਮਾਨ ਸੰਭਾਲੀ ਉਨ੍ਹਾਂ ਤੋ ਬਾਅਦ ਦੋ ਸਾਲ 2010 ਤੱਕ ਮਹਿੰਦਰ ਸਿੰਘ ਕੇਪੀ ਪ੍ਰਧਾਨ ਰਹੇ। ਕੇਪੀ ਬੀਤੇ ਕੱਲ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਤਰ੍ਹਾਂ 2010 ਤੋ 2013 ਤੱਕ ਫਿਰ ਕਮਾਨ ਕੈਪਟਨ ਹੱਥ ਆਈ। ਸਾਲ 2013 ਤੋਂ 2015 ਤੱਕ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਰਹੇ ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਾਰਟੀ ਨੇ ਫਿਰ 2015 ਤੋਂ 2017 ਤੱਕ ਤੀਜੀ ਵਾਰੀ ਕੈਪਟਨ ਅਮਰਿੰਦਰ ਸਿੰਘ ’ਤੇ ਭਰੋਸਾ ਪ੍ਰਗਟ ਕੀਤਾ। ਕੈਪਟਨ ਦੇ ਮੁੱਖ ਮੰਤਰੀ ਬਣਨ ਬਾਅਦ 2017 ਤੋਂ 2021 ਤੱਕ ਕਰੀਬ ਚਾਰ ਸਾਲ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। ਉਹ ਵੀ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਦੇ ਰੋਸ ਵਜੋਂ ਕਾਂਗਰਸ ਨੂੰ ਅਲਵਿਦਾ ਆਖ ਗਏ ਸਨ। ਜਾਖੜ ਅੱਜ ਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਹੋਏ ਹਨ ਤੇ ਕੈਪਟਨ ਵੀ ਪਰਵਾਰ ਸਮੇਤ ਭਾਜਪਾ ਦਾ ਹਿੱਸਾ ਬਣੇ ਹੋਏ ਹਨ।
-ਕੈਪਟਨ ਦੇ ਕਰੀਬੀ ਬਲੀਏਵਾਲ ਨੇ ਕੀਤੀ ਇਹ ਟਿੱਪਣੀ
ਕਾਂਗਰਸ ਦੇ ਸਾਬਕਾ ਪ੍ਰਧਾਨਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਨੇ ਜਾਂਦੇ ਪ੍ਰਿਤਪਾਲ ਸਿੰਘ ਨੇ ਬਲੀਏਵਾਲ ਨੇ ਆਪਣੇ ਸੋਸ਼ਲ ਅਕਾਉੰਟ ਤੇ ਟਿਪਣੀ ਕੀਤੀ ਹੈ ਕਿ “ਪੰਜਾਬ ਕਾਂਗਰਸ ਵਿਚ ਬਚੇ ਨੇ ਦੋ ਲੀਡਰ, ਇਕ ਅੰਨਾਂ ਤੇ ਦੂਜੇ ਨੂੰ ਦਿਖੇ ਹੀ ਨਾ , ਫਿਰ ਵੀ ਦੋਵੇਂ ਕਹਿਣਗੇ ਕਾਂਗਰਸ ਬਹੁਤ ਮਜਬੂਤ ਹੋ ਰਹੀ ਹੈ। ਪਰ ਇਹ ਸ੍ਚ ਹੈ ਕਿ ਏਕ ਥੀ ਕਾਂਗਰਸ ”