ਸੁਖਬੀਰ ਤੇ ਉਸਦੇ ਸਮਰਥਕ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਹੇ ਹਨ- ਰਵੀਇੰਦਰ ਸਿੰਘ

ਚੰਡੀਗੜ੍ਹ 20 ਨਵੰਬਰ [ਖ਼ਬਰ ਖਾਸ ਬਿਊਰੋ ]

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਇਕ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਤਨਖਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਅਗਵਾਈ ਵਾਲਾ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਟੋਲਾ ਸਿੱਖੀ ਨੂੰ ਕਦੇ ਵੀ ਸਮਰਪਿਤ ਨਹੀ ਰਿਹਾ। ਉਹਨਾਂ ਮੁਤਾਬਕ ਸਿੱਖੀ ਇਸ ਵੇਲੇ ਨਾਜੁਕ ਮੋੜ ਤੇ ਹੈ ਜਦੋਂ ਬਾਦਲ ਦਲ ਵੱਲੋਂ ਸਿਧਾਂਤਾਂ ਨੂੰ ਗੰਭੀਰ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਮੌਜੂਦਾ ਹਾਲਾਤ ਮੰਗ ਕਰਦੇ ਹਨ ਕਿ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਵਾਲੇ ਸਿਧਾਂਤਹੀਣੇ, ਪਰਿਵਾਰਵਾਦੀ ਅਤੇ ਲਕੀਰ ਦੇ ਫਕੀਰਾਂ ਦੀ ਥਾਂ ਮਿਸ਼ਨਰੀ ਲੀਡਰਸ਼ਿਪ ਸਿੱਖ ਸੰਸਥਾਵਾਂ ਦੀ ਅਗਵਾਈ ਕਰਨ ਤਾਂ ਜੋ ਸਿੱਖ ਵਿਰੋਧੀਆਂ ਨੂੰ ਹਾਸ਼ੀਏ ‘ਤੇ ਧੱਕਿਆ ਜਾ ਸਕੇ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਅੱਜ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਕੇ ਇਹਨਾਂ ਬਾਦਲ ਦਲੀਆਂ ਨੇ ਸਿੱਖ ਪੰਥ ਨੂੰ ਜੋ ਨੁਕਸਾਨ ਪਹੁੰਚਾਇਆ, ਉਹ ਬਰਦਾਸ਼ਤ ਤੋਂ ਬਾਹਰ ਹੈ ਅਤੇ ਕਿਸੇ ਵੀ ਤਰਾਂ ਬਖਸ਼ਨਯੋਗ ਨਹੀਂ। ਇੰਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੋਲਕ ਨੂੰ ਲੁਟਿਆ ਅਤੇ ਪਰੰਪਰਾਵਾਂ ਦੀ ਖਿੱਲੀ ਉਡਾਈ। ਸੌਦਾ-ਸਾਧ ਵਰਗੇ ਅਪਰਾਧੀ ਨੂੰ ਬਚਾਇਆ ਜਿਸ ਨੇ ਗੁਰੂ-ਗਰੰਥ ਸਾਹਿਬ ਜੀ ਦੀਆਂ ਬੇਅਦਬੀਆ ਕੀਤੀਆਂ। ਸਿੱਖੀ ਮਰਿਆਦਾ ਨੂੰ ਛਿੱਕੇ ਤੇ ਟੰਗਦਿਆਂ ਜੱਥੇਦਾਰ ਸਹਿਬਾਨ ਨੂੰ ਸਰਕਾਰੀ ਘਰ ਚੰਡੀਗੜ੍ਹ ਸੱਦਿਆ ਤੇ ਪੰਥ ਚੋਂ ਛੇਕੇ ਸੌਦਾ-ਸਾਧ ਨੂੰ ਮਾਫੀ ਦਵਾਈ।
ਪਹਿਲਾਂ ਇਹ ਲੋਕ ਅਸਿੱਧੇ ਢੰਗ ਤਰੀਕਿਆਂ ਨਾਲ ਜੱਥੇਦਾਰ ਸਾਹਿਬਾਨ ਦੇ ਫੈਸਲੇ ਨੂੰ ਪ੍ਰਭਾਵਤ ਕਰਨ ਲਈ ਪਰਦੇ ਪਿੱਛੇ ਵੱਖ-ਵੱਖ ਤਰਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਅਪਣੀ ਮਨਮਰਜੀ ਦਾ ਫੈਸਲਾ ਕਰਵਾ ਸਕਣ। ਪਰ ਜਦੋਂ ਜਥੇਦਾਰ ਸਹਿਬਾਨ ਨੇ ਆਪਣਾ ਸਟੈਂਡ ਸਿੱਖ-ਸਿਧਾਂਤ ਮੁਤਾਬਕ ਹੀ ਰੱਖਿਆ ਤਾਂ ਇਹ ਆਪਣੇ ਅਸਲ ਕਿਰਦਾਰ ਗੁੰਡਾਗਰਦੀ ਤੇ ਉਤਰ ਆਏ। ਇਹਨਾਂ ਵੱਲੋਂ ਜਥੇਦਾਰ ਸਹਿਬਾਨ ਦੇ ਖਿਲਾਫ ਸ਼ਰੇਆਮ ਬਿਆਨਬਾਜੀ ਕਰਨੀ, ਬੇ-ਸਿਰਪੈਰ ਦੋਸ਼ ਲਾਉਣੇ ਅਤੇ ਸਿੱਧੀਆਂ ਧਮਕੀਆਂ ਦੇਣਾ, ਇਸੇ ਗੱਲ ਦਾ ਸਬੂਤ ਹੈ। ਰਵੀਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਦੇ ਸਿੱਖ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਪਰ ਬਾਦਲ ਆਪਣੇ ਘਰ-ਪਰਿਵਾਰ ਤੱਕ ਹੀ ਸੀਮਿਤ ਹਨ। ਕਿਉਂਕਿ 29 ਸਾਲ ਤੋਂ ਬਾਦਲ ਪਰਵਾਰ ਅਕਾਲੀ ਦਲ ‘ਤੇ ਕਾਬਜ ਹੈ ਅਤੇ ਪੰਜ ਵਾਰ ਮੁੱਖ ਮੰਤਰੀ ਦੀ ਪਦਵੀ ਹੰਢਾਈ ਹੈ। ਉਦੋਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨਾਂ ਦੇ ਹੀ ਕਬਜੇ ਵਿੱਚ ਰਹੀ ਹੈ। ਪਰ ਸਾਰੀਆਂ ਪਦਵੀਆਂ ਦੀ ਆੜ ਹੇਠ ਇਹਨਾਂ ਨੇ ਸਿੱਖ-ਸੰਸਥਾਵਾਂ ਦਾ ਰੱਜ ਕੇ ਘਾਣ ਕੀਤਾ। ਇਹ ਦਿੱਲੀ ਦੀ ਸੱਤਾ ਨਾਲ ਰਲ ਕੇ ਚਲਣ ਵਾਲੇ ਪਿਉ-ਪੁੱਤ ਸ਼ੁਰੂ ਤੋਂ ਹੀ ਅਸਤੀਫਿਆਂ ਵਾਲੀ ਡਰਾਮੇਬਾਜ਼ੀ ਕਰਦੇ ਆਏ ਹਨ। ਪਰ ਕਦੇ ਵੀ ਇਮਾਨਦਾਰੀ ਨਾਲ ਸਿੱਖ ਸਿਧਾਂਤ ਨੂੰ ਸਮਰਪਿਤ ਨਹੀਂ ਹੋਏ। ਇਸੇ ਡਰਾਮੇਬਾਜ਼ੀ ਦੇ ਚਲਦਿਆਂ ਹੀ ਇਹ ਆਪਣੇ ਚਮਚਿਆਂ ਤੋਂ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਉਤੇ ਸਿੱਧੇ ਹਮਲੇ ਕਰਵਾ ਰਹੇ ਹਨ। ਸ ਰਵੀਇੰਦਰ ਸਿੰਘ ਨੇ ਸਪੱਸ਼ਟ ਐਲਾਨ ਕਰਦਿਆਂ ਕਿਹਾ ਕਿ ਅਕਾਲੀ ਦਲ 1920 ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੈ ਅਤੇ ਜਿੰਨਾਂ ਚਿਰ ਜਥੇਦਾਰ ਸਹਿਬਾਨ ਇਸ ਸਿਧਾਂਤ ਤੇ ਪਹਿਰਾ ਦੇ ਰਹੇ ਹਨ, ਅਸੀਂ ਉਹਨਾਂ ਦੀ ਡਟ ਕੇ ਹਮਾਇਤ ਕਰਦੇ ਹਾਂ। ਜਲਦ ਹੀ ਅਕਾਲੀ ਦਲ 1920 ਦਾ ਇਕ ਵਫਦ ਜਥੇਦਾਰ ਸਹਿਬਾਨ ਨੂੰ ਮਿਲ ਕੇ ਵੀ ਇਹ ਭਰੋਸਾ ਦਵਾਏਗਾ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *