ਰੂਪਨਗਰ, 20 ਨਵੰਬਰ (ਖ਼ਬਰ ਖਾਸ ਬਿਊਰੋ)
ਵਿਸ਼ਵ ਪ੍ਰਸਿੱਧ 32ਵਾਂ ਦਸਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ, ਹਾਕਸ ਸਟੇਡੀਅਮ ਬੇਲਾ ਰੋਡ, ਰੂਪਨਗਰ ਵਿਖੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਗੁਰੂਦੁਆਰਾ ਸ਼੍ਰੀ ਭੱਠਾ ਸਾਹਿਬ ਤੋਂ ਲਿਆਂਦੀ ਪਵਿੱਤਰ ਮਸ਼ਾਲ ਰਾਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸੂ ਜੈਨ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ।
ਇਸ ਮੌਕੇ ਮੈਂਬਰ ਪਾਰਲੀਮੈਂਟ ਨੇ ਸਮੂਹ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕਸ ਕਲੱਬ ਨੇ ਕਈ ਦੇਸ਼ ਅਤੇ ਸੂਬੇ ਨੂੰ ਕਈ ਉੱਚ ਪੱਧਰੀ ਖਿਡਾਰੀ ਉਭਾਰ ਕੇ ਦਿੱਤੇ ਹਨ। ਇਨ੍ਹਾਂ ਕਲੱਬਾਂ ਰਾਹੀ ਹੀ ਖਿਡਾਰੀਆਂ ਨੂੰ ਆਪਣਾ ਹੁਨਰ ਨਿਖਾਰ ਕੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਾਕਸ ਕਲੱਬ ਨੂੰ ਐਸਟੌਟਰਫ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਣ ਕੋਲ ਇਸ ਦੀ ਮੰਗ ਰੱਖਣਗੇ।
ਐਮ.ਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਾਕਸ ਕਲੱਬ ਦੇ ਗਰਾਊਂਡ ਵਿਖੇ ਪਹੁੰਚ ਕੇ ਬਹੁਤ ਖੁਸ਼ੀ ਹੋਈ ਹੈ ਕਿ ਗਰਾਊਂਡ ਨੂੰ ਬਹੁਤ ਚੰਗੇ ਤਰੀਕੇ ਨਾਲ ਮਨਟੈਨ ਕਰਕੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਉਹ ਖੁਦ ਆਪਣੀ ਜਿੰਦਗੀ ਵਿਚ ਖਿਡਾਰੀ ਰਹਿ ਚੁੱਕੇ ਹਨ ਇਸ ਲਈ ਖਿਡਾਰੀਆਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਉਨ੍ਹਾ ਦੀ ਕੋਸ਼ਿਸ਼ ਰਹੇਗੀ ਕਿ ਇਸ ਕਲੱਬ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਕੋਸ਼ਿਸ਼ ਕਰਨਗੇ।
ਉਨ੍ਹਾਂ ਐਮ.ਪੀ ਲੈਂਡ ਫੰਡ ਵਿਚੋਂ ਗਰਾਉਂਡ ਦੀ ਚਾਰ ਦਿਵਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਲੱਬ ਵਲੋਂ ਚਾਰੀ ਦੀਵਾਰੀ ਦੇ ਲਈ ਮੰਗੀ ਗਈ ਹੋਰ ਮੱਦਦ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਹਲਕਾ ਵਿਧਾਇਕ ਐਡਵੋਕੇਟ ਚੱਢਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਖੇਡਾਂ ਵਿਚ ਹੋਰ ਪ੍ਰਫੁਲਿਤ ਕਰਨ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਸੂਬੇ ਨੂੰ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਹੁਨਰਮੰਦ ਖਿਡਾਰੀ ਮੁਹੱਈਆ ਹੋਣਗੇ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੁਰਾਹੇ ਪੈਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿਚ ਪ੍ਰਸਿੱਧ ਲੋਕ ਗਾਇਕ ਭੁਪਿੰਦਰ ਗਿੱਲ ਨੇ ਆਪਣੀ ਗੀਤਕਾਰੀ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ ਅਤੇ ਧੀਆਂ ਬਚਾਉ ਤੇ ਰੁੱਖ ਲਗਾਉ ਦਾ ਸੰਦੇਸ਼ ਵੀ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ 24 ਨਵੰਬਰ ਨੂੰ ਫ਼ਾਇਨਲ ਮੈਚ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਜੇ ਨੰਬਰ ਉਤੇ ਆਉਣ ਵਾਲੀ ਟੀਮ ਨੁੰ ਨਕਦ 51000 ਰੁਪਏ ਸਮੇਤ ਟਰਾਫੀ ਦਿੱਤੀ ਜਾਵੇਗੀ।
ਇਸ ਮੌਕੇ ਜਨਰਲ ਸਕੱਤਰ, ਹਾਕਸ ਕਲੱਬ, ਐਸ.ਐਸ.ਸੈਣੀ ਨੇ ਕਿਹਾ ਕਿ ਹਾਕਸ ਕਲੱਬ, ਰੂਪਨਗਰ, ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਭਾਗ ਸਿੰਘ ਮਦਾਨ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ