ਅਹਿਮਦਾਬਾਦ 20 ਨਵੰਬਰ, (ਖ਼ਬਰ ਖਾਸ ਬਿਊਰੋ)
ਇਹ ਖ਼ਬਰ ਪੜ੍ਹਕੇ ਤੁਸੀਂ ਹੈਰਾਨ ਹੋਵੋਗੇ ਕਿ ਬ੍ਰਿਜੇਸ਼ ਸੁਥਾਰ ਦੀ ਲਾਸ਼ ਦਾ ਪਰਿਵਾਰ ਦੇ ਜੀਆ ਨੇ ਸਸਕਾਰ ਕਰ ਦਿੱਤਾ, ਪਰ ਉਹ ਸ਼ੋਕ ਸਭਾ ਕਰਨ ਤੋਂ ਪੰਜ ਦਿਨਾਂ ਬਾਅਦ ਘਰ ਪਰਤ ਆਇਆ। ਏਦਾਂ ਕਿਵੇਂ ਹੋ ਸਕਦਾ ਕਿ ਮ੍ਰਿਤਕ ਵਿਅਕਤੀ ਜਿਸਦਾ ਸਸਕਾਰ ਹੋ ਚੁੱਕਿਆ ਹੋਵੇ ਉਹ ਮੁੜ ਘਰ ਆ ਸਕਦਾ ਹੈ। ਹਾਂ ਇਹ ਸੱਚ ਹੈ ਕਿ ਅਹਿਮਦਾਬਾਦ ਵਿਚ ਏਦਾਂ ਹੋਇਆ ਹੈ।
ਘਟਨਾ 27 ਅਕਤੂਬਰ ਦੀ ਦੱਸੀ ਜਾਂਦੀ ਹੈ। ਬੀਤੀ 27 ਅਕਤੂਬਰ ਨੂੰ ਮੇਹਸਾਣਾ ਦੇ ਵਿਜਾਪੁਰ ਦਾ ਰਹਿਣ ਵਾਲਾ ਸ਼ੇਅਰ ਬ੍ਰੋਕਰ ਬ੍ਰਿਜੇਸ਼ ਸੁਥਾਰ (43), ਅਹਿਮਦਾਬਾਦ ਸ਼ਹਿਰ ਆਪਣੇ ਘਰ ਤੋਂ ਲਾਪਤਾ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ ਕਿ ਬ੍ਰਿਜੇਸ਼ ਆਰਥਿਕ ਤੰਗੀ ਨਾਲ ਜੂਝ ਰਿਹਾ ਅਤੇ ਕਿਸੇ ਸ਼ਾਹੂਕਾਰ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਹ ਕੋਈ ਸਖ਼ਤ ਕਦਮ ਚੁੱਕ ਸਕਦਾ ਸੀ।
6 ਨਵੰਬਰ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਨਰੋਦਾ ਪੁਲਿਸ ਕੋਲ ਪਹੁੰਚ ਕੀਤੀ। ਉਸਦੀ ਮਾਂ ਅਨਸੂਯਾ ਸੁਥਾਰ ਨੇ ਆਪਣੇ ਲਾਪਤਾ ਪੁੱਤਰ ਬ੍ਰਿਜੇਸ਼ ਸੁਥਾਰ ਨੂੰ ਲੱਭਣ ਲਈ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ। ਇਸੀ ਦੌਰਾਨ ਸਾਬਰਮਤੀ ਵਿੱਚ ਤੈਰਦੀ ਹੋਈ ਇੱਕ ਲਾਸ਼ ਮਿਲੀ ਜਿਸ ਨੂੰ ਪਛਾਣ ਲਈ ਮੁਰਦਾਘਰ ਵਿੱਚ ਰੱਖਿਆ ਹੋਇਆ ਸੀ।
ਲਾਸ਼ ‘ਤੇ ਕੋਈ ਪਛਾਣ ਪੱਤਰ ਨਹੀਂ ਮਿਲਿਆ ਅਤੇ ਸਾਬਰਮਤੀ ਰਿਵਰਫਰੰਟ (ਪੱਛਮੀ) ਪੁਲਿਸ ਨੇ ਹਾਦਸੇ ਦੀ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਸੁਥਾਰ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਕਿ ਨਦੀ ਵਿੱਚ ਇੱਕ ਲਾਸ਼ ਮਿਲੀ ਹੈ, ਪਛਾਣ ਲਵੋ ਇਹ ਬ੍ਰਿਜੇਸ਼ ਦੀ ਹੋ ਸਕਦੀ ਹੈ।
ਵੇਰਵਿਆ ਅਨੁਸਾਰ ਬ੍ਰਿਜੇਸ਼ ਦੇ ਜੀਜਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਲਾਸ਼ ਨੂੰ ਦੇਖਿਆ ਅਤੇ ਇਸਦੀ ਪਛਾਣ ਬ੍ਰਿਜੇਸ਼ ਦੀ ਵਜੋਂ ਕੀਤੀ। ਪਰਿਵਾਰਕ ਮੈਂਬਰਾਂ ਵਲੋਂ ਪਛਾਨਣ ਬਾਅਦ ਪੁਲਿਸ ਨੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੇ 10 ਨਵੰਬਰ ਨੂੰ ਲਾਸ਼ ਦਾ ਸਸਕਾਰ ਕੀਤਾ ਅਤੇ ਮੌਤ ਤੋਂ ਬਾਅਦ ਦੀਆਂ ਰਸਮਾਂ ਸ਼ੁਰੂ ਕੀਤੀਆਂ।
ਗੁਜਰਾਤੀ ਪਰੰਪਰਾ ਦੇ ਅਨੁਸਾਰ, ਬ੍ਰਿਜੇਸ਼ ਦੀ ‘ਬੇਸਨਾ’ (ਸ਼ੋਕ ਸਭਾ) 14 ਨਵੰਬਰ ਨੂੰ ਉਸਦੇ ਜੱਦੀ ਸਥਾਨ ਵਿਜਾਪੁਰ ਵਿਖੇ ਆਯੋਜਿਤ ਕੀਤੀ ਗਈ ਸੀ, ਜਿੱਥੇ ਉਸਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਸਮੇਤ ਸੈਂਕੜੇ ਲੋਕ ਸ਼ਰਧਾਂਜਲੀ ਭੇਟ ਕਰਨ ਲਈ ਆਏ ਸਨ।
ਅਗਲੀ ਸਵੇਰ, 15 ਨਵੰਬਰ ਨੂੰ, ਬ੍ਰਿਜੇਸ਼ ਆਪਣੇ ਵਿਜਾਪੁਰ ਘਰ ਪਰਤਿਆ, ਅਤੇ ਉਸਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਉਸਦੀ ਅਚਾਨਕ ਮੌਜੂਦਗੀ ਤੋਂ ਹੈਰਾਨ ਹੋ ਗਏ। ਪਰਿਵਾਰ ਨੂੰ ਵਿਸ਼ਵਾਸ਼ ਨਹੀਂ ਸੀ ਹੋ ਰਿਹਾ ਕਿ ਇਹ ਕੀ ਭਾਣਾ ਵਰਤਿਆ ਅਤੇ ਉਹਨਾਂ ਦੀ ਗਮੀ ਖੁਸ਼ੀ ਵਿਚ ਬਦਲ ਗਈ।
ਨਰੋਦਾ ਪੁਲਿਸ ਦੇ ਇੰਸਪੈਕਟਰ ਅਭਿਸ਼ੇਕ ਧਵਨ ਨੇ ਕਿਹਾ ਕਿ ਬ੍ਰਿਜੇਸ਼ ਅਤੇ ਉਸਦੀ ਮਾਂ ਅਨਸੂਯਾ ਪੁਲਿਸ ਨੂੰ ਸੂਚਿਤ ਕਰਨ ਲਈ ਨਰੋਦਾ ਪੁਲਿਸ ਸਟੇਸ਼ਨ ਆਏ ਕਿ ਉਹ ਵਾਪਸ ਆ ਗਿਆ ਹੈ ਅਤੇ ਲਾਪਤਾ ਵਿਅਕਤੀ ਦੀ ਸ਼ਿਕਾਇਤ ‘ਤੇ ਅੱਗੇ ਕਾਰਵਾਈ ਕਰਨ ਦਾ ਹੁਣ ਕੋਈ ਮਤਲਬ ਨਹੀਂ ਹੈ।
ਦਿਲਚਸਪ ਗੱਲ ਹੈ ਕਿ ਪੁਲਿਸ ਨੇ ਗੁਮਸ਼ੁਦਾ ਦਾ ਕੇਸ ਤਾਂ ਬੰਦ ਕਰ ਦਿੱਤਾ ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਸ ਦੀ ਲਾਸ਼ ਦਾ ਸਸਕਾਰ ਕੀਤਾ ਗਿਆ ਅਤੇ ਉਸ ਕੇਸ ਵਿੱਚ ਕੀ ਹੋਵੇਗਾ?
ਸਾਬਰਮਤੀ ਰਿਵਰਫਰੰਟ (ਪੱਛਮੀ) ਪੁਲਿਸ ਦੇ ਇੰਸਪੈਕਟਰ ਐਮਵੀ ਪਟੇਲ ਨੇ ਇਸ ਘਟਨਾ ਬਾਰੇ ਫਿਲਹਾਲ ਕੁੱਝ ਵੀ ਨਹੀਂ ਕਿਹਾ। ਪਰਿਵਾਰ ਵੱਲੋਂ ਮੌਤ ‘ਤੇ ਸੋਗ ਮਨਾਉਣ ਅਤੇ ਇੱਕ ਸ਼ੋਕ ਸਭਾ ਕਰਨ ਤੋਂ ਇੱਕ ਦਿਨ ਬਾਅਦ ਵਿਜਾਪੁਰ ਨਿਵਾਸੀ ਸ਼ੇਅਰ ਬ੍ਰੋਕਰ ਬ੍ਰਿਜੇਸ਼ ਤਾਂ ਘਰ ਪਰਤ ਆਇਆ ਹੈ, ਪਰ ਸਵਾਲ ਇਹ ਹੈ ਕਿ ਉਸ ਦੇ ਪਰਿਵਾਰ ਨੇ ਕਿਸ ਦੀ ਲਾਸ਼ ਦਾ ਸਸਕਾਰ ਕੀਤਾ? ਇਹ ਭੇਤ ਬਰਕਰਾਰ ਹੈ।