ਚੰਡੀਗੜ੍ਹ, 19 ਨਵੰਬਰ(ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਐਗਜੈਕਟਿਵ ਅਤੇ ਪ੍ਰੀਜੀਡੀਅਮ ਦੀ ਸਾਂਝੀ ਮੀਟਿੰਗ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੁੱਢਲੇ 124 ਮੈਂਬਰਾਂ ਵਿੱਚੋਂ ਸਿਰਫ 50 ਮੈਂਬਰਾਂ ਵੱਲੋਂ ਤਨਖਾਹੀਆ ਕਰਾਰ ਦਿੱਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਮਨਜੂਰ ਨਾ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਚੁਣੋਤੀ ਦੇਣ ਦੇ ਬਰਾਬਰ ਮੰਨਦੇ ਹੋਏ ਨਿੰਦਾ ਮਤਾ ਪਾਸ ਕੀਤਾ ਗਿਆ।
ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਅਜਿਹੀ ਬੇਨਤੀ ਕੀਤੀ ਕਿ ਪੰਜਾਬ ਇਸ ਸਮੇਂ ਸੰਕਟ ਵਿਚੋਂ ਲੰਘ ਰਿਹਾ ਹੈ, ਕਿਉਂਕਿ ਪੰਜਾਬ ਦੀ ਜਵਾਨੀ ਜੇਲ੍ਹਾਂ ਵਿਚ ਸੁੱਟੀ ਜਾ ਰਹੀ ਹੈ, ਜਿਹੜੇ ਰੁਜਗਾਰ ਦੀ ਭਾਲ ਵਿਚ ਕੈਨੇਡਾ ਵਰਗੇ ਮੁਲਕਾਂ ਵਿਚ ਗਏ ਹਨ, ਉਨ੍ਹਾਂ ‘ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ, ਕਿਸਾਨੀ ਸੜ੍ਹਕਾਂ ’ਤੇ ਰੁਲ ਰਹੀ ਹੈ, ਪੰਜਾਬ ਦੀ ਰਾਜਧਾਨੀ ‘ਤੇ ਕਬਜਾ ਹੋ ਰਿਹਾ ਹੈ ਆਦਿ ਬਹੁਤ ਬਾਰੇ ਮਸਲੇ ਹਨ। ਇਨ੍ਹਾਂ ਮਸਲਿਆਂ ਵਿਚ ਸਿਰਫ ਤੇ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਅਸਲ ਭੂਮਿਕਾ ਨਿਭਾ ਸਕਦਾ ਹੈ, ਜਿਸ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਪੰਥ ਦਾ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਦਾ ਬਹੁਤ ਨੁਕਸਾਨ ਹੋ ਗਿਆ ਹੈ। ਇਸ ਕਰਕੇ ਭਰਪਾਈ ਕਰਨ ਲਈ ਸਮੁੱਚੇ ਅਕਾਲੀ ਦਲਾਂ ਅਤੇ ਪੰਥਕਾਂ ਧੜਿਆਂ ਨੂੰ ਇਕੱਠਾ ਕੀਤਾ ਜਾਵੇ।
ਦੂਸਰੇ ਮਤੇ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਲਦੀ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਗੁਰੁਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ, ਕਿਉਂਕਿ ਜਿਹੜਾ ਪੁਰਾਣਾ ਹਾਊਸ ਹੈ, ਉਹ 2011 ਦਾ ਚੁਣਿਆ ਹੋਇਆ ਹੈ, ਜਿਸ ਵਿਚ ਤਿੰਨ ਦਰਜਨ ਦੇ ਕਰੀਬ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਸਿੱਖ ਸੰਗਤ ਅਤੇ ਸਮੁੱਚਾ ਪੰਥ ਚਾਹੁੰਦਾ ਹੈ ਕਿ ਨਵੇਂ ਮੈਂਬਰ ਆ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰਨ।
ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਕਿ ਵਰਤਮਾਨ ਵਰਤਾਰੇ ਵਿਚ ਸਿੱਖ ਪੰਥ ਅਤੇ ਵਿਸ਼ੇਸ ਤੌਰ ’ਤੇ ਪੰਜਾਬ ਦਾ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਹੈ। ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ ਕਨਵੀਰਨਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਾਗੀਰ ਕੌਰ, ਸਰਵਨ ਸਿੰਘ ਫਿਲੌਰ, ਬਲਦੇਵ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁਰ, ਪ੍ਰਕਾਸ਼ ਚੰਦ ਗਰਗ, ਚਰਨਜੀਤ ਸਿੰਘ ਬਰਾੜ ਮੈਂਬਰ ਸਕੱਤਰ, ਸੁਰਿੰਦਰ ਸਿੰਘ ਭੁੱਲੇਵਾਲ, ਸੰਤਾਂ ਸਿੰਘ ਉਮੇਦਪੁਰੀ, ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਪਰਮਜੀਤ ਕੌਰ ਲਾਂਡਰਾਂ, ਗਗਨਜੀਤ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਟੌਹੜਾ ਮੀਟਿੰਗ ਵਿਚ ਹਾਜ਼ਰ ਸਨ।