ਚੰਡੀਗੜ੍ਹ 19 ਨਵੰਬਰ, (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੀਤ ਵਿਚ ਹੋਈਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ। ਸਗੋਂ ਲਗਾਤਾਰ ਗਲਤੀਆਂ ਕਰਦੇ ਆ ਰਹੇ ਹਨ, ਕੱਲ ਸੌਮਵਾਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਆਗੂਆਂ ਨੇ ਇਕ ਹੋਰ ਸਿਆਸੀ ਗਲਤੀ ਕਰ ਲਈ। ਏਦਾਂ ਮਹਿਸੂਸ ਹੋ ਰਿਹਾ ਹੈ ਕਿ ਅਕਾਲੀ ਆਗੂ ਜਾਣਬੁੱਝ ਕੇ ਸੁਖਬੀਰ ਬਾਦਲ ਪ੍ਰਤੀ ਹਮਦਰਦੀ ਦਿਖਾਕੇ ਉਸਨੂੰ (ਸੁਖਬੀਰ) ਨੂੰ ਸਿਆਸੀ ਤੌਰ ਉਤੇ ਹੋਰ ਕਮਜ਼ੋਰ ਕਰਨ ਲੱਗੇ ਹੋਏ ਹਨ। ਸਭਤੋ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਜਾਂ ਕਾਰਜਕਾਰਨੀ ਦੀ ਪੰਜ ਸਾਲ ਦੀ ਮਿਆਦ 14 ਦਸੰਬਰ 2024 ਨੂੰ ਪੂਰੀ ਹੋਣ ਜਾ ਰਹੀ ਹੈ , ਪਾਰਟੀ ਨੇ ਪਹਿਲਾਂ ਹੀ ਸੀਨੀਅਰ ਅਕਾਲੀ ਆਗੂ , ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਸਾਥੀ ਰਹੇ, ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੋਇਆ ਹੈ। ਇਸ ਤਰਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਕਾਰਜਕਾਲ ਦੇ ਮਿਆਦ ਦਾ ਸਮਾਂ ਕਰੀਬ ਇਕ ਮਹੀਨਾ ਬਚਦਾ ਹੈ, ਚੰਗੀ ਗੱਲ ਹੁੰਦੀ ਕਿ ਵਰਕਿੰਗ ਕਮੇਟੀ ਦੇ ਆਗੂ ਕੱਲ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਦੇ ਅਤੇ ਇਹ ਐਲਾਨ ਕਰਦੇ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਹੋਣ ਵਾਲੀ ਅਗਲੀ ਚੋਣ ਵਿਚ ਜੇਕਰ ਸੁਖਬੀਰ ਚਾਹੁਣ ਤਾਂ ਚੋਣ ਲੜ ਸਕਦੇ ਹਨ। ਸੁਖਬੀਰ ਨੂੰ ਸਿਆਸੀ ਤੌਰ ਉਤੇ ਮਜਬੂਤ ਕਰਨ ਦਾ ਇਹਨਾਂ ਆਗੂਆਂ ਨੇ ਇਕ ਚੰਗਾ ਮੌਕਾ ਗੁਆ ਦਿੱਤਾ ਹੈ।
ਵਰਕਿੰਗ ਕਮੇਟੀ ਦੇ ਇਸ ਫੈਸਲੇ ਨਾਲ ਨਾ ਸਿਰਫ਼ ਪਾਰਟੀ, ਵਰਕਿੰਗ ਕਮੇਟੀ ਦੇ ਆਗੂਆਂ ਅਤੇ ਸੁਖਬੀਰ ਬਾਦਲ ਦਾ ਕੱਦ ਹੋਰ ਮਜ਼ਬੂਤ ਹੋਣਾ ਸੀ, ਬਲਕਿ ਸਿਆਸੀ ਤੌਰ ਉਤੇ ਅਕਾਲੀ ਦਲ ਨੂੰ ਜ਼ਮੀਨੀ ਪੱਧਰ ਉਤੇ ਇਸਦਾ ਫਾਈਦਾ ਹੋਣਾ ਸੀ। ਦੂਜੀ ਗੱਲ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਨੇ 30 ਅਗਸਤ ਨੂੰ ਤਨਖਾਹੀਆਂ ਕਰਾਰ ਦਿੱਤਾ ਸੀ। ਚਾਹੀਦਾ ਤਾਂ ਇਹ ਸੀ ਕਿ ਸੁਖਬੀਰ ਬਾਦਲ ਉਸੀ ਦਿਨ ਪਾਰਟੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੰਦੇ, ਪਰ ਸੁਖਬੀਰ ਨੇ ਅਜਿਹਾ ਨਹੀਂ ਕੀਤਾ ਜਾਂ ਫਿਰ ਸਲਾਹਕਾਰਾਂ ਜਾਂ ਹੋਰ ਸਾਥੀਆਂ ਨੇ ਅਜਿਹਾ ਕਰਨ ਨਹੀਂ ਦਿੱਤਾ। ਫਿਰ ਢਾਈ ਮਹੀਨਿਆਂ ਬਾਅਦ ਅਸਤੀਫ਼ਾ ਦੇਣ ਦੇ ਕੀ ਮਾਅਨੇ ਹਨ ?
ਵਰਕਿੰਗ ਕਮੇਟੀ ਦੀ ਮੀਟਿੰਗ ਤੋ ਪਹਿਲਾਂ ਅਕਾਲੀ ਆਗੂਆਂ ਨੇ ਇਕ ਹੋਰ ਸਿਆਸੀ ਡਰਾਮਾ ਕੀਤਾ। ਵਰਕਿੰਗ ਕਮੇਟੀ ਦੀ ਮੀਟਿੰਗ ਤੋ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਯੂਥ ਵਰਕਰਾਂ, ਆਗੂਆਂ ਨੇ ਬਲਵਿੰਦਰ ਸਿੰਘ ਭੂੰਦੜ ਤੇ ਹੋਰ ਆਗੂਆਂ ਦੇ ਸਾਹਮਣੇ ਸੁਖਬੀਰ ਬਾਦਲ ਦੇ ਹੱਕ ਵਿਚ ਨਾਅਰੇਬਾਜ਼ੀ ਕਰਦੇ ਹੋਏ ਅਸਤੀਫ਼ਾ ਨਾ ਮੰਜ਼ੂਰ ਕਰਨ ਦੀ ਗੱਲ ਕੀਤੀ।
ਪਾਰਟੀ ਦੇ ਖ਼ਜਾਨਚੀ ਐਨ.ਕੇ ਸ਼ਰਮਾ ਨੇ ਵੀ ਅਸਤੀਫ਼ਾ ਮੰਜੂਰ ਕਰਨ ਉਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗ੍ਲ ਕਹੀ ਹੈ। ਬਲਕਿ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਹਨ, ਪਰ ਉਹਨਾਂ ਦਾ ਅਸਤੀਫ਼ਾ ਅਜੇ ਤੱਕ ਜਨਤਕ ਨਹੀਂ ਹੋਇਆ ਹੈ। ਪਰ ਇਕ ਸਵਾਲ ਪੈਦਾ ਹੁੰਦਾ ਹੈ ਕਿ ਐਨ.ਕੇ ਸ਼ਰਮਾ ਨੇ ਪਾਰਟੀ ਵਿਚ ਸੀਨੀਅਰ ਆਗੂ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਸਮੇਤ ਕੁੱਝ ਹੋਰਨਾਂ ਆਗੂਆਂ ਦੀ ਕਾਰਗੁਜ਼ਾਰੀ ਉਤੇ ਉਂਗਲ ਚੁੱਕੀ ਹੈ।
ਗਲਤ ਗੱਲ ਉਤੇ ਉਂਗਲ ਜਰੂਰ ਚੁੱਕੀ ਜਾਣੀ ਚਾਹੀਦੀ ਹੈ, ਚੰਗੀ ਗੱਲ ਹੈ ਕਿ ਐਨ.ਕੇ ਸ਼ਰਮਾ ਨੇ ਇਹ ਉਂਗਲ ਚੁੱਕੀ ਹੈ, ਪਰ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਪਾਰਟੀ ਵਿਚ ਹੁੰਦੇ ਹੋਏ ਇਹ ਆਗੂ ਗਲਤੀ ਦਰ ਗਲਤੀ ਕਰ ਰਹੇ ਸਨ ਤਾਂ ਐਨ.ਕੇ ਸ਼ਰਮਾ ਜਾਂ ਹੋਰ ਆਗੂਆਂ ਨੇ ਇਹਨਾਂ ਆਗੂਆਂ ਨੂੰ ਕਿਉਂ ਨਹੀਂ ਰੋਕਿਆ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਕਹਿੰਦੇ ਹੁੰਦੇ ਸਨ ਕਿ ਲੜਦਿਆਂ ਦੇ ਮਿਹਣੇ ਤੇ ਇਕੱਠਿਆ ਦੀਆਂ ਸਿੱਠਣੀਆਂ। ਦਰਅਸਲ ਜਦੋਂ ਇਕੱਠੇ ਹੁੰਦੇ ਹਨ ਉਦੋ ਆਗੂ ਆਪਣੇ ਸਾਥੀਆਂ ਬਾਰੇ ਬੋਲਦੇ ਨਹੀ ਹਨ ਅਤੇ ਕਬੂਤਰ ਵਾਂਗ ਅੱਖਾਂ ਬੰਦ ਰੱਖਦੇ ਹਨ ਪਰ ਜਦੋਂ ਵੱਖ ਹੋ ਜਾਂਦੇ ਹਨ ਤਾਂ ਇਕ ਦੂਜੇ ਦੇ ਪੋਤੜੇ ਫਰੋਲਣ ਲੱਗ ਪੈਂਦੇ ਹਨ।
ਅਕਾਲੀ ਦਲ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਔਖੇ ਤੋਂ ਔਖੇ ਸਮੇਂ ਵਿਚ ਵੀ ਅਕਾਲੀ ਦਲ ਜਾਂ ਇਸਦੇ ਆਗੂਆਂ ਨੇ ਹਾਰ ਨਹੀਂ ਮੰਨੀ। ਐਮਰਜੰਸੀ ਦੌਰਾਨ ਵੀ ਅਕਾਲੀ ਆਗੂ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਫੈਸਲੇ ਅੱਗੇ ਦੀਵਾਰ ਬਣਕੇ ਖੜੇ ਹੋਏ ਸਨ।
ਪਰ ਅੱਜ ਹਾਲਾਤ ਇਹ ਪੈਦਾ ਹੋ ਗਏ ਕਿ ਅਕਾਲੀ ਦਲ ਸੂਬੇ ਵਿਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਤੋਂ ਹੀ ਭੱਜ ਗਿਆ। ਪਾਰਟੀ ਦੀ ਸਾਰੀ ਲੀਡਰਸ਼ਿਪ, ਜਿਨਾਂ ਵਿਚ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਡਾ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਤੇ ਕਈ ਹੋਰ ਪਾਣੀ ਪੀ-ਪੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਲੀਡਰਸ਼ਿਪ ਨੂੰ ਕੋਸਦੇ ਰਹਿੰਦੇ ਹਨ, ਪਰ ਹੇਠਲੇ ਪੱਧਰ ਉਤੇ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਹਲਕੇ ਵਿਚਲੇ ਅਕਾਲੀ ਆਗੂ ਆਪ ਉਮੀਦਵਾਰ ਦੀ ਮੱਦਦ ਕਰ ਰਹੇ ਹਨ। ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਤਾਂ ਆਪ ਉਮੀਦਵਾਰ ਦੀ ਸ਼ਰੇਆਮ ਮੱਦਦ ਕਰਨ ਦਾ ਐਲਾਨ ਕਰ ਦਿੱਤਾਹੈ। ਲੰਗਾਹ ਦੀ ਡੇਰਾ ਬਾਬਾ ਨਾਨਕ ਤੋ ਵਿਧਾਇਕ ਰਹੇ ਹੁਣ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾਂ ਨਾਲ ਨਿੱਜੀ ਰੰਜਿਸ਼ ਹੈ। ਲੰਗਾਹ ਨੂੰ ਰੰਧਾਵਾਂ ਪ੍ਰਤੀ ਗੁੱਸਾ ਹੋ ਸਕਦਾ ਹੈ ਜੋ ਜਾਇਜ ਵੀ ਹੈ, ਪਰ ਪਾਰਟੀ ਨੂੰ ਅਜਿਹੇ ਫੈਸਲਿਆਂ ਦਾ ਨੁਕਸਾਨ ਹੀ ਹੋਵੇਗਾ।
ਅਕਾਲੀ ਲੀਡਰਿਸ਼ਪ ਨੂੰ ਪਾਰਟੀ ਦੇ ਆਗੂਆਂ ਦੇ ਨਾਲ ਨਾਲ ਹੇਠਲੇ ਪੱਧਰ ਤੇ ਵਰਕਰਾਂ ਅਤੇ ਲੋਕਾਂ ਦੀ ਅਵਾਜ਼ ਵੀ ਜਰੂਰ ਸੁਣਨੀ ਚਾਹੀਦੀ ਹੈ। ਬਾਕੀ ਝੂੰਦਾ ਕਮੇਟੀ ਨੇ ਆਪਣੀ ਰਿਪੋਰਟ ਵਿਚ ਹੇਠਲੇ ਪੱਧਰ ਉਤੇ ਲੋਕਾਂ ਦੀ ਅਵਾਜ਼ ਦਾ ਬਿਊਰਾ ਦੇ ਹੀ ਦਿੱਤਾ ਹੈ। ਵਰਕਿੰਗ ਕਮੇਟੀ ਨੂੰ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅਤੇ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ ਦੇਖਦੇ ਹੋਏ ਹੇਠਲੇ ਪੱਧਰ ਉਤੇ ਆਗੂਆਂ ਦੇ ਵਿਚਾਰ ਸੁਣਨ ਦੇ ਨਾਲ ਨਾਲ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਵੀ ਪੜ੍ਹ ਲੈਣਾ ਚਾਹੀਦਾ ਹੈ।