ਚੰਡੀਗੜ੍ਹ, 18 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਰਨ ਵਰਤ ਖਤਮ ਕਰਨ ਜੋ ਉਹਨਾਂ ਨੇ 12 ਨਵੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਸ਼ੁਰੂ ਕੀਤਾ ਸੀ।
ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਸੂਬੇ ਭਰ ਵਿਚ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਵਾਸਤੇ ਮਾੜਾ ਰਾਸ਼ਨ ਦੇਣ ਅਤੇ ਉਹਨਾਂ ਵੱਲੋਂ ਆਂਗਣਵਾੜੀ ਘੁਟਾਲਾ ਬੇਨਕਾਬ ਕਰਨ ’ਤੇ ਉਹਨਾਂ ਦੀਆਂ ਸੇਵਾਵਾਂ ਖ਼ਤਮ ਕਰਨ ਖਿਲਾਫ ਇਹ ਮਰਨ ਵਰਤ ਸ਼ੁਰੂ ਕੀਤਾ ਸੀ।
ਬੀਬੀ ਹਰਗੋਬਿੰਦ ਕੌਰ ਨਾਲ ਪੂਰਨ ਇਕਜੁੱਟਤਾ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਨੇ ਕਿਹਾ ਕਿ ਪਾਰਟੀ ਉਹਨਾਂ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਉਹਨਾਂ ਦੀ ਲੜਾਈ ਤਰਕਸੰਗਤ ਨਤੀਜੇ ਤੱਕ ਲੈ ਕੇ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਇਸ ਕੇਸ ਵਿਚ ਵੀ ਕਾਨੂੰਨੀ ਕਾਰਵਾਈ ਕਰ ਕੇ ਨਿਆਂ ਹਾਸਲ ਕਰਾਂਗੇ।
ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਅਣਮਨੁੱਖੀ ਤੇ ਸਿਆਸੀ ਬਦਲਾਖੋਰੀ ਵਿਚ ਲੱਗੀ ਕਰਾਰ ਦਿੰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਬੀਬੀ ਹਰਗੋਬਿੰਦ ਕੌਰ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਪ੍ਰਸ਼ਾਸਨ ਵਿਚੋਂ ਕਿਸੇ ਨੇ ਵੀ ਉਹਨਾਂ ਵੱਲੋਂ ਚੁੱਕੇ ਮੁੱਦਿਆਂ ਦੇ ਹੱਲ ਵਾਸਤੇ ਕਦਮ ਨਹੀਂ ਚੁੱਕੇ ਹਾਲਾਂਕਿ ਇਹ ਮਸਲੇ ਗਰਭਧਾਰੀ ਮਾਵਾਂ ਤੇ ਦੁੱਧ ਪਿਆਉਂਦੀਆਂ ਮਾਵਾਂ ਨਾਲ ਸੰਬੰਧਤ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਭ੍ਰਿਸ਼ਟਾਚਾਰ ਵਿਚ ਰੁੱਝੀ ਹੈ ਅਤੇ ਉਸਨੇ ਸਰਕਾਰੀ ਏਜੰਸੀਆਂ ਤੋਂ ਰਾਸ਼ਨ ਵੰਡਣ ਦਾ ਕੰਮ ਖੋਹ ਕੇ ਰਿਸ਼ਵਤਾਂ ਬਦਲੇ ਇਹ ਕੰਮ ਪ੍ਰਾਈਵੇਟ ਹੱਥਾਂ ਵਿਚ ਸੌਂਪ ਦਿੱਤਾ ਹੈ।