ਚੰਡੀਗੜ੍ਹ 18 ਨਵੰਬਰ, (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੌਮਵਾਰ ਨੂੰ ਸੈਕਟਰ 28 ਸਥਿਤ ਪਾਰਟੀ ਦਫ਼ਤਰ ਵਿਖੇ 12 ਵਜੇ ਹੋਵੇਗੀ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਉਤੇ ਚਰਚਾ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਪਰਸੋ (ਸ਼ਨੀਵਾਰ) ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਤਨਖਾਹੀਆ ਐਲਾਨਣ ਬਾਅਦ ਪੰਥਕ ਧਿਰਾਂ ਖਾਸਕਰਕੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੁਖਬੀਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਸਨ, ਪਰ ਉਨਾਂ ਨੇ ਅਸਤੀਫ਼ਾ ਨਹੀਂ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੇਸ਼ ਹੋਣ ਤੋਂ ਪਹਿਲਾਂ ਪਾਰਟੀ ਨੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਸੀ,ਅਤੇ 30 ਅਗਸਤ 2024 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਸੁਖਬੀਰ ਬਾਦਲ ਨੂੰ ਅਤੀਤ ਵਿਚ ਹੋਈਆਂ ਧਾਰਮਿਕ ਅਵੱਗਿਆ ਕਾਰਨ ਜ਼ੁੰਮੇਵਾਰ ਮੰਨਦੇ ਹੋਏ ਤਨਖਾਹੀਆ ਐਲਾਨ ਦਿੱਤਾ ਸੀ। ਸੁਖਬੀਰ ਬਾਦਲ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਉਤੇ ਦੁਬਾਰਾ ਪੇਸ਼ ਹੋ ਕੇ ਜ਼ਲਦੀ ਧਾਰਮਿਕ ਸਜ਼ਾ ਲਾਉਣ ਦੀ ਬੇਨਤੀ ਕਰਨ ਗਏ ਸਨ, ਪਰ ਉਸ ਦਿਨ ਜਥੇਦਾਰ ਸਾਹਿਬਾਨ ਮਿਲ ਨਹੀਂ ਸਕੇ। ਪਰ ਇੱਥੇ ਸੁਖਬੀਰ ਬਾਦਲ ਕੁਰਸੀ ਤੋਂ ਡਿਗ ਗਿਆ ਜਿਸ ਕਾਰਨ ਉਨਾਂ ਦੇ ਪੈਰ ਦੀ ਹੱਡੀ ਵਿਚ ਥੋੜੀ ਤਰੇੜ ਆ ਗਈ। ਜਿਸ ਕਰਕੇ ਉਨਾਂ ਦੇ ਪੈਰ ਨੂੰ ਪਲਸਤਰ ਲਗਾਉਣਾ ਪਿਆ। ਇਸ ਘਟਨਾਂ ਤੋਂ ਦੋ ਦਿਨ ਬਾਅਦ ਸੁਖਬੀਰ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ। ਪੰਥਕ ਹਲਕਿਆ ਵਿਚ ਚਰਚਾ ਹੈ ਕਿ ਚੰਗੀ ਗੱਲ ਹੁੰਦੀ ਕਿ ਜੇਕਰ ਸੁਖਬੀਰ ਬਾਦਲ 30 ਅਗਸਤ ਨੂੰ ਹੀ ਅਸਤੀਫ਼ਾ ਦੇ ਦਿੰਦੇ।