ਚੰਡੀਗੜ੍ਹ 17 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਤਨਖਾਹੀਆ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਨੇ ਆਖ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਬੀਰ ਨੇ ਪੰਥਕ ਏਕਤਾ ਲਈ ਜਾਂ ਧਾਰਮਿਕ ਸਜ਼ਾ ਲਗਾਉਣ ਲਈ ਸਿੰਘ ਸਾਹਿਬਾਨ ਦੇ ਹੁਕਮ ਅਨੁਸਾਰ ਜਾਂ ਫਿਰ ਸੁਧਾਰ ਲਹਿਰ ਦੇ ਆਗੂਆਂ ਦੇ ਦਬਾਅ ਹੇਠ ਅਸਤੀਫ਼ਾ ਦਿੱਤਾ ਹੈ, ਇਸਨੂੰ ਲੈ ਕੇ ਵੱਖ ਵੱਖ ਕਿਆਸਰਾਈਆਂ ਲਾਈਆ ਜਾ ਰਹੀਆਂ ਹਨ। ਪਰ ਅਹਿਮ ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਪਰੇਸ਼ਾਨ ਸਨ, ਖਾਸਕਰਕੇ ਜਿਸ ਦਿਨ ਤੋਂ ਦਰਬਾਰ ਸਾਹਿਬ ਵਿਖੇ ਉਨਾਂ ਦੇ ਪੈਰ ‘ਤੇ ਸੱਟ ਲੱਗੀ ਹੈ। ਆਖ਼ਰ ਉਹਨਾਂ ਅਸਤੀਫ਼ਾ ਦੇ ਦਿੱਤਾ ਵਜਾ ਕੋਈ ਵੀ ਹੋਵੇ।
ਸੁਖਬੀਰ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਬਾਅਦ ਪਾਰਟੀ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ, ਇਸਨੂੰ ਲੈ ਕੇ ਅਟਕਲਾਂ ਦਾ ਬਜ਼ਾਰ ਗਰਮ ਹੋ ਗਿਆ ਹੈ। ਅਕਾਲੀ ਦਲ ਦਾ ਜਨਮ 1920 ਵਿਚ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦੋ ਵਾਰ ਪ੍ਰਧਾਨਗੀ ਬਾਦਲ ਪਰਿਵਾਰ ਦੇ ਹੱਥ ਵਿਚ ਰਹੀ ਹੈ। ਮਰਹੂਮ ਨੇਤਾ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ 19 ਵੇਂ ਅਤੇ ਸੁਖਬੀਰ ਸਿੰਘ ਬਾਦਲ 20 ਵੇਂ ਪ੍ਰਧਾਨ ਸਨ। ਇਕ ਗੱਲ ਸਪਸ਼ਟ ਹੋ ਗਈ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਗੈਰ ਬਾਦਲ ਪਰਿਵਾਰਾਂ ਦੇ ਹੱਥ ਵਿਚ ਵੀ ਰਹੀ ਹੈ ਅਤੇ ਭਵਿੱਖ ਵਿਚ ਵੀ ਅਗਲਾ ਪ੍ਰਧਾਨ ਕੋਈ ਹੋਰ ਬਣ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਅਗਲੇ ਪ੍ਰਧਾਨ ਨੂੰ ਬਾਦਲ ਪਰਿਵਾਰ ਯਾਨੀ ਸੁਖਬੀਰ ਬਾਦਲ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਅਸ਼ੀਰਵਾਦ ਹੋਵੇਗਾ।
ਅਕਾਲੀ ਦਲ ਦੇ ਆਗੂ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਅਸਤੀਫ਼ਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ। ਡਾ ਚੀਮਾ ਅਨੁਸਾਰ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ 14 ਦਸੰਬਰ ਨੂੰ ਹੋਣੀ ਹੈ।ਡਾ ਚੀਮਾ ਨੇ ਦੱਸਿਆ ਕਿ ਪ੍ਰਧਾਨ ਅਤੇ ਸੰਗਠਨ ਦੀਆਂ ਚੋਣਾਂ 14 ਦਸੰਬਰ 2019 ਨੂੰ ਪੰਜ ਸਾਲ ਪਹਿਲਾਂ ਹੋਈਆਂ ਸਨ। ਉਹਨਾਂ ਦੱਸਿਆ ਕਿ ਚੋਣਾਂ ਅਗਲੇ ਮਹੀਨੇ ਲਈ ਪੈਂਡਿੰਗ ਹਨ। ਉਹਨਾਂ ਕਿਹਾ ਕਿ ਬਾਦਲ ਨੇ ਨਵੀਂ ਚੋਣ ਦਾ ਰਾਹ ਪੱਧਰਾ ਕਰਦਿਆਂ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਪਹਿਲਾਂ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ ਜਿਸ ਮਗਰੋਂ ਸਰਕਲ ਪੱਧਰ ਦੇ ਡੈਲੀਗੇਟ ਚੁਣੇ ਜਾਣਗੇ। ਉਹਨਾਂ ਕਿਹਾ ਕਿ ਸਰਕਲ ਡੈਲੀਗੇਟ ਅਗਲੇ ਜ਼ਿਲ੍ਹਾ ਡੈਲੀਗੇਟ ਚੁਣਨਗੇ ਜੋ ਅੱਗੇ ਸਟੇਟ ਡੈਲੀਗੇਟ ਚੁਣਨਗੇ। ਡਾ ਚੀਮਾ ਨੇ ਦੱਸਿਆ ਕਿ ਸਟੇਟ ਡੈਲੀਗੇਟ ਜੋ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ, ਪ੍ਰਧਾਨ ਤੇ ਅਹੁਦੇਦਾਰਾਂ ਦੇ ਨਾਲ-ਨਾਲ ਵਰਕਿੰਗ ਕਮੇਟੀ ਦੀ ਚੋਣ ਕਰਨਗੇ। ਯਾਨੀ ਅਕਾਲੀ ਦਲ ਦੇ ਇਕ ਧੜੇ ਨੂੰ ਉਮੀਦ ਹੈ ਕਿ ਸੁਖਬੀਰ ਮੁੜ ਵੀ ਪ੍ਰਧਾਨ ਬਣ ਸਕਦੇ ਹਨ।
ਡਾ ਚੀਮਾ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਸੁਖਬੀਰ ਬਾਦਲ ਨੇ ਅਸਤੀਫ਼ਾ, ਲੰਬੇ ਸਮੇਂ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਦਬਾਅ ਕਾਰਨ ਨਹੀਂ ਦਿੱਤਾ। ਵੈਸੇ 2022 ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਨਿਰਾਸ਼ਾਜਨਕ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਗਠਿਤ ਝੂੰਦਾ ਕਮੇਟੀ ਨੇ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣ ਅਤੇ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਗਠਨ ਕਰਨ ਦੀ ਸਿਫਾਰਸ਼ ਕੀਤੀ ਸੀ। ਇਹ ਗੱਲ ਵੱਖਰੀ ਹੈ ਕਿ ਉਦੋਂ ਪਾਰਟੀ ਦਾ ਜਥੇਬੰਦਕ ਢਾਂਚਾ ਤੇ ਸਾਰੇ ਵਿੰਗ ਭੰਗ ਕਰ ਦਿੱਤੇ ਗਏ ਸਨ, ਪਰ ਸੁਖਬੀਰ ਨੇ ਅਸਤੀਫ਼ਾ ਨਹੀਂ ਦਿੱਤਾ ਸੀ।
ਇਹ ਧੜੱਲੇਦਾਰ ਆਗੂ ਵੀ ਰਹੇ ਹਨ ਅਕਾਲੀ ਦਲ ਦੇ ਕਮਾਂਡਰ
ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਲਈ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਉਸ ਵਕਤ ਸਿੱਖ ਸੰਪਰਦਾ ਵਿਚ ਸਤਿਕਾਰਤ ਸ਼ਖਸੀਅਤ ਬਾਬਾ ਬੁੱਢਾ ਜੀ ਦੇ ਪਿੰਡ ਤੋਂ ਸਰਮੁੱਖ ਸਿੰਘ ਝਬਾਲ ਨੂੰ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ। ਉਸਤੋਂ ਬਾਅਦ ਬਾਬਾ ਖੜਕ ਸਿੰਘ ਨੇ ਅਕਾਲੀ ਦਲ ਦੀ ਵਾਂਗਡੋਰ ਸੰਭਾਲੀ। ਇਸਤੋਂ ਬਾ੍ਦ ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ, ਤਾਰਾ ਸਿੰਘ, ਤੇਜਾ ਸਿੰਘ ਅਕਾਰਪੁਰੀ, ਬਾਬੂ ਲਾਭ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਜਥੇਦਾਰ ਪ੍ਰੀਤਮ ਸਿੰਘ ਗੋਜਰਾਂ, ਹੁਕਮ ਸਿੰਘ, ਸੰਤ ਫਤਹਿ ਸਿੰਘ, ਜਥੇਦਾਰ ਅੱਛਰ ਸਿੰਘ, ਗਿਆਨੀ ਭੁਪਿੰਦਰ ਸਿੰਘ , ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਲ ਦੇ ਪ੍ਰਧਾਨ ਰਹੇ ਹਨ। ਹੁਣ ਅਗਲਾ ਪ੍ਰਧਾਨ ਕੌਣ ਹੋਵੇਗਾ ਇਸਨੂੰ ਲੈ ਕੇ ਸਾਰਿਆਂ ਦੀ ਉਕਸੁਕਤਾ ਵੱਧ ਗਈ ਹੈ।
ਅਕਾਲ ਤਖ਼ਤ ਸਾਹਿਬ ਦੇ ਫੈਸਲੇ ‘ਤੇ ਟਿਕੀਆ ਨਜ਼ਰਾਂ
ਚਰਚਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਨੂੰ ਹੀ ਪਾਰਟੀ ਦਾ ਅਗਲਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਪਹਿਲਾਂ ਅਕਾਲੀ ਦਲ ਵਿਚ ਡਾ ਦਲਜੀਤ ਸਿੰਘ ਚੀਮਾ ਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਸੀ, ਪਰ ਸੀਨੀਅਰ ਅਕਾਲੀ ਆਗੂਆਂ ਦੀ ਸਹਿਮਤੀ ਦੀ ਮੋਹਰ ਨਾ ਲੱਗਣ ਦੇ ਡਰ ਕਾਰਨ ਇਸ ਗੱਲ ਨੂੰ ਜਿੰਨੀ ਜ਼ੋਰ ਨਾਲ ਉਭਾਰਿਆ ਗਿਆ, ਉਨੀ ਤੇਜ਼ੀ ਨਾਲ ਹੀ ਠੱਪ ਕਰ ਦਿੱਤਾ ਗਿਆ ਸੀ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵਾਰ ਵਾਰ ਕਿਸੇ ਸੀਨੀਅਰ ਆਗੂ ਨੂੰ ਪ੍ਰਧਾਨ ਬਮਾਉਣ ਜਾਂ ਫਿਰ ਪ੍ਰੋਜੀਡੀਅਮ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਸਾਰਿਆਂ ਦੀਆਂ ਨਜ਼ਰਾਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ‘ਤੇ ਟਿਕੀਆ ਹੋਈਆਂ ਹਨ।