ਚੰਡੀਗੜ੍ਹ, 16 ਨਵੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਵਜੋਂ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਤਾਂ ਜੋ ਨਵੇਂ ਪ੍ਰਧਾਨ ਦੀ ਚੋਣ ਹੋ ਸਕੇ।
ਇਹ ਅਸਤੀਫਾ ਸੌਂਪਦਿਆਂ ਸਰਦਾਰ ਬਾਦਲ ਨੇ ਉਹਨਾਂ ਨੇ ਉਹਨਾਂ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟਾਉਣ ਲਈ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਜੋ ਹਮੇਸ਼ਾ ਉਹਨਾਂ ਨਾਲ ਚੱਟਾਨ ਵਾਂਗੂ ਖੜ੍ਹੇ ਰਹੇ ਅਤੇ ਹਮੇਸ਼ਾ ਉਹਨਾਂ ਦੇ ਕਾਰਜਕਾਲ ਵਿਚ ਭਰਵਾਂ ਸਹਿਯੋਗ ਦਿੱਤਾ।
ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਵਰਕਿੰਗ ਕਮੇਟੀ ਦੀ ਐਮਰਜੰਸੀ ਮੀਟਿੰਗ 18 ਨਵੰਬਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਚ ਸੱਦੀ ਹੈ। ਉਹਨਾਂ ਦੱਸਿਆ ਕਿ ਕਮੇਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ’ਤੇ ਵਿਚਾਰ ਕਰੇਗੀ ਅਤੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਸਮੇਤ ਅਗਲੀ ਰੂਪ ਰੇਖਾ ਉਲੀਕੇਗੀ।
ਡਾ. ਚੀਮਾ ਨੇ ਦੱਸਿਆ ਕਿ ਪ੍ਰਧਾਨ ਅਤੇ ਸੰਗਠਨ ਦੀਆਂ ਚੋਣਾਂ 14 ਦਸੰਬਰ 2019 ਨੂੰ ਪੰਜ ਸਾਲ ਪਹਿਲਾਂ ਹੋਈਆਂ ਸਨ। ਉਹਨਾਂ ਦੱਸਿਆ ਕਿ ਚੋਣਾਂ ਅਗਲੇ ਮਹੀਨੇ ਲਈ ਪੈਂਡਿੰਗ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਨਵੀਂ ਚੋਣ ਦਾ ਰਾਹ ਪੱਧਰਾ ਕਰਦਿਆਂ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਪਹਿਲਾਂ ਮੈਂਬਰਸ਼ਿਪ ਭਰਤੀ ਕੀਤੀ ਜਾਵੇਗੀ ਜਿਸ ਮਗਰੋਂ ਸਰਕਲ ਪੱਧਰ ਦੇ ਡੈਲੀਗੇਟ ਚੁਣੇ ਜਾਣਗੇ। ਉਹਨਾਂ ਕਿਹਾ ਕਿ ਸਰਕਲ ਡੈਲੀਗੇਟ ਅਗਲੇ ਜ਼ਿਲ੍ਹਾ ਡੈਲੀਗੇਟ ਚੁਣਨਗੇ ਜੋ ਅਗੇ ਸਟੇਟ ਡੈਲੀਗੇਟ ਚੁਣਨਗੇ। ਡਾ. ਚੀਮਾ ਨੇ ਦੱਸਿਆ ਕਿ ਸਟੇਟ ਡੈਲੀਗੇਟ ਜੋ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ, ਪ੍ਰਧਾਨ ਤੇ ਅਹੁਦੇਦਾਰਾਂ ਦੇ ਨਾਲ-ਨਾਲ ਵਰਕਿੰਗ ਕਮੇਟੀ ਦੀ ਚੋਣ ਕਰਨਗੇ।