ਅਸਤੀਫ਼ੇ ਦਾ ਸਵਾਗਤ,ਵਰਕਰਾਂ ਦੀਆਂ ਭਾਵਨਾਵਾ ਦੀ ਪੂਰਤੀ ਹੋਈ: ਵਡਾਲਾ

ਚੰਡੀਗੜ 16 ਨਵੰਬਰ (ਖ਼ਬਰ ਖਾਸ ਬਿਊਰੋ) ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਸੁਖਬੀਰ ਸਿੰਘ ਬਾਦਲ ਦੇ ਜਿੱਥੇ ਅਸਤੀਫ਼ੇ ਦਾ ਸਵਾਗਤ ਕੀਤਾ ਹੈ ਉੱਥੇ ਦੇਰ ਨਾਲ ਲਏ ਫੈਸਲੇ ਨਾਲ ਬੜਾ ਨੁਕਸਾਨ ਹੋ ਗਿਆ ਹੈ।

ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ, ਵਿਧਾਨ ਸਭਾ ਚੋਣਾਂ ਤੋਂ ਬਾਅਦ ਬਣਾਈ ਗਈ ਝੂੰਦਾ ਕਮੇਟੀ ਜਿਸ ਨੇ 100 ਦੇ ਕਰੀਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੇ ਸੁਝਾਅ ਇੱਕਠੇ ਕਰਕੇ ਰਿਪੋਰਟ ਤਿਆਰ ਕੀਤੀ ਅਤੇ ਆਪਣੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਨੂੰ ਪਾਰਟੀ ਦੇ ਸਾਹਮਣੇ ਰੱਖਿਆ ਸੀ, ਜਿਸ ਵਿੱਚ ਵੱਡੀ ਸਿਫਾਰਿਸ਼ ਲੀਡਰਸ਼ਿਪ ਤਬਦੀਲੀ ਦੀ ਉੱਠੀ ਸੀ, ਜੇਕਰ ਉਸ ਸਮੇਂ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਸਮਰਪਿਤ ਹੋਕੇ ਪਾਸੇ ਹਟ ਜਾਂਦੇ ਤਾਂ ਏਨੇ ਵੱਡੇ ਸਿਆਸੀ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਖ਼ੈਰ ਦੇਰ ਆਏ ਦਰੁਸਤ ਆਏ, ਪੂਰੀ ਤਰਾ ਹਾਸ਼ੀਏ ਤੇ ਗਈ ਪਾਰਟੀ ਨੂੰ ਮੁੜ ਉਭਾਰਨ ਲਈ ਲੀਡਰਸ਼ਿਪ ਨੂੰ ਸਿਰ ਤੋੜ ਮਿਹਨਤ ਕਰਨੀ ਪਵੇਗੀ।

ਇਸ ਦੇ ਨਾਲ ਹੀ ਜੱਥੇਦਾਰ ਵਡਾਲਾ ਵਲੋ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਗਿਆਨੀ ਰਘੁਬੀਰ ਸਿੰਘ ਜੀ ਨੂੰ ਅਪੀਲ ਕੀਤੀ ਕਿ ਉਹ ਪੰਥ ਨੂੰ ਇੱਕਮੁੱਠ ਕਰਨ ਅਤੇ ਪੰਥਕ ਪਾਰਟੀ ਦੇ ਚੜਦੀ ਕਲਾ ਲਈ ਸੇਧ ਦੇਣ ਤਾਂ ਜੋ ਪੰਥਕ ਸਮਝ ਰੱਖਣ ਵਾਲੀ ਅਤੇ ਸਿਆਸੀ ਸਮਝ ਰਖਣ ਵਾਲੀ ਲੀਡਰਸਿੱਪ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਮੌਜੂਦਾ ਪੰਥਕ ਸਿਆਸੀ ਸੰਕਟ ਵਿੱਚੋ ਬਾਹਰ ਨਿਕਲਿਆ ਜਾ ਸਕੇ।

ਇਸ ਦੇ ਨਾਲ ਹੀ ਜਥੇਦਾਰ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਪੰਜਾਬ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਛੇੜੀ ਮੁਹਿੰਮ ਤਹਿਤ ਵਰਕਰਾਂ ਦੀਆਂ ਭਾਵਨਾਵਾਂ ਪੂਰੀਆਂ ਹੋਈਆਂ ਹਨ। ਇਸ ਦੇ ਨਾਲ ਜੱਥੇਦਾਰ ਵਡਾਲਾ ਨੇ ਕਿਹਾ ਕਿ, ਅਸਤੀਫ਼ਾ ਅੱਜ ਹੀ ਹੋਇਆ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਰਾਜਨੀਤਿਕ ਹਾਲਾਤ ਬਦਲਣਗੇ ਅਤੇ ਪੰਥਕ ਪਾਰਟੀ ਦੇ ਹਿਤੈਸ਼ੀ ਲੋਕਾਂ ਨਾਲ ਮਿਲ ਕੇ ਨਵੀਂ ਨੀਤੀ ਉਲੀਕੀ ਜਾਵੇਗੀ ਅਤੇ ਪੰਜਾਬ ਦੇ ਤਾਜਾ ਸਿਆਸੀ ਹਾਲਾਤਾਂ ਤੇ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਹਿਮ ਮੀਟਿੰਗ ਸੱਦੀ ਜਾਵੇਗੀ।
ਜਥੇਦਾਰ ਵਡਾਲਾ ਨੇ ਵਰਕਿੰਗ ਕਮੇਟੀ ਨੂੰ ਅਪੀਲ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਸਵੀਕਾਰ ਕੀਤਾ ਜਾਵੇ। ਅਸਤੀਫੇ ਉੱਪਰ ਜੇਕਰ ਕੋਈ ਹੋਰ ਸਿਆਸੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਦੇ ਵਰਕਰ ਪ੍ਰਵਾਨ ਨਹੀਂ ਕਰਨਗੇ।

Leave a Reply

Your email address will not be published. Required fields are marked *