ਮੁੱਖ ਮੰਤਰੀ ਭਗਵੰਤ ਮਾਨ ਵਲੋ ਹਰਿਆਣਾ ਦੇ ਇਵਜ ਤਹਿਤ ਪੰਜਾਬ ਵਿਧਾਨ ਸਭਾ ਲਈ ਜਗ੍ਹਾ ਦੀ ਮੰਗ ਨੇ ਰਾਜਧਾਨੀ ਤੇ ਕਲੇਮ ਕਮਜੋਰ ਕੀਤਾ
ਪਾਣੀਆਂ ਦਾ ਸੰਕਟ ਆਉਣ ਵਾਲੇ ਸਮੇਂ ਵਿੱਚ ਹੋਰ ਚਿੰਤਾ ਜਨਕ ਹੋਵੇਗਾ, ਲੜਾਈ ਲਈ ਹਰ ਪੰਜਾਬੀ ਨੂੰ ਤਿਆਰ ਰਹਿਣ ਦਾ ਸੱਦਾ
ਚੰਡੀਗੜ 14 ਨਵੰਬਰ (ਖ਼ਬਰ ਖਾਸ ਬਿਊਰੋ)
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਪੰਜਾਬ ਦੀ ਰਾਜਧਾਨੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ, ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦੇਣ ਦੀ ਤਿਆਰੀ ਇਸ ਗੱਲ ਤੇ ਮੋਹਰ ਲਗਾਉਂਦੀ ਹੈ ਕਿ, ਪੰਜਾਬ ਦੇ ਪਿੰਡ ਉਝਾੜ ਕੇ ਬਣਾਈ ਗਈ ਰਾਜਧਾਨੀ ਪੰਜਾਬ ਦੇ ਹੱਥੋਂ ਖੋਹਣ ਦੀ ਸਾਜਿਸ਼ ਆਖਰੀ ਪੜਾਅ ਵਿੱਚ ਹੈ। ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੇ ਜਾਣ ਦੀ ਤਿਆਰੀ ਤੇ ਸਰਦਾਰ ਰਾਜੇਵਾਲ ਨੇ ਕਿਹਾ ਕਿ, ਇਹ ਮਨਸੂਬੇ ਤਾਂ ਕਾਮਯਾਬ ਹੋਏ ਕਿਉ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ ਤੋਂ ਪੰਜਾਬ ਦਾ ਕਲੇਮ ਘੱਟ ਕਰਨ ਲਈ ਹਰਿਆਣਾ ਦੀ ਤਰਜ਼ ਤੇ ਪੰਜਾਬ ਲਈ ਵੀ ਵੱਖਰੀ ਵਿਧਾਨ ਸਭਾ ਉਸਾਰਨ ਲਈ ਜ਼ਮੀਨ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਦੀ ਨਾਲਾਇਕੀ ਭਰੇ ਵਤੀਰੇ ਕਾਰਨ ਅੱਜ ਪੰਜਾਬ ਦੀ ਰਾਜਧਾਨੀ ਖੁੱਸਣ ਦਾ ਵੱਡਾ ਕਾਰਨ ਬਣ ਚੁੱਕਾ ਹੈ। ਇਸ ਦੇ ਨਾਲ ਹੀ ਓਹਨਾ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿੰਮੇਵਾਰ ਦੱਸਦੇ ਕਿਹਾ, ਕਿ ਇਹ ਸਾਡੀ ਬਦਕਿਸਮਤੀ ਹੈ ਸਿਆਸੀ ਲੋਕਾਂ ਦੇ ਸੌੜੇ ਸਿਆਸੀ ਸਵਾਰਥਾਂ ਕਰਕੇ ਅੱਜ ਸਾਡੇ ਕੋਲੋ ਸਾਡੀ ਰਾਜਧਾਨੀ ਖੁੱਸ ਰਹੀ ਹੈ। ਕਿਸੇ ਵੀ ਸਿਆਸੀ ਪਾਰਟੀ ਨੇ ਰਾਜਧਾਨੀ ਤੇ ਆਪਣਾ ਹੱਕ ਜਤਾਉਣ ਲਈ ਕਦੇ ਉਦਮ ਨਹੀਂ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਬਹੁਤੇ ਮੰਤਰੀ ਮੁੱਖ ਮੰਤਰੀ ਦੀ ਤਰਾਂ ਅਨਾੜੀ ਹਨ, ਜਿਹੜੇ ਸਮੇਂ ਸਮੇਂ ਤੇ ਪੰਜਾਬ ਦੇ ਮੁੱਦੇ ਕੇਂਦਰ ਕੋਲ ਨਹੀਂ ਉਠਾ ਸਕੇ ਅਤੇ ਪੰਜਾਬ ਦਾ ਕਲੇਮ ਨਹੀਂ ਸਾਬਿਤ ਕਰ ਸਕੇ, ਇਸ ਕਰਕੇ ਇਹਨਾਂ ਦੇ ਅਨਾੜੀਪੁਣੇ ਕਾਰਨ ਪੰਜਾਬ ਨੂੰ ਆਪਣੇ ਹਿੱਸੇ ਆਏ ਚੰਡੀਗੜ ਨੂੰ ਖੋਹੇ ਜਾਣ ਦਾ ਸੰਤਾਪ ਹੰਢਾਣ ਲਈ ਮਜਬੂਰ ਹੋਣਾ ਪਵੇਗਾ।
ਪਾਣੀਆਂ ਦੇ ਮੁੱਦੇ ਦੇ ਗੱਲ ਕਰਦਿਆਂ ਸਰਦਾਰ ਰਾਜੇਵਾਲ ਨੇ ਕਿਹਾ ਕਿ, ਤਾਜਾ ਰਿਪੋਰਟ ਅਨੁਸਾਰ 2028 ਤੱਕ ਪੰਜਾਬ ਦੇ ਹਰ ਘਰ ਤੱਕ ਕੈਂਸਰ ਦਸਤਕ ਦੇ ਦੇਵੇਗਾ ਜਿਸ ਦਾ ਕਾਰਨ ਪ੍ਰਮੁੱਖ ਰੂਪ ਵਿਚ ਦੂਸ਼ਿਤ ਹੋ ਚੁੱਕਾ ਪਾਣੀ ਹੈ।
ਅਗਲੇ ਛੇ ਸਾਲਾਂ ਤੱਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਬਚੇਗਾ ਜਿਸ ਲਈ ਸਾਨੂੰ ਗੰਭੀਰ ਹੋਣਾ ਪਵੇਗਾ, ਪਾਣੀ ਸਾਡੀ ਹੋਂਦ ਦਾ ਸਵਾਲ ਹੈ। ਇਸ ਲਈ ਹਰ ਪੰਜਾਬੀ ਨੂੰ ਪਾਣੀਆਂ ਦੀ ਲੜਾਈ ਲਈ ਤਿਆਰ ਰਹਿਣਾ ਹੋਵੇਗਾ । ਇਸ ਦੇ ਨਾਲ ਹੀ ਓਹਨਾ ਨੇ ਕਿਹਾ ਕਿ ਅੱਜ ਲੋੜ ਹੈ ਹਰ ਘਰ ਤਕ ਪੀਣ ਯੋਗ ਪਾਣੀ ਸੀ ਸਪਲਾਈ ਯਕੀਨਣ ਮਿਲੇ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚੇ।
ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਠਾਉਂਦਿਆਂ ਓਹਨਾ ਕਿਹਾ ਕਿ, ਅੱਜ ਸੈਨੇਟ ਨੂੰ ਖਤਮ ਕਰਕੇ ਸਿੱਖਿਆ ਦੇ ਵੱਡੇ ਅਦਾਰੇ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੀ ਆਮਦ ਮੌਕੇ ਸੈਨੇਟ ਦੀ ਬਹਾਲੀ ਅਤੇ ਚੋਣ ਕਰਵਾਉਣ ਲਈ ਲੜਾਈ ਲੜ ਰਹੇ ਵਿਦਿਆਰਥੀਆਂ ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਓਹਨਾ ਜਿੱਥੇ ਨਿਖੇਦੀ ਕੀਤੀ ਉਥੇ ਦੀ ਇਸ ਲੜਾਈ ਲਈ ਹਰ ਮਦਦ ਦਾ ਭਰੋਸਾ ਵੀ ਜਿਤਾਇਆ।
ਇਸ ਦੇ ਨਾਲ ਸਰਦਾਰ ਰਾਜੇਵਾਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸਾਨ ਨੂੰ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਨਵੰਬਰ ਮਹੀਨੇ ਤੱਕ ਦੀ ਉਡੀਕ ਕਰਨੀ ਪਈ, ਹਾਲੇ ਵੀ ਮੰਡੀਆਂ ਵਿੱਚ ਝੋਨੇ ਦਾ ਅੱਗੇ ਅੰਬਾਰ ਅਨਾੜੀ ਸਰਕਾਰ ਦੀ ਗਵਾਈ ਭਰਦੇ ਹਨ।