ਚੰਡੀਗੜ੍ਹ, 23 ਅਪ੍ਰੈਲ ( ਖਾਸ ਖ਼ਬਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਚੋਣ ਸੰਭਾਵਨਾਵਾਂ ਬਾਰੇ ਕੀਤੇ ਗਏ ਦਾਅਵਿਆਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।
ਵੜਿੰਗ ਨੇ ‘ਆਪ’ ਅਤੇ ਮੁੱਖ ਮੰਤਰੀ ਮਾਨ ਨੂੰ ਸੁਚੇਤ ਕਰਦਿਆਂ ਕਿਹਾ, ‘ਆਪ’ ਦੇ ਵੱਲੋਂ 13 ਸੀਟਾਂ ਜਿੱਤਣ ਦਾਅਵਿਆਂ ਦੀ ਫੂਕ ਨਿਕਲੇਗੀ, ਜਿਸਤੋਂ ਬਾਅਦ ‘ਆਪ’ ਨੇਤਾ ਜਨਤਾ ਦਾ ਸਾਹਮਣਾ ਵੀ ਨਹੀਂ ਕਰ ਸਕਣਗੇ। ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ‘ਚ ਅਸਫ਼ਲ ਰਹੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, “ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ ’13-0’ ਬਿਆਨਬਾਜ਼ੀ, ਜੋ ਕਿ ਭਾਜਪਾ ਦੀਆਂ ‘400 ਪਾਰ’ ਭਵਿੱਖਬਾਣੀਆਂ ਦੇ ਵਰਗੀ ਹੈ, ਜਿਸਦੀ ਪੂਰੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ‘ਆਪ’ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਵਿੱਚ ਢੁੱਕਵੀਂ ਤਰੱਕੀ ਦੀ ਘਾਟ ਰਹੀ ਹੈ, ਤੇ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਅੱਗੇ ਦਰਪੇਸ਼ ਚੁਣੌਤੀਆਂ ‘ਤੇ ਮੁਸ਼ਕਿਲਾਂ ਦਾ ਭੰਡਾਰ ਰੱਖਿਆ ਹੈ। ਬਦਲਾਅ ਦੇ ਫੋਕੇ ਦਾਅਵੇ ਨੂੰ ਪੰਜਾਬ ਦੇ ਲੋਕਾਂ ਨੇ ਪਛਾਣ ਲਿਆ ਹੈ।
ਅਧੂਰੇ ਵਾਅਦਿਆਂ ਅਤੇ ਪ੍ਰਸ਼ਾਸਨ ਦੀਆਂ ਕਮੀਆਂ ਨੂੰ ਉਜਾਗਰ ਕਰਦੇ ਹੋਏ, ਵੜਿੰਗ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ। ਪੰਜਾਬ ਦਾ ਕਿਸਾਨ ਭਾਈਚਾਰਾ, ਸਾਡੇ ਸਮਾਜ ਦੀ ਨੀਂਹ ਹੈ ਜੋ ਕਿ ਬੇਅਸਰ ਪ੍ਰਸ਼ਾਸਨ ਦੀਆਂ ਮਾੜੀਆਂ ਨੀਤੀਆਂ ਦੇ ਨਤੀਜੇ ਭੁਗਤ ਰਿਹਾ ਹੈ। ‘ਮੁਰਗੀ ਅਤੇ ਬਕਰੀ’ ਦੇ ਮੁਆਵਜ਼ੇ ਦੇ ਵਾਅਦੇ, ਘੱਟੋ-ਘੱਟ ਸਮਰਥਨ ਮੁੱਲ ਦੀਆਂ ਗੱਲ੍ਹਾਂ ਸਭ ਅਧੂਰੀਆਂ ਰਹੀਆਂ ਹਨ, ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਹੋਏ।”
‘ਆਪ’ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ, ‘ਆਪ’ ਸਰਕਾਰ ਦਿੱਲੀ ਵਾਲੇ ਸਿੱਖਿਆ ਅਤੇ ਸਿਹਤ ਸੰਭਾਲ ਮਾਡਲਾਂ ਨੂੰ ਪੰਜਾਬ ਵਿਚ ਲਾਗੂ ਕਰਨ ਵਿਚ ਅਸਫਲ ਰਿਹਾ, ਜਿਸ ਨਾਲ ਸਥਾਪਿਤ ਪ੍ਰਣਾਲੀਆਂ ਦਾ ਖਾਤਮਾ ਹੋ ਗਿਆ। ਸਿਵਲ ਹਸਪਤਾਲਾਂ ਦੇ ਸਟਾਫ ਦੀ ਕੀਮਤ ‘ਤੇ ‘ਆਮ ਆਦਮੀ ਕਲੀਨਿਕਾਂ’ ਦੀ ਸਥਾਪਨਾ ਕੀਤੀ ਗਈ ਜਿਸ ਨਾਲ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਕਮਜ਼ੋਰ ਕੀਤਾ ਗਿਆ , ਖਾਸ ਤੌਰ ‘ਤੇ 2021-22 ਦੀ ਕਾਰਗੁਜ਼ਾਰੀ ਗਰੇਡਿੰਗ ਸੂਚਕਾਂਕ ਰਿਪੋਰਟ ਵਿੱਚ, ਪੰਜਾਬ ਦੀ ਵਿਦਿਅਕ ਸਥਿਤੀ ‘ਆਪ’ ਦੇ ਸੱਤਾ ਸੰਭਾਲਣ ਤੋਂ ਬਾਅਦ, ਇਸਦੇ ਪਹਿਲਾਂ ਤੋਂ ਮੌਜੂਦ ਪ੍ਰਦਰਸ਼ਨ ਦੇ ਬਿਲਕੁਲ ਉਲਟ ਹੈ।”
ਲੋਕਾਂ ਦੀ ਸਮਝਦਾਰੀ ਅਤੇ ਝੂਠੇ ਪ੍ਰਚਾਰ ਦੀ ਗੱਲ੍ਹ ਕਰਦਿਆਂ ਵੜਿੰਗ ਨੇ ਕਿਹਾ, “ਆਪ ਦੇ ਝੂਠੇ ਪ੍ਰਚਾਰ ਦੇ ਯਤਨਾਂ ਨੇ ਜ਼ਮੀਨੀ ਪੱਧਰ ‘ਤੇ ਸੱਚੀ ਤਰੱਕੀ ਨੂੰ ਗ੍ਰਹਿਣ ਲਗਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਖੋਖਲੀ ਬਿਆਨਬਾਜ਼ੀ ਅਤੇ ਅਧੂਰੇ ਯਤਨਾਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਹੈ। ਆਉਣ ਵਾਲਾ ਚੋਣ ਫ਼ੈਸਲਾ ਨਿਰਸੰਦੇਹ ਲੋਕਾਂ ਦੀ ਭਰਮਾਰ ਨੂੰ ਦਰਸਾਏਗਾ। ”
ਅੰਤ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਮੈਦਾਨ ਵਿੱਚ ਕਾਂਗਰਸ ਦੀ ਪ੍ਰਮੁੱਖਤਾ ਦੀ ਪੁਸ਼ਟੀ ਕਰਦੇ ਹੋਏ ਐਲਾਨ ਕੀਤਾ, “ਕਾਂਗਰਸ ਪੰਜਾਬ ਵਿੱਚ ਸਭ ਤੋਂ ਮੋਹਰੀ ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਤਿਆਰ ਹੈ। ਪਿਛਲੇ ਦੋ ਸਾਲਾਂ ਤੋਂ ਸਾਡੀਆਂ ਅਣਥੱਕ ਕੋਸ਼ਿਸ਼ਾਂ ਚੁਣਾਵੀ ਸਫ਼ਲਤਾ ਦੇ ਰੂਪ ਵਿੱਚ ਸਾਹਮਣੇ ਆਉਣਗੀਆਂ। ਚਾਹੇ ਗੱਲ ਕੇਂਦਰ ਪੱਧਰ ਦੀ ਹੋਵੇ ਚਾਹੇ ਸੂਬਾ ਪੱਧਰ ਦੀ ਪੰਜਾਬ ਕਾਂਗਰਸ ਲੋਕਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਲਈ ਹਮੇਸ਼ਾ ਖੜ੍ਹੀ ਹੈ। ਅਸੀਂ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਲੋਕ ਮਾਰੂ ਨੀਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਵਚਨਬੱਧ ਹਾਂ।