ਕੁਰਾਲੀ, 11 ਨਵੰਬਰ (ਖ਼ਬਰ ਖਾਸ ਬਿਊਰੋ)
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਯਾਦ ਤੇ ਇਨਸਾਫ਼ ਲਈ ਟੌਲ ਪਲਾਜ਼ਾ ਬੜੌਦੀ ’ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਿਸ਼ਨ ਮੈਂਬਰਾਂ ਵੱਲੋਂ ਬੜੌਦੀ ਟੌਲ ’ਤੇ ਮੋਮਬੱਤੀਆਂ ਬਾਲ ਕੇ ਕਤਲੇਆਮ ’ਚ ਸ਼ਹੀਦ ਹੋਏ ਸਮੂਹ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਦੌਰਾਨ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਮਾਵੀ, ਰਾਮ ਸਿੰਘ ਅਭੀਪੁਰ, ਰਵਿੰਦਰ ਸਿੰਘ ਹੁਸ਼ਿਆਰਪੁਰ ਤੇ ਸੋਹਣ ਸਿੰਘ ਸੰਗਤਪੁਰਾ ਤੇ ਬਹਾਦਰ ਸਿੰਘ ਮੁੰਧੋਂ ਨੇ ਕਿਹਾ ਕਿ ਨਵੰਬਰ ’84 ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖ ਬੀਬੀਆਂ ਦੀ ਬੇਪੱਤੀ ਕੀਤੀ ਗਈ। ਛੋਟੇ-ਛੋਟੇ ਬੱਚਿਆਂ ਨੂੰ ਵੀ ਕੋਹ ਕੋਹ ਕੇ ਸ਼ਹੀਦ ਕੀਤਾ ਅਤੇ ਸਿੱਖਾਂ ਦੇ ਘਰ ਅਤੇ ਕਾਰੋਬਾਰ ਸਾੜ ਦਿੱਤੇ ਗਏ। ਆਗੂਆਂ ਨੇ ਕਿਹਾ ਕਿ ਸਿੱਖਾਂ ਲਈ ਇਸ ਦੀ ਵੱਡੀ ਗ਼ੁਲਾਮੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਚਾਲੀ ਸਾਲ ਦੇ ਸਮੇਂ ਬਾਅਦ ਵੀ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਹਾਲੇ ਤੱਕ ਵੀ ਸਜ਼ਾ ਨਹੀਂ ਦਿੱਤੀ ਗਈ। ਇਸ ਦੌਰਾਨ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਿੱਖਾਂ ਦੇ ਇਨਸਾਫ਼ ਲਈ ਨਾਅਰੇ ਲਗਾਏ ਗਏ ਅਤੇ ਸ਼ਹੀਦਾਂ ਦੀ ਯਾਦ ’ਚ ਸਿਮਰਨ ਕੀਤਾ ਗਿਆ।
ਇਸ ਮੌਕੇ ਬਲਵਿੰਦਰ ਸਿੰਘ ਰੰਗੂਆਣਾ, ਗੁਰਮੀਤ ਸਿੰਘ ਮੀਆਂਪੁਰ, ਜਸਵੀਰ ਸਿੰਘ ਲਾਲਾ ਸਲੇਮਪੁਰ, ਬਲਿਹਾਰ ਸਿੰਘ ਮੁੰਧੋਂ, ਮਨਜਿੰਦਰ ਸਿੰਘ ਭੜੌਜੀਆਂ, ਦਾਰਾ ਸਿੰਘ ਮਾਜਰੀ, ਪ੍ਰਸ਼ੋਤਮ ਸਿੰਘ ਚੰਦਪੁਰ, ਸਰਬਜੀਤ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਤੇ ਵਿੱਕੀ ਸਲੇਮਪੁਰ ਆਦਿ ਅਹੁਦੇਦਾਰ ਵੀ ਹਾਜ਼ਰ ਸਨ।