ਸੁਧਾਰ ਲਹਿਰ ਨਾਲ ਸਬੰਧਤ SGPC ਮੈਂਬਰਾਂ ਦੀ ਮੰਗ, ਅੰਤ੍ਰਿੰਗ ਕਮੇਟੀ ਮੈਂਬਰ ਐਸਜੀਪੀਸੀ ਪ੍ਰਧਾਨ ਨੂੰ ਤੁਰੰਤ ਪ੍ਰਭਾਵ ਨਾਲ ਲਾਂਭੇ ਕਰਨ

ਚੰਡੀਗੜ 9 ਨਵੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ, ਮਹਿੰਦਰ ਸਿੰਘ ਹੁਸੈਨਪੁਰ, ਮਾਸਟਰ ਮਿੱਠੂ ਸਿੰਘ ਕਾਹਨੇਕੇ ਅਤੇ ਮਲਕੀਤ ਸਿੰਘ ਚੰਗਾਲ ਨੇ ਅੱਜ ਸਾਂਝੇ ਰੂਪ ਵਿੱਚ ਮੀਡੀਆ ਨੂੰ ਜਾਰੀ ਬਿਆਨ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਤੁਰੰਤ ਪ੍ਰਭਾਵ ਨਾਲ ਲਾਂਭੇ ਕਰਨ ਦੀ ਮੰਗ ਚੁੱਕੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੀਡੀਆ ਨਸ਼ਰ ਹੋਈ ਜਾਣਕਾਰੀ ਮੁਤਾਬਿਕ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੁਰਾਂ ਦੀ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਮੁਲਾਕਾਤ ਹੋਈ ਹੈ, ਇਸ ਮੁਲਾਕਾਤ ਨੂੰ ਕਰਵਾਉਣ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਤੇ ਖ਼ਾਸ ਤੌਰ ਤੇ ਜਥੇਦਾਰ ਸਾਹਿਬ ਨੂੰ ਪਟਿਆਲ਼ਾ ਤੋਂ ਸ੍ਰੀ ਫਤਿਹਗੜ ਸਾਹਿਬ ਗੈਸਟ ਹਾਊਸ ਲਿਆਂਦਾ ਗਏ ਸਨ। ਜਥੇਦਾਰ ਸਾਹਿਬ ਨੂੰ ਇਸ ਤਰਾਂ ਬੁਲਾਉਣ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਦੀ ਤਰਾਂ ਤਲਬ ਕਰਨਾਂ ਹੀ ਕਿਹਾ ਜਾ ਸਕਦਾ ਹੈ।
ਅੱਜ ਫਿਰ ਦੁਬਾਰਾ ਐਸਜੀਪੀਸੀ ਪ੍ਰਧਾਨ ਹਰਿੰਦਰ ਸਿੰਘ ਧਾਮੀ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਲਵਿੰਦਰ ਸਿੰਘ ਭੂੰਦੜ ਦੀ ਮੁਲਾਕਾਤ ਕਰਵਾਈ, ਇਹਨਾਂ ਮੁਲਾਕਾਤਾਂ ਪਿੱਛੇ ਮੁਫ਼ਾਦ ਕੀ ਹਨ, ਇਹ ਸਭ ਨੂੰ ਪਤਾ ਹੈ ਜਿਸ ਕਰਕੇ ਸਿੱਖ ਸੰਗਤ ਵਿੱਚ ਠੀਕ ਉਸੇ ਤਰ੍ਹਾਂ ਦਾ ਰੋਸ ਅਤੇ ਗੁੱਸਾ ਵੱਧ ਰਿਹਾ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫ਼ੀ ਦੇਣ ਦਾ ਦਬਾਅ ਬਣਾਇਆ ਗਿਆ ਸੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਮੈਂਬਰਾਂ ਨੇ ਅੰਤ੍ਰਿੰਗ ਕਮੇਟੀ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਸਿੱਖ ਭਾਵਨਾ ਨਾਲ ਖੇਡਣ ਵਾਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਗਲੇ 72 ਘੰਟੇ ਵਿਚ ਤਤਕਾਲ ਮੀਟਿੰਗ ਬੁਲਾਕੇ ਲਾਂਭੇ ਕੀਤਾ ਜਾਵੇ। ਇਸ ਦੇ ਨਾਲ ਜੀ ਐਸਜੀਪੀਸੀ ਮੈਂਬਰਾਂ ਨੇ ਐਸਜੀਪੀਸੀ ਪ੍ਰਧਾਨ ਦੀ ਭੂਮਿਕਾ ਨੂੰ ਕੌਮ ਅਤੇ ਪੰਥ ਵਿੱਚ ਨਾ ਮੁਆਫੀਯੋਗ ਕਰਾਰ ਦਿੰਦਿਆਂ ਕਿਹਾ ਕਿ, ਧਾਮੀ ਸਾਹਿਬ ਆਪਣੇ ਪ੍ਰਧਾਨ ਬਣਾਉਣ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਾਇਆਧਾਰੀ ਅਹਿਸਾਨ ਦਾ ਮੁੱਲ ਚੁਕਾਅ ਰਹੇ ਹਨ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਬੇਨਤੀ ਕੀਤੀ ਕਿ ਉਹ ਠੀਕ ਉਸੇ ਤਰ੍ਹਾਂ ਦੀ ਭੂਮਿਕਾ ਨਿਭਾਉਣ ਤੋਂ ਗੁਰੇਜ ਕਰਨ ਜਿਹੜੀ ਭੂਮਿਕਾ ਕਿਸੇ ਸਮੇਂ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਉਣ ਵਿੱਚ ਡਾਕਟਰ ਦਲਜੀਤ ਚੀਮਾ ਨੇ ਨਿਭਾਅ ਚੁੱਕੇ ਹਨ।
ਇਸ ਦੇ ਨਾਲ ਹੀ ਐਸਜੀਪੀਸੀ ਮੈਂਬਰਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਕੌਮ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਦੇ ਮਾੜੀ ਅਤੇ ਅਤਿ ਨਿੰਦਣਯੋਗ ਭੂਮਿਕਾ ਖਿਲਾਫ ਇੱਕਠੇ ਹੋਣ ਅਤੇ ਜੇਕਰ ਅੰਤ੍ਰਿੰਗ ਕਮੇਟੀ ਅਗਲੇ 72 ਘੰਟਿਆਂ ਵਿੱਚ ਤਤਕਾਲ ਮੀਟਿੰਗ ਬੁਲਾਕੇ ਐਕਸ਼ਨ ਨਹੀਂ ਲੈਂਦੀ ਤਾਂ ਪੰਜਾਬ ਦੇ ਸਮੁੱਚੇ ਪਿੰਡਾਂ ਤੇ ਸਹਿਰਾਂ ਦੇ ਗੁਰੂ ਘਰਾਂ ਦੇ ਪ੍ਰਧਾਨ ਸਹਿਬਾਨ ਅਤੇ ਮੈਬਰ ਸਹਿਬਾਨ ਰਾਹੀਂ ਨਿੰਦਾ ਪ੍ਰਸਤਾਵ ਪਾਸ ਕਰਦੇ ਹੋਏ ਤਨਖਾਹੀਆ ਪ੍ਰਧਾਨ ਨੂੰ ਬਚਾਉਣ ਵਾਲੇ ਸ਼੍ਰੋਮਣੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੁਰਜੋਰ ਵਿਰੋਧ ਕਰਨ ਅਤੇ ਸਮੂਹ ਅੰਤ੍ਰਿੰਗ ਕਮੇਟੀ ਸਮੇਤ ਉਹਨਾਂ ਨੂੰ ਪੰਥ ਵਿੱਚੋ ਛੇਕਣ ਦੀ ਮੰਗ ਉਠਾਉਣ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *