ਪੰਜਾਬ ਵਿੱਚ 25 ਨਵੰਬਰ ਤੋਂ ਸ਼ੁਰੂ ਹੋਵੇਗੀ ਗੰਨੇ ਦੀ ਪਿੜਾਈ

ਚੰਡੀਗੜ੍ਹ, 6 ਨਵੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨੇ ਦੀ ਪਿੜਾਈ 25 ਨਵੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਅੱਜ ਇਥੇ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਪੰਜਾਬ ਰਾਜ ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ।

ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਪੰਜਾਬ ਵਿੱਚ ਗੰਨੇ ਦੀ ਫ਼ਸਲ ਹੇਠ ਰਕਬੇ ਵਿੱਚ 5 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਦੇ 95,000 ਹੈਕਟੇਅਰ ਦੇ ਮੁਕਾਬਲੇ ਇਸ ਸਾਲ ਇੱਕ ਲੱਖ ਹੈਕਟੇਅਰ ਰਕਬੇ ‘ਤੇ ਗੰਨੇ ਦੀ ਕਾਸ਼ਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ 9 ਸਹਿਕਾਰੀ ਅਤੇ 6 ਨਿੱਜੀ ਖੰਡ ਮਿੱਲਾਂ ਸਮੇਤ ਕੁੱਲ 15 ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚ ਲਗਭਗ 700 ਲੱਖ ਕੁਇੰਟਲ ਗੰਨੇ ਦੀ ਪਿੜਾਈ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਸੀਜ਼ਨ ਵਿੱਚ 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦਾ ਅਨੁਮਾਨ ਹੈ।
ਖੇਤੀਬਾੜੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੜਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਹਨਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਉਨ੍ਹਾਂ ਨੂੰ ਫ਼ਸਲ ਦੀ ਸਮੇਂ ਸਿਰ ਅਦਾਇਗੀ ਵੀ ਯਕੀਨੀ ਬਣਾਈ ਜਾਵੇ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਪੰਜਾਬ ਖੇਤੀਬਾੜੀ ਕਮਿਸ਼ਨਰ ਮਿਸ ਨੀਲਿਮਾ, ਸਕੱਤਰ ਖ਼ਰਚਾ ਸ੍ਰੀ ਵੀ.ਐਨ.ਜ਼ਾਦੇ, ਐਮ.ਡੀ. ਸ਼ੂਗਰਫੈੱਡ ਡਾ. ਸੇਨੂ ਦੁੱਗਲ, ਡਾਇਰੈਕਟਰ ਖੇਤੀਬਾੜੀ ਸ੍ਰੀ ਜਸਵੰਤ ਸਿੰਘ, ਕੇਨ ਕਮਿਸ਼ਨਰ, ਪੰਜਾਬ ਸ੍ਰੀ ਦਿਲਬਾਗ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਸ੍ਰੀ ਗੁਲਜ਼ਾਰ ਸਿੰਘ ਸੰਘੇੜਾ ਅਤੇ ਰਾਜ ਗੰਨਾ ਕੰਟਰੋਲ ਬੋਰਡ ਦੇ ਮੈਂਬਰ ਕਮਲ ਓਸਵਾਲ, ਕੁਨਾਲ ਯਾਦਵ, ਸ਼ੇਰ ਪ੍ਰਤਾਪ ਸਿੰਘ ਚੀਮਾ ਅਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *